ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਅੱਜ ਕਿਹਾ ਕਿ ਉਹ 12 ਮਾਰਚ ਨੂੰ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣਗੇ। ਇਸੇ ਦਿਨ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਹੈ ਤੇ ਪਾਰਟੀ ਵੱਲੋਂ ਮਗਰੋਂ ਗਾਂਧੀਨਗਰ ਦੇ ਅਦਾਲਾਜ ਵਿੱਚ ਰੈਲੀ ਵੀ ਕੀਤੀ ਜਾਵੇਗੀ। ਪਟੇਲ ਲੋਕ ਸਭਾ ਚੋਣ ਲੜਨ ਦਾ ਇੱਛੁਕ ਹੈ ਤੇ ਪਾਟੀਦਾਰ ਆਗੂ ਨੂੰ ਆਪਣੀ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਕਾਨੂੰਨੀ ਅੜਿੱਕਿਆਂ ਨੂੰ ਪਾਰ ਪਾਉਣਾ ਹੋਵੇਗਾ। ਸਾਲ 2015 ਦੇ ਪਾਟੀਦਾਰ ਕੋਟਾ ਸੰਘਰਸ਼ ਦੌਰਾਨ ਇਕ ਕੇਸ ਵਿੱਚ ਪਟੇਲ ਨੂੰ ਦੋ ਸਾਲ ਦੀ ਸਜ਼ਾ ਹੋਈ ਸੀ, ਜੋ ਉਹਦੇ ਰਾਹ ਦਾ ਅੜਿੱਕਾ ਬਣ ਸਕਦੀ ਹੈ। ਅਦਾਲਤ ਨੇ ਹਾਲਾਂਕਿ ਉਹਦੀ ਜੇਲ੍ਹ ਦੀ ਮਿਆਦ ’ਤੇ ਰੋਕ ਲਾ ਦਿੱਤੀ ਸੀ, ਪਰ ਉਸ ਦੀ ਸਜ਼ਾ ਨੂੰ ਮੁਅੱਤਲ ਨਹੀਂ ਕੀਤਾ ਗਿਆ ਸੀ।