ਪਠਾਨਕੋਟ (ਸਮਾਜ ਵੀਕਲੀ):ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਾਜਾਇਜ਼ ਖਣਨ ਰੋਕਣ ਲਈ ਪ੍ਰਸ਼ਾਸਨ ਅਤੇ ਪੁਲੀਸ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਉਹ ਇੱਥੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਦਾ ਪਤਾ ਕਰਨ ਲਈ ਸਰਪੰਚਾਂ ਤੇ ਪੰਚਾਂ ਨੂੰ ਮਿਲਣ ਆਏ ਸਨ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਮੁੱਖ ਸਕੱਤਰ ਵੀ ਕੇ ਜੰਜੂਆ, ਡੀਜੀਪੀ ਗੌਰਵ ਯਾਦਵ, ਵਿਧਾਇਕ ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸ੍ਰੀ ਪੁਰੋਹਿਤ ਨੇ ਕਿਹਾ ਕਿ ਸਰਹੱਦੀ ਖੇਤਰ ਵਿਚ ਨਾਜਾਇਜ਼ ਖਣਨ ਰੋਕਣ ਲਈ ਹਰ ਪਿੰਡ ਵਿਚ 11 ਮੈਂਬਰੀ ਸੁਰੱਖਿਆ ਕਮੇਟੀ ਬਣਾਈ ਜਾਵੇ।
ਉਨ੍ਹਾਂ ਨਾਜਾਇਜ਼ ਖਣਨ ਕਰਨ ਵਾਲਿਆਂ ਨੂੰ ਦੇਸ਼ ਦਾ ਗੱਦਾਰ ਐਲਾਨਦਿਆਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਖਣਨ ਐਕਟ ਤੋਂ ਇਲਾਵਾ ਦੇਸ਼ ਧਰੋਹ ਦਾ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਹੋਣ ਨਾਲ ਸਰਹੱਦੀ ਖੇਤਰ ਅੰਦਰ ਪੁਲਾਂ ਨੂੰ ਖਤਰਾ ਪੈਦਾ ਹੋ ਗਿਆ ਹੈ ਤੇ ਉਥੇ ਬਣੇ ਹੋਏ ਬੀਐੱਸਐੱਫ ਤੇ ਫੌਜ ਦੇ ਬੰਕਰ ਟੁੱਟ ਰਹੇ ਹਨ। ਇਸ ਦੇ ਨਾਲ ਸਰਹੱਦੀ ਖੇਤਰ ਵਿੱਚ ਡਰੋਨਾਂ ਦੀਆਂ ਗਤੀਵਿਧੀਆਂ ਕਾਫੀ ਵੱਧ ਗਈਆਂ ਹਨ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਹਰ ਪਿੰਡ ਵਿੱਚ 11 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਬਣਾਈ ਜਾਵੇ। ਇਹ ਕਮੇਟੀ ਚੌਕਸ ਰਹੇ ਅਤੇ ਜਦ ਵੀ ਕਿਸੇ ਪਿੰਡ ਵਿੱਚ ਕੋਈ ਮਸ਼ਕੂਕ ਨਜ਼ਰ ਆਵੇ ਤਾਂ ਉਸ ਬਾਰੇ ਉਥੋਂ ਦੇ ਸਰਪੰਚ ਰਾਹੀਂ ਪੁਲੀਸ ਤੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਕਹੇ ਜਾ ਸਕਦੇ ਕਿਉਂਕਿ ਨਾਜਾਇਜ਼ ਖਣਨ ਸ਼ਰ੍ਹੇਆਮ ਹੋ ਰਹੀ ਹੈ। ਇਸ ਦੀ ਕਿਵੇਂ ਇਜਾਜ਼ਤ ਦਿੱਤੀ ਜਾ ਰਹੀ ਹੈ।