ਸੱਚ ਬੋਲਿਆਂ ਭਾਂਬੜ ਮੱਚਦਾ…!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

– ਬੁੱਧ ਸਿੰਘ ਨੀਲੋਂ

ਸੱਚ ਬੋਲਣਾ, ਸੱਚ ਲਿਖਣਾ, ਸੱਚ ਸੁਣਨਾ, ਸੱਚ ਲਈ ਕੁਰਬਾਨ ਹੋਣਾ ਬੜਾ ਔਖਾ ਮਾਰਗ ਹੈ। ਅਸੀਂ ਝੂਠ ਬੋਲਣਾ ਤੇ ਸੁਣਨਾ ਹੀ ਪਸੰਦ ਕਰਦੇ ਹਾਂ। ਅਸੀਂ ਕਦੇ ਵੀ ਚਾਹੁੰਦੇ ਨਹੀਂ ਕਿ ਅਸੀਂ ਸੱਚ ਆਖੀਏ।
ਸੱਚ ਨੂੰ ਤਲੀ ਉੱਤੇ ਰੱਖਕੇ ਤੁਰਨਾ ਬੜਾ ਔਖਾ ਕੰਮ ਹੈ। ਤੁਰਨ ਤੇ ਰੀਂਗਣ ਵਿੱਚ ਫ਼ਰਕ ਹੁੰਦਾ ਹੈ, ਪਰ ਅਸੀਂ ਇਹ ਫ਼ਰਕ ਨਹੀਂ ਸਮਝਦੇ। ਅਸੀਂ ਬਹੁਤਾ ਸਮਾਂ ਭਰਮ-ਭੁਲੇਖਿਆਂ ਵਿੱਚ ਹੀ ਗੁਜ਼ਾਰ ਦਿੰਦੇ ਹਾਂ।
ਅਸੀਂ ਬਹੁਤੇ ਧਰਤੀ ਉੱਤੇ ਰੀਂਗਦੇ ਹੀ ਹਾਂ, ਪਰ ਅਸੀਂ ਤੁਰਨ ਦਾ ਭਰਮ ਪਾਲੀ ਰੱਖਦੇ ਹਾਂ। ਤੁਰਨ ਲਈ ਸਾਨੂੰ ਲੱਤਾਂ ਦੀ ਨਹੀਂ, ਸੋਚ ਦੀ ਲੋੜ ਹੁੰਦੀ ਹੈ। ਸੋਚ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੀ। ਸੋਚ ਪੈਦਾ ਕਰਨ ਲਈ ਸਾਧਨਾ ਕਰਨੀ ਪੈਂਦੀ ਹੈ।
ਅਸੀਂ ਸਾਧਨਾ ਕਰਨੀ ਭੁੱਲਦੇ ਜਾ ਰਹੇ ਹਾਂ। ਅਸੀਂ ਕਿਰਤ ਨਹੀਂ ਕਰਦੇ। ਇੱਕ ਦਿਨ ਵਿੱਚ ਹੀ ਅਮੀਰ ਹੋਣ ਦੀ ਉਡੀਕ ਵਿੱਚ ਭੱਜੇ ਰਹਿੰਦੇ ਹਾਂ।
ਸੱਚ ਜਾਣਨ ਦੀ ਸਾਡੇ ਅੰਦਰ ਹਿੰਮਤ ਮਰ ਗਈ ਹੈ। ਇਸ ਮਰਨ ਦੇ ਚੱਕਰ ਵਿੱਚ ਅਸੀਂ ਉਲਝ ਗਏ ਹਾਂ। ਅਸੀਂ ਆਪਣੀ ਉਲਝਣ ਹੱਲ ਕਰਨ ਦੇ ਲਈ ਨਰਕ ਭਰੀ ਜ਼ਿੰਦਗੀ ਬਸਰ ਕਰਨ ਲੱਗਦੇ ਹਾਂ।
ਸੱਚ ਲਿਖਣਾ ਤੇ ਬੋਲਣਾ, ਸੀਸ ਤਲੀ ਉੱਤੇ ਧਰਨਾ ਹੁੰਦਾ ਹੈ। ਸੀਸ ਤਲੀ ਉੱਤੇ ਧਰ ਕੇ ਲਿਖਣ ਦੀ ਸ਼ਕਤੀ ਹਰ ਕਿਸੇ ਹਿੱਸੇ ਨਹੀਂ ਆਉਂਦੀ। ਸੀਸ ਤਲੀ ਉੱਤੇ ਉਹੀ ਰੱਖ ਸਕਦਾ ਹੈ, ਜਿਸਨੂੰ ਜ਼ਿੰਦਗੀ ਨਾਲ ਇਸ਼ਕ ਹੋਵੇ। ਇਸ਼ਕ ਉਹੀ ਵਿਅਕਤੀ ਕਰਦਾ ਹੈ, ਜਿਸਨੂੰ ਸੀਸ ਤਲੀ ਤੇ ਰੱਖਣ ਦਾ ਵਲ ਹੋਵੇ।
ਅਸੀਂ ਬਹੁਤੇ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋਣ ਦੇ ਭਰਮ ਵਿੱਚ ਸਿਰ ਉੱਚਾ ਕਰਕੇ ਤੁਰਦੇ ਹਾਂ। ਅਸੀਂ ਮਰਨਾ ਨਹੀਂ, ਮਾਰਨ ਵਿੱਚ ਵਿਸ਼ਵਾਸ ਰੱਖਦੇ ਹਾਂ।
ਅਸੀਂ ਸੁਪਨੇ ਬਹੁਤ ਵੇਖਦੇ ਹਾਂ, ਪਰ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਕਾਰਜ ਨਹੀਂ ਕਰਦੇ। ਅਸੀਂ ਭਗਤ ਸਿੰਘ ਦੀ ਨਕਲ ਤਾਂ ਕਰਦੇ ਹਾਂ, ਪਰ ਭਗਤ ਸਿੰਘ ਵਰਗਾ ਬਨਣ ਦੀ ਕੋਸ਼ਿਸ਼ ਨਹੀਂ ਕਰਦੇ।
ਅਸੀਂ ਉਸਦੀ ਵਿਚਾਰਧਾਰਾ ਨੂੰ ਵੀ ਨਹੀਂ ਮੰਨਦੇ। ਅਸੀਂ ਭਗਤ ਸਿੰਘ ਹੋਣ ਦਾ ਦੰਭ ਰਚਦੇ ਹਾਂ, ਪਰ ਉਸ ਵਾਂਗ ਸੀਸ ਤਲੀ ਉੱਤੇ ਰੱਖ ਕੇ ਨਹੀਂ ਤੁਰਦੇ। ਮੌਤ ਮਨੁੱਖ ਦੀ ਜ਼ਿੰਦਗੀ ਦਾ ਅੰਤਮ ਸਿਰਨਾਵਾਂ ਨਹੀਂ ਹੁੰਦੀ।
ਅਸੀਂ ਉਸ ਮੌਤ ਦਾ ਦੁੱਖ ਮਨਾਉਂਦੇ ਹਾਂ, ਜਿਹੜੀ ਮੌਤ ਅਚਾਨਕ ਆਉਂਦੀ ਹੈ। ਮੌਤ ਕਦੇ ਵੀ ਅਚਾਨਕ ਨਹੀਂ ਆਉਂਦੀ। ਮੌਤ ਆਉਣ ਦੇ ਕਾਰਨ ਬਣਦੇ ਹਨ। ਅਸੀਂ ਕਾਰਨਾਂ ਦੀ ਜਾਚ ਨਹੀਂ ਕਰਦੇ। ਸਗੋਂ ਮੌਤ ਦਾ ਸੋਗ ਮਨਾਉਂਦੇ ਹਾਂ।
ਅਸੀਂ ਨਿੱਤ ਮਰਦੇ ਹਾ। ਪਲ-ਪਲ ਮਰਦੇ ਹਾਂ। ਹਰ ਸਾਹ ਮਰਦੇ ਹਾਂ, ਪਰ ਇਸਨੂੰ ਅਸੀਂ ਮੌਤ ਨਹੀਂ ਸਮਝਦੇ, ਜਿਹੜੇ ਮੌਤ ਨੂੰ ਅੰਤਮ ਜੰਗ ਮੰਨਦੇ ਹਨ। ਅਸਲ ਵਿੱਚ ਉਹ ਜ਼ਿੰਦਗੀ ਦੀ ਜੰਗ ਦੇ ਹਾਰ ਚੁੱਕੇ ਘੋੜੇ ਹੁੰਦੇ ਹਨ।
ਮੌਤ ਦਾ ਸਿਰਨਾਵਾਂ ਆਪਣੇ ਮੱਥੇ ਉੱਤੇ ਲਿਖਣ ਵਾਲੇ ਕਦੇ ਵੀ ਮਰਦੇ ਨਹੀਂ, ਉਹ ਤਾਂ ਸਦੀਆਂ ਤੱਕ ਮਨੁੱਖਾਂ ਦੇ ਚੇਤਿਆਂ ਦੀ ਸਰਦਲ ਉੱਤੇ ਉਕੇਰ ਜਾਂਦੇ ਹਨ।
ਹਰ ਕੋਈ ਆਪਣੇ ਲਈ ਕਮਾਉਂਦਾ ਤੇ ਮਰਦਾ ਹੈ। ਉਸਦੀ ਮੌਤ ਜਾਂ ਕਮਾਈ ਨੂੰ ਕੋਈ ਯਾਦ ਨਹੀਂ ਕਰਦਾ। ਜਿਹੜੇ ਕਿਸੇ ਕੌਮ ਤੇ ਲੋਕਾਂ ਲਈ ਮਰਦੇ ਹਨ। ਉਨਾਂ ਦੀ ਮੌਤ ਜ਼ਿੰਦਗੀ ਵਿੱਚ ਬਦਲ ਜਾਂਦੀ ਹੈ। ਕਈ ਮਰਕੇ ਜ਼ਿੰਦਗੀ ਜਿਉਂਦੇ ਹਨ। ਕਈ ਜਿਉਂਦੇ ਹੀ ਮਰ ਜਾਂਦੇ ਹਨ। ਅਸੀਂ ਜਿਉਂਦੇ ਮਰੇ ਹੋਏ ਆ! ਉਨਾਂ ਨੂੰ ਕੋਈ ਯਾਦ ਨਹੀਂ ਕਰਦਾ। ਯਾਦ ਅਸੀਂ ਉਨਾਂ ਨੂੰ ਹੀ ਕਰਦੇ ਹਾਂ, ਜੋ ਯਾਦ ਕਰਨ ਦੀ ਉਡੀਕ ਦਿੰਦਾ ਹੈ। ਉਡੀਕ ਕਰਨੀ ਬੜੀ ਔਖੀ ਹੈ।
ਅਸੀਂ ਉਡੀਕ ਵਿੱਚ ਭਟਕ ਜਾਂਦੇ ਹਾਂ, ਜਾਂ ਫਿਰ ਮਰ ਜਾਂਦੇ ਹਾਂ। ਸੱਚ ਦੀ ਸਰਦਲ ਉੱਤੇ ਕੋਈ ਹੀ ਦਸਤਕ ਦਿੰਦਾ ਹੈ। ਪਿਆਰ ਅਸੀਂ ਦੂਸਰੇ ਨੂੰ ਨਹੀਂ ਕਰਦੇ। ਖ਼ੁਦ ਨੂੰ ਪਿਆਰ ਕਰਦੇ ਹਾਂ। ਦੂਸਰੇ ਨੂੰ ਪਿਆਰ ਕਰਕੇ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ। ਪਿਆਰ ਕਰਨਾ ਤੇ ਪਿਆਰ ਵਿੱਚ ਜਿਉਣਾ ਸੌਖਾ ਕੰਮ ਨਹੀਂ।
ਸੱਚ ਦੇ ਬੂਹੇ ਅਤੇ ਬਾਰੀਆਂ ਦੇ ਮੂਹਰੇ ਝੂਠ ਦਾ ਢੇਰ ਰਹਿੰਦਾ ਹੈ। ਉਹ ਸੱਚ ਨੂੰ ਜਾਨਣ ਵਾਲਿਆਂ ਦਾ ਵੈਰੀ ਹੁੰਦਾ ਹੈ। ਸੱਚ ਨੂੰ ਸਦਾ ਜ਼ਹਿਰ ਮਿਲਦੀ ਹੈ। ਜ਼ਹਿਰ ਇਹ ਹਰ ਕਿਸੇ ਨੂੰ ਨਹੀਂ ਨਸੀਬ ਹੁੰਦੀ। ਜ਼ਹਿਰ ਪੀਣ ਲਈ ਸੱਚ ਦੇ ਮਾਰਗ ਤੇ ਤੁਰਨਾ ਪੈਂਦਾ ਹੈ। ਇਹ ਮਾਰਗ ਸੁੱਖਾਂ ਦੀ ਤਲਾਸ਼ ਵਾਲਿਆਂ ਦੇ ਹਿੱਸੇ ਨਹੀਂ ਆਉਂਦਾ।
ਜਦੋਂ ਅਸੀਂ ਆਪਣੀ ‘ਮੈਂ’ ਵਿੱਚ ਹੁੰਦੇ ਹਾਂ, ਉਦੋਂ ਅਸੀਂ ਨਫ਼ਰਤ ਦੀ ਪੰਡ ਨੂੰ ਭਾਰੀ ਕਰਦੇ ਹਾਂ। ਇਹ ਨਫ਼ਰਤ ਦੀ ਪੰਡ ਸਾਨੂੰ ਬ੍ਰਿਹੋਂ ਦਾ ਸੇਕ ਲਗਾਉਂਦੀ ਹੈ।
ਬ੍ਰਿਹੋਂ ਦੇ ਸੇਕ ਵਿੱਚ ਸੜਨਾ ਸੌਖਾ ਨਹੀਂ ਹੁੰਦਾ। ਦੂਸਰੇ ਦੇ ਮੋਢਿਆਂ ਉੱਤੇ ਚੜ ਕੇ ਅਸੀਂ ਦਰਿਆ ਤਾਂ ਪਾਰ ਕਰ ਸਕਦੇ ਹਾਂ ਪਰ ਅਸੀਂ ਬ੍ਰਿਹੋਂ ਦਾ ਸੇਕ ਨਹੀਂ ਜਰ ਸਕਦੇ।
ਸੱਚ ਜਾਨਣ ਦੀ ਇੱਛਾ ਤਾਂ ਹੁੰਦੀ ਹੈ, ਪਰ ਅਸੀਂ ਸੱਚ ਦੇ ਵਪਾਰੀ ਨਹੀਂ ਬਣਦੇ। ਸੱਚ ਤੇ ਮੁਹੱਬਤ ਬਹੁਤ ਪਾਕਿ ਹੁੰਦੀ ਹੈ। ਅਸੀਂ ਇਸ ਪਾਕਿ ਤੇ ਪਵਿੱਤਰ ਸੋਚ ਨੂੰ ਮਹਿਜ਼ ਦੇਹ ਨਾਲ ਜੋੜ ਲਿਆ ਹੈ।
ਦੇਹ ਦੇ ਨਾਲ ਜੁੜਨਾ ਵੀ ਸੋਚ ਨੂੰ ਪਾਉਣਾ ਹੁੰਦਾ ਹੈ। ਪਰ ਅਸੀਂ ਜਦੋਂ ਪਿਆਰ ਨੂੰ ਵਪਾਰ ਸਮਝਣ ਲੱਗਦੇ ਹਾਂ ਉਹ ਪਿਆਰ ਨਹੀਂ ਰਹਿੰਦਾ। ਪਿਆਰ ਅਤੇ ਜੰਗ ਵਿੱਚ ਸਭ ਜਾਇਜ਼ ਹੁੰਦਾ ਹੈ।
ਵਪਾਰੀ ਬੰਦੇ ਪਿਆਰ ਵਿੱਚੋਂ ਖਟਦੇ ਹਨ। ਭੋਲੇ-ਭਾਲੇ ਬੰਦੇ ਪਿਆਰ ਵਿੱਚ ਜਾਨ ਕੁਰਬਾਨ ਕਰ ਦਿੰਦੇ ਹਨ। ਬੁੱਲੇ ਨੇ ਜਦ ਸੱਚ ਬੋਲਿਆ ਸੀ, ਉਸਨੂੰ ਸਜ਼ਾ ਮਿਲੀ ਸੀ।
ਸੁਕਰਾਤ ਨੇ ਸੱਚ ਬੋਲਿਆ ਸੀ ਤਾਂ ਜ਼ਹਿਰ ਦਾ ਪਿਆਲਾ ਮਿਲਿਆ ਸੀ। ਜ਼ਹਿਰ ਦਾ ਪਿਆਲਾ ਨਸੀਬ ਕਰਨ ਲਈ ਸੱਚ ਦੇ ਲੜ ਲੱਗਣਾ ਪੈਂਦਾ ਹੈ।
ਹੁਣ ਜਦੋਂ ਚਾਰੇ ਪਾਸੇ ਝੂਠ ਦਾ ਬੋਲਬਾਲਾ ਹੈ। ਝੂਠ ਦੇ ਢੋਲ ਵੱਜ ਰਹੇ ਹਨ। ਅਸੀਂ ਹਰ ਪਾਸੇ ਝੂਠ ਦਾ ਮੰਦਰ ਉਸਾਰ ਲਿਆ ਹੈ।
ਅਸੀਂ ਧਰਮ ਨੂੰ ਝੂਠ ਦੇ ਲੜ ਲਾ ਦਿੱਤਾ ਹੈ। ਧਰਮ ਨੂੰ ਹਨੇਰੇ ਵੱਲ ਤੌਰ ਲਿਆ ਹੈ। ਧਰਮ ਨੂੰ ਵਪਾਰ ਬਣਾ ਲਿਆ ਹੈ। ਸੱਚ ਦੇ ਨਾਂਅ ਹੇਠ ਅਸੀਂ ਸੱਚਾ ਸੌਦਾ ਵੇਚਣ ਦਾ ਦੰਭ ਕਰਦੇ ਹਾਂ, ਪਰ ਅਸੀਂ ਖੁਦ ਝੂਠ ਬੋਲਦੇ ਹਾਂ ਤੇ ਦੂਸਰੇ ਨੂੰ ਸੱਚ ਬੋਲਣ ਦੀ ਨਸੀਹਤ ਦਿੰਦੇ ਹਾਂ।
ਸੱਚ ਬੋਲਣ ਲਈ ਜੁਰਅਤ ਦੀ ਲੋੜ ਹੈ। ਸ਼ਕਤੀ ਦੀ ਲੋੜ ਹੁੰਦੀ ਹੈ। ਪਰ ਸਾਡੇ ਅੰਦਰੋਂ ਸੱਚ ਬੋਲਣ ਦੀ ਤਾਕਤ ਖ਼ਤਮ ਹੋ ਗਈ ਹੈ। ਅਸੀਂ ਝੂਠ ਬੋਲਣ ਤੇ ਸੁਣਨ ਦੇ ਆਦੀ ਹੋ ਗਏ ਹਾਂ। ਸੱਚ ਬੋਲਣ ਨਾਲ ਹੁਣ ਭਾਂਬੜ ਮੱਚਦੇ ਹਨ।
ਸਾਡੇ ਅੰਦਰ ਸੱਚ ਲਿਖਣ ਦੀ ਦਲੇਰੀ ਕਦੋਂ ਆਵੇਗੀ? ਇਹ ਦਲੇਰੀ ਕਦੇ ਆਵੇਗੀ ਵੀ ਜਾਂ ਫਿਰ ਨਹੀਂ? ਜਿਸ ਦੀ ਹੁਣ ਬਹੁਤ ਜਰੂਰਤ ਹੈ! ਇਸ ਸਮੇਂ ਜਾਗਣ ਤੇ ਸੱਚ ਬੋਲ਼ਣ ਤੇ ਝੂਠ ਦੇ ਖਿਲਾਫ ਜੰਗ ਲੜਨ ਦੀ ਲੋੜ ਹੈ! ਨਹੀਂ ਤੇ ਆਉਣ ਵਾਲੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ! ਜਾਗੋ ਵੀਰੋ ਜਾਗੋ ! ਲਾਓ ਮਨ ਦੀਆਂ ਮੰਮਟੀਆਂ ਭਰਮ ਦੀ ਗਰਦ, ਪਛਾਣੀਏ ਜਿੰਦਗੀ ਦੇ ਫਰਜ। !ਜਗਾਓ ਸੁੱਤੀਆਂ ਜ਼ਮੀਰਾਂ ਨੂੰ, ਉਤਾਰੋ ਝੂਠ ਦੀ ਬੁਕਲ ਨੂੰ !
ਹੁਣ ਹੱਕਾਂ ਦੀ ਰਾਖੀ ਲਈ ਆਰ ਪਾਰ ਦੀ ਲੜਾਈ ਲੜਨੀ ਪੈਣੀ ਐ। ਜਦੋਂ ਪੰਜਾਬ ਨੂੰ ਲੁੱਟਣ ਵਾਲੀਆਂ ਸਿਆਸੀ ਪਾਰਟੀਆਂ ਇਕਮੁੱਠ ਹੋ ਸਕਦੀਆਂ ਹਨ ਤਾਂ ਹਰ ਵੇਲੇ ਲੁੱਟੇ ਜਾਣ ਵਾਲੇ ਆਮ ਲੋਕ , ਮੁਲਾਜ਼ਮ, ਕਿਰਤੀ ਤੇ ਕਿਸਾਨ ਯੂਨੀਅਨਾਂ ਕਿਉਂ ਨੀ ਇਕੱਠੇ ਹੋ ਕੇ ਸਾਂਝਾ ਸੰਘਰਸ਼ ਜਾਰੀ ਕਰਦੀਆਂ ?
………..

94643-70823.
budhsinghneelon @gmail.com

Previous articleMukhtar Ansari’s ambulance creates more row
Next articleAfghan targeted killings kill 60 in March