ਫੇਸਬੁੱਕ ਤੇ ਹੋਈ ਸੀ ਦੋਸਤੀ ਤੋ ਬਾਅਦ ਹੋਇਆ ਸੀ ਵਿਆਹ
ਕਪੂਰਥਲਾ , 11 ਅਗਸਤ (ਕੌੜਾ) (ਸਮਾਜ ਵੀਕਲੀ)-ਥਾਣਾ ਬੇਗੋਵਾਲ ਅਧੀਨ ਪਿੰਡ ਹਬੀਬਵਾਲ ,ਚ ਇਕ ਨਵ ਵਿਆਹੁਤਾ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਬੇਗੋਵਾਲ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਦਫਾ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਇਸ ਸਬੰਧੀ ਮਿਰਤਕ ਲੜਕੀ ਦੀਪ ਮਾਲਾ ਦੇ ਭਰਾ ਸੰਤੋਸ਼ ਹਰੀਜਨ ਪੁੱਤਰ ਸਦਾਨੰਦ ਹਰੀਜਨ ਵਾਸੀ ਰੂਮ 2 ਨੇੜੇ ਲਕਸ਼ਮੀ ਨਗਰ ਈਸਟ ਮੁੰਬਈ ਮਹਾਰਾਸ਼ਟਰ ਨੇ ਪੁਲਸ ਨੂੰ ਲਿਖਾਏ ਬਿਆਨਾਂ ,ਚ ਦੱਸਿਆ ਕਿ ਉਸ ਦੀ ਭੈਣ ਦੀਪ ਮਾਲਾ ਨੇ ਕਰੀਬ 7_8 ਮਹੀਨੇ ਪਹਿਲਾਂ ਬਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਹਬੀਬਵਾਲ ਨਾਲ ਮਾਨਯੋਗ ਹਾਈਕੋਰਟ ,ਚ ਪਰੇਮ ਵਿਆਹ ਕਰਵਾਇਆ ਸੀ।
ਅਤੇ ਇਸ ਵੇਲੇ ਆਪਣੇ ਸੁਹਰੇ ਪਿੰਡ ਹਬੀਬਵਾਲ ਵਿਖੇ ਰਹਿ ਰਹੀ ਸੀ। ਬੀਤੀ 7 ਅਗਸਤ ਨੂੰ ਵਕਤ ਕਰੀਬ 7/8 ਵਜੇ ਫੋਨ ਆਇਆ ਕਿ ਮੇਰੀ ਭੈਣ ਦੀਪ ਮਾਲਾ ਦੀ ਮੌਤ ਹੋ ਗਈ ਹੈ। ਜਿਸ ਤੇ ਉਹ ਆਪਣੀ ਮਾਂ ਤੇ ਭਰਾ ਸਮੇਤਪਿੰਡ ਹਬੀਬਵਾਲ ਪੁੱਜ ਗਏ। ਤੇ ਆਪਣੀ ਭੈਣ ਦੀ ਲਾਸ਼ ਨੂੰ ਮੋਰਚਰੀ ,ਚ ਦੇਖਿਆ।
ਉਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਚਲਿਆ। ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਮੌਤ ਦੇ ਪ੍ਰਤੱਖ ਕਾਰਨਾਂ ਦਾ ਪਤਾ ਲੱਗੇਗਾ। ਤੇ ਫਿਰ ਬਣਦੀ ਕਨੂੰਨੀ ਕਾਰਵਾਈ ਕਰਵਾਈ ਜਾਵੇਗੀ। ਜਿਕਰਯੋਗ ਹੈ ਕਿ ਮ੍ਰਿਤਕਾ ਇੱਕ ਸੁਸਾਈਡ ਨੋਟ ਵੀ ਛੱਡ ਕੇ ਗਈ ਜਿਸ ਲਿਖਿਆ ਕਿ ਉਹ ਆਪਣੀ ਮਰਜੀ ਨਾਲ ਖੁਦਕੁਸ਼ੀ ਕਰ ਰਹੀ ਹੈ। ਦੂਜੇ ਪਾਸੇ ਲੜਕੀ ਦੇ ਮਾਪੇ ਇਸ ਨੂੰ ਗਲਤ ਕਰਾਰ ਦੇ ਰਹੇ ਹਨ।
ਇਹ ਵੀ ਪਤਾ ਲੱਗਾ ਕਿ ਲੜਕੇ ਲੜਕੀ ਦੀ ਦੋਸਤੀ ਫੇਸ ਬੁੱਕ ਤੇ ਹੋਈ ਸੀ, ਜਿਸ ਉਪਰੰਤ ਇਹਨਾਂ ਨੇ ਹਾਈ ਕੋਰਟ ਚ ਲਵ ਮੈਰਿਜ ਕਰਵਾਈ ਸੀ। ਇਸ ਸਬੰਧੀ ਬੇਗੋਵਾਲ ਥਾਣਾ ਮੁਖੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ, ਦੂਸਰਾ ਜੋ ਖੁਦਕੁਸ਼ੀ ਨੋਟ ਮਿਲਿਆ ਉਸ ਬਾਰੇ ਹੈਡ ਰਾਈਟਿੰਗ ਮਾਹਿਰ ਕੋਲੋਂ ਚੈਕ ਕਰਵਾਇਆ ਜਾਵੇਗਾ।