(Samajweekly)
ਜਲੰਧਰ। ਲੋਕਾਂ ਦੀਆਂ ਵੋਟਾਂ ਲੈ ਕੇ ਸੱਤਾ ਪ੍ਰਾਪਤ ਕਰਨ ਵਾਲੀਆਂ ਪਾਰਟੀਆਂ ਨੇ ਚੋਣਾਂ ਤੋਂ ਬਾਅਦ ਕਦੇ ਵੀ ਇਨ੍ਹਾਂ ਦੀ ਸਾਰ ਨਹੀਂ ਲਈ, ਸਗੋਂ ਉਲਟਾ ਇਨ੍ਹਾਂ ਨੂੰ ਮਾੜੇ ਹਾਲਾਤ ਵੱਲ ਧੱਕਣ ਦਾ ਕੰਮ ਕੀਤਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਲੰਧਰ ਲੋਕਸਭਾ ਸੀਟ ਤੋਂ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ਵਿਖੇ ਲੋਕਾਂ ਨਾਲ ਰੂਬਰੂ ਹੁੰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਹ ਚਿੰਤਾਜਨਕ ਹੈ ਸੱਤਾ ’ਚ ਰਹੀਆਂ ਪਾਰਟੀਆਂ ਪਿਛਲੇ 75 ਸਾਲਾਂ ’ਚ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਦੇ ਸਕੀਆਂ। ਜਲੰਧਰ ਦੇ ਲੋਕ ਅੱਜ ਵੀ ਟੁੱਟੀਆਂ ਸੜਕਾਂ, ਗੰਦੇ ਪਾਣੀ ਦੀ ਨਿਕਾਸੀ ਨਾ ਹੋਣ, ਪਾਰਕਾਂ ਦੀ ਬਦਹਾਲੀ, ਖੇਡ ਮੈਦਾਨਾਂ ਦੀ ਕਮੀ ਤੇ ਪੀਣ ਯੋਗ ਸਾਫ ਪਾਣੀ ਨਾ ਮਿਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਪਾਰਟੀਆਂ ਨੇ ਲੋਕਾਂ ਤੋਂ ਵੋਟਾਂ ਤਾਂ ਵਿਕਾਸ ਦੇ ਨਾਂ ’ਤੇ ਲਈਆਂ, ਪਰ ਸੱਤਾ ਪ੍ਰਾਪਤ ਕਰਕੇ ਉਨ੍ਹਾਂ ਨੂੰ ਬਦਹਾਲੀ ਵੱਲ ਧੱਕਣ ਦਾ ਕੰਮ ਕੀਤਾ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਜਲੰਧਰ ਦੇ ਲੋਕ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਉਹ ਇਸ ਪਾਸੇ ਖਾਸ ਧਿਆਨ ਦੇਣਗੇ। ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਨਾਲ-ਨਾਲ ਸਾਫ ਵਾਤਾਵਰਣ ਤੇ ਖੁਸ਼ਹਾਲੀ ਭਰਿਆ ਮਾਹੌਲ ਦੇਣਾ ਉਨ੍ਹਾਂ ਦਾ ਟੀਚਾ ਹੈ।