ਹਾਂਗਕਾਂਗ ‘ਚ ਲੋਕਤੰਤਰ ਦੀ ਮੰਗ ਹੁਣ ਆਜ਼ਾਦੀ ਦੀ ਮੰਗ ‘ਚ ਤਬਦੀਲ ਹੋਣ ਲੱਗੀ ਹੈ। ਸੋਮਵਾਰ ਨੂੰ ਸੈਕੜੇ ਮੁਜ਼ਾਹਰਾਕਾਰੀਆਂ ਨੇ ਪ੍ਰਮੁੱਖ ਸ਼ਾਪਿੰਗ ਮਾਲ ਦੇ ਬਾਹਰ ਇਕੱਤਰ ਹੋ ਕੇ ਜ਼ੋਰਦਾਰ ਤਰੀਕੇ ਨਾਲ ਚੀਨ ਤੋਂ ਆਜ਼ਾਦੀ ਮੰਗ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ ਪੂਰੀ ਰਾਤ ਰਹਿ ਰਹਿ ਕੇ ਸੜਕਾਂ ‘ਤੇ ਮੁਜ਼ਾਹਰੇ ਹੁੰਦੇ ਰਹੇ ਤੇ ਪੁਲਿਸ ਨਾਲ ਟਕਰਾਅ ਹੁੰਦਾ ਰਿਹਾ। ਸ਼ਨਿਚਰਵਾਰ ਨੂੰ ਮੁਜ਼ਾਹਰੇ ਦੌਰਾਨ ਗਿ੍ਫ਼ਤਾਰ ਦੋ ਮੁਜ਼ਾਹਰਾਕਾਰੀਆਂ ‘ਤੇ ਪੁਲਿਸ ਨੇ ਫੇਸ ਮਾਸਕ ਪਾਉਣ ਦਾ ਮੁਕੱਦਮਾ ਦਾਇਰ ਕੀਤਾ ਹੈ। ਫੇਸ ਮਾਸਕ ‘ਤੇ ਪਾਬੰਦੀ ਲੱਗਣ ਤੋਂ ਬਾਅਦ ਇਹ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦਰਮਿਆਨ ਚੀਨ ਨੇ ਯੂਰਪੀ ਯੂਨੀਅਨ ਤੇ ਫਰਾਂਸ ਦੀ ਹਾਂਗਕਾਂਗ ਦੇ ਅੰਦੋਲਨ ਦੀ ਹਮਾਇਤ ਕਰਨ ਲਈ ਨਿੰਦਾ ਕੀਤੀ ਹੈ।
ਮੁਜ਼ਾਹਰਾਕਾਰੀਆਂ ਨੇ ਬਹੁਮੰਜ਼ਿਲੇ ਮਾਲ ਦੇ ਬਾਹਰ ਘੇਰਾ ਬਣਾ ਕੇ ਮੁਜ਼ਾਹਰਾ ਕੀਤਾ। ਉਹ ਆਜ਼ਾਦੀ ਲਈ ਸੰਘਰਸ਼ ਕਰਨ, ਫੇਸ ਮਾਸਕ ਪਾਉਣ ਤੇ ਹਾਂਗਕਾਂਗ ਪੁਲਿਸ ਦਾ ਬਾਈਕਾਟ ਕਰਨ ਦਾ ਸੱਦਾ ਦੇ ਰਹੇ ਸਨ। ਸਰਕਾਰ ਨੇ ਚਾਰ ਮਹੀਨਿਆਂ ਤੋਂ ਚੱਲ ਰਹੇ ਲੋਕਤੰਤਰ ਦੀ ਮੰਗ ਵਾਲੇ ਅੰਦੋਲਨ ਨੂੰ ਕਾਬੂ ਕਰਨ ਲਈ ਸ਼ਨਿਚਰਵਾਰ ਤੋਂ ਫੇਸ ਮਾਸਕ ਪਾਉਣ ‘ਤੇ ਪਾਬੰਦੀ ਲਾਗੂ ਕੀਤੀ ਸੀ। ਸਰਕਾਰ ਦਾ ਤਰਕ ਹੈ ਕਿ ਫੇਸ ਮਾਸਕ ਪਹਿਨ ਕੇ ਮੁਜ਼ਾਹਰਾਕਾਰੀ ਹਿੰਸਾ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਪਾਉਂਦੀ ਤੇ ਉਨ੍ਹਾਂ ‘ਤੇ ਕਾਰਵਾਈ ਨਹੀਂ ਹੁੰਦੀ। ਪਰ ਸਰਕਾਰ ਦੇ ਫ਼ੈਸਲੇ ਨਾਲ ਅੰਦੋਲਨਕਾਰੀ ਭੜਕ ਉੱਠੇ ਹਨ। ਸ਼ਨਿਚਰਵਾਰ ਨੂੰ ਹਾਂਗਕਾਂਗ ‘ਚ ਭਾਰੀ ਹਿੰਸਾ ਹੋਈ ਤੇ ਇਕ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸ਼ਨਿਚਰਵਾਰ ਨੂੰ 14 ਸਾਲ ਦੇ ਇਕ ਮੁਜ਼ਾਹਰਾਕਾਰੀ ਨੂੰ ਪੁਲਿਸ ਨੇ ਗੋਲ਼ੀ ਮਾਰ ਕੇ ਜ਼ਖ਼ਮੀ ਕੀਤਾ। ਇਸ ਤੋਂ ਪਹਿਲਾਂ 18 ਸਾਲ ਦੇ ਇਕ ਵਿਦਿਆਰਥੀ ਦੀ ਛਾਤੀ ‘ਚ ਪੁਲਿਸ ਅਧਿਕਾਰੀ ਨੇ ਗੋਲ਼ੀ ਮਾਰੀ ਸੀ। ਸ਼ਨਿਚਰਵਾਰ ਨੂੰ 18 ਸਾਲ ਦੇ ਵਿਦਿਆਰਥੀ ਤੇ 38 ਸਾਲ ਦੀ ਮਹਿਲਾ ਮੁਜ਼ਾਹਰਾਕਾਰੀ ‘ਤੇ ਫੇਸ ਮਾਸਕ ਪਾਉਣ ਦੀ ਧਾਰਾ ਲਾਈ ਹੈ।