ਸੱਭਿਅਕ ਗਾਇਕੀ ਦਾ ਥੰਮ -ਉਸਤਾਦ ਬਾਈ ਭੋਲਾ ਯਮਲਾ

(ਸਮਾਜ ਵੀਕਲੀ)

ਸੰਗੀਤ ਵਿਸ਼ੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਕੇ ਲਗਪਗ 30 ਸਾਲਾਂ ਦੀ ਸਖ਼ਤ ਮਿਹਨਤ ਕਰਕੇ ਖੁਦ ਸੰਗੀਤ ਦੇ ਹਰ ਵੰਨਗੀ ਤੇ ਗਹਿਰੀ ਪਕੜ ਰੱਖਣ ਵਾਲੇ ਅਤੇ ਹਜ਼ਾਰਾਂ ਸੰਗੀਤ ਦੇ ਵਿਦਿਆਰਥੀਆਂ ਨੂੰ ਸੰਗੀਤ ਸਿੱਖਿਆ ਦੇ ਕੇ ਰੁਜਗਾਰ ਦੇਣ ਵਾਲੇ ਸੰਗੀਤ ਤੇ ਸੱਭਿਆਚਾਰ ਦੀ ਤੁਰਦੀ ਫਿਰਦੀ ਯੂਨੀਵਰਸਿਟੀ ਦਾ ਨਾਮ ਹੈ – ਉਸਤਾਦ ਬਾਈ ਭੋਲਾ ਯਮਲਾ

ਬਾਈ ਭੋਲਾ ਯਮਲਾ ਨੇ ਅਜੋਕੀ ਲੱਚਰਤਾ, ਹਥਿਆਰਾਂ ਤੇ ਨਸ਼ੇ ਨੂੰ ਉਤਸਾਹਿਤ ਕਰਨ ਵਾਲੀ ਗਾਇਕੀ ਦੀ ਭਿਆਨਕ ਹਨੇਰੀ ਵਿੱਚ ਵੀ ਅਪਣੀ ਸਾਫ ਸੁਥਰੀ ਗਾਇਕੀ ਤੇ ਪ੍ਰਵਾਰਿਕ ਗਾਇਕੀ ਦਾ ਦੀਵਾ ਬਾਲ ਕੇ ਰੱਖਿਆ ਹੋਇਆ ਹੋਇਆ ਹੈ,ਸਾਰਥਕ ਤੇ ਪ੍ਰਵਾਰਿਕ ਗਾਇਕੀ ਦਾ ਜਦੋ ਵੀ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪ ਮੁਹਾਰੇ ਹੀ ਬਾਈ ਭੋਲਾ ਯਮਲਾ ਦਾ ਨਾਮ ਦਿਲ ਦਿਮਾਗ ਵਿਚ ਉੱਭਰ ਆਉਂਦਾ ਹੈ l
ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਆਪਣਾ ਆਦਰਸ਼ ਤੇ ਪ੍ਰੇਰਨਾ ਮੰਨਣ ਵਾਲੇ ਬਾਈ ਭੋਲਾ ਯਮਲਾ ਨੇ ਉਸਤਾਦ ਯਮਲਾ ਜੱਟ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਕਦੇ ਵੀ ਵਪਾਰਿਕ ਪੱਖ ਨੂੰ ਮੁਖ ਨਹੀਂ ਰੱਖਿਆ ਸਗੋਂ ਪ੍ਰਵਾਰਿਕ ਤੇ ਸਮਾਜ ਸੁਧਾਰਕ ਗੀਤ ਗਾ ਕੇ ਸਮਾਜ ਨੂੰ ਵੱਡਮੁੱਲੀ ਦੇਣ ਦਿਤੀ ਹੈ l

ਉਸਦੇ ਗੀਤ “ਤੂੰਬੀ ਵਰਸਿਸ ਰਫਲਾਂ” ਨੇ ਲੱਚਰ ਤੇ ਹਥਿਆਰਾਂ ਵਾਲੇ ਗੀਤ ਗਾਉਣ ਵਾਲੇ ਅਜੋਕੇ ਗਾਇਕਾਂ ਨੂੰ ਚੰਗੇ ਗੀਤ ਗਾਉਣ ਦੀ ਵੱਖਰੀ ਸੇਧ ਦਿੱਤੀ ਹੈ, ਜਿਸ ਗੀਤ ਸਦਕਾ ਬਾਈ ਭੋਲਾ ਯਮਲਾ ਦਾ ਨਾਮ ਦੁਨੀਆਂ ਭਰ ਪ੍ਰਸਿੱਧ ਹੋਇਆ ਤੇ ਉਸ ਸਮੇ ਦੀ ਪੰਜਾਬ ਸਰਕਾਰ ਨੇ ਸੱਭਿਆਚਾਰਕ ਕਮਿਸ਼ਨ ਬਣਾਇਆ ਤੇ ਟੀ.ਵੀ. ਚੈਨਲਾਂ ਨੇ ਲੱਚਰ ਤੇ ਅਸ਼ਲੀਲ ਗੀਤਾਂ ਨੂੰ ਪ੍ਰਸਾਰਿਤ ਨਾ ਕਰਨ ਦਾ ਐਲਾਨ ਵੀਂ ਕੀਤਾ ਸੀ, ਬਾਈ ਭੋਲੇ ਯਮਲਾ ਦਾ ਗਾਇਆ ਗੀਤ ‘ਮਾਪੇ ” ਅਜੋਕੀ ਨੌਜਵਾਨ ਪੀੜੀ ਨੂੰ ਮਾਂ ਬਾਪ ਤੇ ਗੁਰੂਆਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ, ਇਸ ਤੋਂ ਇਲਾਵਾ ਉਘੇ ਗੀਤਕਾਰ ਕੁਲਦੀਪ ਬਰਾੜ ਡੋਡ ਦਾ ਲਿਖਿਆ ਗੀਤ “ਰੋਟੀ ਗ਼ਰਮ ਤੇ ਵਹੁਟੀ ਨਰਮ ਮਿਲਦੀ ਕਰਮਾਂ ਵਾਲਿਆਂ ਨੂੰ” ਉਘੇ ਸ਼ਾਇਰ ਸ਼ਰਨਜੀਤ ਬੈਂਸ ਦਾ ਲਿਖਿਆ ਗੀਤ ” ਤੇਰੇ ਬਿਨ ਜੀਣਾ ਕੀ ” ਤੇ ਹੋਰ ਕਈਂ ਗੀਤ ਸੰਸਾਰ ਪ੍ਰਸਿੱਧ ਹੋਏ ਹਨ l

ਭੋਲੇ ਯਮਲੇ ਨੇ ਉਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਲਿਖੇ ਗੀਤ “ਬਲੀਡਿੰਗ ਸੌਲ” ਰਾਹੀਂ ਗਰਭ ਚ ਮਾਰੀਆਂ ਜਾਣ ਵਾਲੀਆਂ ਧੀਆਂ ਦਾ ਦਰਦ ਬਿਆਨ ਕੀਤਾ ਹੈ ਤੇ ਭਰੂਣ ਹੱਤਿਆ ਦਾ ਡਟਵਾਂ ਵਿਰੋਧ ਕੀਤਾ ਹੈ l

ਪਰ ਬੇਹੱਦ ਦੁੱਖ ਤੇ ਸ਼ਰਮ ਵਾਲੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਇਸ ਮਹਾਨ ਫ਼ਨਕਾਰ ਨੂੰ ਕੋਈ ਨੌਕਰੀ ਨਹੀਂ ਦੇ ਸਕੀਆਂ, ਬਾਈ ਭੋਲਾ ਯਮਲਾ ਨੇ ਪ੍ਰੈਸ ਨੂੰ ਦੱਸਿਆ ਕਿ ਕੈਪਟਨ ਸਰਕਾਰ ਵਿੱਚ ਉਸਦੇ ਪੂਰੇ ਪੰਜਾਬ ਵਿੱਚੋ ਸਿਲੈਕਟ ਹੋਣ ਦੇ ਬਾਵਜੂਦ ਵੀਂ ਧੋਖਾ ਕੀਤਾ ਗਿਆ, ਨੌਕਰੀ ਨਹੀਂ ਦਿੱਤੀ ਗਈ ਸਗੋਂ ਉਸ ਨਾਲ ਕੋਝਾ ਮਜਾਕ ਕੀਤਾ ਗਿਆ |

ਜਦਕਿ ਸੰਗੀਤ ਦੇ ਹਰ ਗਾਇਨ ਸ਼ੈਲੀ ਵਿੱਚ ਮੁਹਾਰਿਤ ਰੱਖਣ ਵਾਲੇ ਉਸਤਾਦ ਭੋਲਾ ਯਮਲਾ ਨੂੰ ਪੰਜਾਬ ਦੇ ਸਾਰੇ ਗਾਇਕਾਂ ਵਿੱਚੋ ਸਭ ਤੋਂ ਵੱਧ ਪੜੇ ਲਿਖੇ ਹੋਣ ਦਾ ਮਾਣ ਹਾਸਿਲ ਹੈ l ਮਿਹਨਤ ਦੇ ਮੁਜਸਮੇ ਉਸਤਾਦ ਬਾਈ ਭੋਲਾ ਯਮਲਾ ਨੇ ਸੰਗੀਤ ਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਦੇ ਮਨਸ਼ੇ ਨਾਲ “ਰਿਧਮ ਇੰਸਟੀਟਿਊਟ ਆਫ਼ ਪਰਫੋਰਮਿੰਗ ਆਰਟਸ ਐਂਡ ਪ੍ਰੋਫੈਸ਼ਨਲ ਐਜੂਕੇਸ਼ਨ’ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਦੀ ਸਥਾਪਨਾ ਕੀਤੀ, ਜਿੱਥੋਂ ਅਨੇਕਾਂ ਕਲਾ ਪ੍ਰੇਮੀ ਨੇ ਸੰਗੀਤ ਦੀ ਸਿੱਖਿਆ ਲੈ ਕੇ ਕਾਫੀ ਲਾਹਾ ਲੈ ਰਹੇ ਹਨ |

ਕਲਾ ਤੇ ਕਲਾਕਾਰਾਂ ਦੇ ਵਿਕਾਸ ਦੇ ਲਈ ਤੱਤਪਰ ਬਾਈ ਭੋਲਾ ਯਮਲਾ ‘ਆਰਟਿਸਟ ਵੈਲਫ਼ੇਅਰ ਸੋਸਾਇਟੀ (ਰਜਿ.) ਪੰਜਾਬ ਦੇ ਬਤੌਰ ਸੂਬਾ ਪ੍ਰਧਾਨ ਆਪਣੀ ਸੇਵਾ ਨਿਭਾ ਰਹੇ ਹਨ ਤੇ “ਸੱਭਿਆਚਾਰਕ ਚੇਤਨਾ ਮੁਹਿੰਮ ਪੰਜਾਬ” ਦੇ ਬਤੌਰ ਬਾਨੀ ਚੇਅਰਮੈਨ ਅਨੇਕਾਂ ਸੱਭਿਆਚਾਰਕ ਚੇਤਨਾ ਸਮਾਗਮ,ਵਿਰਾਸਤ ਮੇਲੇ ਤੇ ਅਨੇਕਾਂ ਗਤੀਵਿਧੀਆਂ ਕਰਵਾ ਚੁੱਕੇ ਹਨ ਜੋ ਬਾ-ਦਸਤੂਰ ਜਾਰੀ ਹੈ l ਅਪਣੀਆਂ ਅਨੇਂਕਾ ਗਤੀਵਿਧੀਆਂ ਸਦਕਾ ਉਸਤਾਦ ਬਾਈ ਭੋਲਾ ਯਮਲਾ ਨੂੰ ਭਾਰਤ ਦੇ ਸਰਬੋਤਮ “ਪਦਮਸ਼੍ਰੀ ਐਵਾਰਡ ਲਈ ਵੀ ਨਾਮਜਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਭੋਲਾ ਯਮਲਾ ਨੂੰ ਦੋ ਵਾਰ ਗੋਲਡ ਮੈਡਲ ਨਾਲ ਨਿਵਾਜਿਆ ਗਿਆ ਹੈ ਤੇ ਅਨੇਕਾਂ ਐਵਾਰਡ ਤੇ ਉੱਚ ਪੱਧਰੀ ਐਵਾਰਡ ਹਾਸਿਲ ਹੋਏ ਹਨ l
ਉੱਚੀ ਤੇ ਸੁੱਚੀ ਕਲਾ ਦੇ ਵਾਰਿਸ ਇਸ ਯੁੱਗਪੁਰਸ਼ ਨੂੰ ਸਰਕਾਰਾਂ ਪ੍ਰਤੀ ਗਿਲਾ ਸ਼ਿਕਵਾ ਹੈ ਜੋ ਉਸਨੂੰ ਉਸਦੀ ਯੋਗਤਾ ਮੁਤਾਬਿਕ ਕੋਈ ਨੌਕਰੀ ਪ੍ਰਦਾਨ ਨਹੀਂ ਸਕੀਆਂ,ਅਸੀਂ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਇਸ ਮਾਣਮੱਤੀ ਤੇ ਮਹਾਨ ਰੂਹ ਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ l

 

 

 

ਰਮੇਸ਼ਵਰ ਸਿੰਘ ਪਟਿਆਲਾ

99148-80392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਖਰ ਨੱਚਦੇ,
Next articleSpiralling prices evidence of BJP’s incompetence: Shivakumar