ਚੰਡੀਗੜ੍ਹ (ਸਮਾਜ ਵੀਕਲੀ): ਚੰਡੀਗੜ੍ਹ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅਤੇ ਸੰਜੇ ਚੌਧਰੀ ਨੇ ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨਾਲ ਵਰਚੁੁਅਲ ਮੀਟਿੰਗ ਕੀਤੀ। ਸ੍ਰੀ ਰਾਵਤ ਨੇ ਸਾਰੇ ਕਾਂਗਰਸੀ ਆਗੂਆਂ ਤੋਂ ਉਨ੍ਹਾਂ ਵੱਲੋਂ ਪਾਰਟੀ ਸਬੰਧੀ ਕੀਤੇ ਕੰਮਾਂ ਦੀ ਸੂਚੀ ਮੰਗੀ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਅਹੁਦੇਦਾਰਾਂ, ਵੱਖ-ਵੱਖ ਸੈੱਲਾਂ ਦੇ ਇੰਚਾਰਜ ਨੂੰ ਪਾਰਟੀ ਦੇ ਪ੍ਰਚਾਰ ਲਈ ਕੰਮ ਦਿੱਤੇ ਗਏ ਹਨ ਅਤੇ ਇਨ੍ਹਾਂ ਕੰਮਾਂ ਨੂੰ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਰਾਵਤ ਨੇ ਸਾਰੇ ਕਾਂਗਰਸੀ ਆਗੂਆਂ ਨੂੰ ਨਗਰ ਨਿਗਮ ਚੋਣਾਂ ਵਿੱਚ ਇਕੱਠੇ ਹੋਣ ਲਈ ਪ੍ਰੇਰਿਆ ਹੈ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਹਰੀਸ਼ ਰਾਵਤ ਅਤੇ ਸੰਜੇ ਚੌਧਰੀ ਨੇ ਮੀਟਿੰਗ ਵਿੱਚ ਸਾਰਿਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇਕੱਠੇ ਹੋਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਰਾਵਤ ਵੱਲੋਂ ਮਹੀਨੇ ਦੇ ਅੰਤ ਵਿੱਚ ਸਾਰੇ ਕਾਂਗਰਸੀ ਆਗੂਆਂ ਵੱਲੋਂ ਕੀਤੇ ਕੰਮਾਂ ਦੀ ਰਿਪੋਰਟ ਲਈ ਜਾਵੇਗੀ। ਇਸ ਮੌਕੇ ਅਜੈ ਜੋਸ਼ੀ, ਗੁਰਪ੍ਰੀਤ ਗਾਬੀ, ਦੀਪਾ ਦੂਬੇ, ਯਾਦਵਿੰਦਰ ਮਹਿਤਾ, ਲਵ ਕੁਮਾਰ, ਵਰਿੰਦਰ ਰਾਵਤ, ਰਾਕੇਸ਼ ਗਰਗ, ਓਮ ਪ੍ਰਕਾਸ਼ ਸੈਣੀ ਆਦਿ ਹਾਜ਼ਰ ਸਨ।