ਲੁਧਿਆਣਾ, 11 ਫਰਵਰੀ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਇੱਥੇ ਕਿਹਾ ਕਿ ਜੇ ਸਮੇਂ ’ਤੇ ਨੈਸ਼ਨਲ ਹਾਈਵੇਅ ਦੀ ਉਸਾਰੀ ਦਾ ਕੰਮ ਪੂਰਾ ਨਾ ਕੀਤਾ ਤਾਂ ਉਹ ਆਪ ਲਾਡੋਵਾਲ ਟੌਲ ਪਲਾਜ਼ਾ ਬੰਦ ਕਰਵਾਉਣਗੇ। ਐੱਨਐੱਚਏਆਈ ਲੋਕਾਂ ਤੋਂ ਪੈਸੇ ਵਸੂਲ ਕਰ ਰਿਹਾ ਹੈ, ਪਰ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦੇ ਪਾ ਰਿਹਾ ਹੈ। ਸ਼ਹਿਰ ’ਚ ਕਈ ਅਜਿਹੇ ਪੁਆਇੰਟ ਹਨ, ਜਿੱਥੇ ਨੈਸ਼ਨਲ ਹਾਈਵੇਅ ਦਾ ਕੰਮ ਅੱਧ-ਵਾਟੇ ਲਟਕ ਰਿਹਾ ਹੈ, ਜਿਸ ਕਾਰਨ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਵਧ ਗਈ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਤੇ ਮੇਅਰ ਬਲਕਾਰ ਸਿੰਘ ਸੰਧੂ ਐੱਨਐੱਚਏਆਈ ਨੂੰ ਉਸਾਰੀ ਕਾਰਜ ਪੂਰਾ ਕਰਨ ਲਈ ਲਿਖ ਕੇ ਭੇਜ ਚੁੱਕੇ ਹਨ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਉਹ ਖੁਦ ਇਹ ਕਦਮ ਚੁੱਕਣਗੇ। ਇਸ ਤੋਂ ਪਹਿਲਾਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਡੀਸੀ ਤੇ ਨਿਗਮ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਮੇਅਰ ਬਲਕਾਰ ਸਿੰਘ ਸੰਧੂ, ਵਿਧਾਇਕ ਸੁਰਿੰਦਰ ਡਾਬਰ ਤੇ ਵਿਧਾਇਕ ਸੰਜੇ ਤਲਵਾੜ ਨਾਲ ਮਿਲ ਕੇ ਸਰਕਟ ਹਾਊਸ ਵਿਚ ਮੀਟਿੰਗ ਕੀਤੀ।
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹਿਰ ’ਚ ਟਰੈਫਿਕ ਦੀਆਂ ਸਮੱਸਿਆਵਾਂ ਇਸ ਵੇਲੇ ਕਾਫ਼ੀ ਵੱਧ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਜੇ ਕਿਸੇ ਵਿਅਕਤੀ ਕੋਲ ਖਾਲੀ ਪਲਾਟ ਪਿਆ ਹੈ ਅਤੇ ਉਸ ਨੇ ਕੋਈ ਉਸਾਰੀ ਨਹੀਂ ਕਰਨੀ ਤਾਂ ਉਹ ਆਪਣੀ ਮਾਲਕੀ ਦੇ ਕਾਗਜ਼ਾਤ ਦਿਖਾ ਕੇ ਅਰਜੀ ਦੇਵੇ ਅਤੇ ਉਥੇ ਪੇਡ ਪਾਰਕਿੰਗ ਕਰਵਾ ਸਕਦਾ ਹੈ। ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਤੇ ਵਾਹਨ ਵੀ ਸਹੀ ਤਰੀਕੇ ਨਾਲ ਪਾਰਕ ਹੋ ਸਕਣਗੇ। ਇਸ ਲਈ ਰੇਟ ਨਗਰ ਨਿਗਮ ਤੈਅ ਕਰੇਗਾ ਤੇ ਸਾਰਾ ਲਾਭ ਪਲਾਟ ਮਾਲਕ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਕੂਲਾਂ ਤੇ ਕਾਲਜਾਂ ਦੇ ਪ੍ਰਬੰਧਕਾਂ ਦੇ ਨਾਲ ਗੱਲ ਚੱਲ ਰਹੀ ਹੈ ਤਾਂ ਕਿ ਉਹ ਆਪਣੇ ਸਕੂਲ ਜਾਂ ਕਾਲਜ ਕੰਪਲੈਕਸ ’ਚ ਵਾਹਨ ਪਾਰਕ ਕਰਨ ਦੀ ਆਗਿਆ ਦੇਣ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਉਹ ਜਲਦੀ ਹੀ ਪਾਣੀ ਸਾਫ਼ ਕਰਨ ਵਾਲੇ ਪ੍ਰਾਜੈਕਟ ਨੂੰ ਲਿਆ ਰਹੇ ਹਨ। ਨਹਿਰੀ ਪਾਣੀ ਨੂੰ ਸਾਫ਼ ਕਰਨ ਲਈ ਪੀਏਯੂ ਤੇ ਲੁਹਾਰਾ ’ਚ ਪੁਆਇੰਟ ਲਾਇਆ ਜਾਵੇਗਾ। ਸਿੱਧਵਾਂ ਨਹਿਰ ’ਚੋਂ ਪਾਣੀ ਕੱਢ ਕੇ ਉਨ੍ਹਾਂ ਨੂੰ ਪਲਾਂਟ ’ਚ ਸਾਫ਼ ਕਰਨ ਤੋਂ ਬਾਅਦ ਉਨ੍ਹਾਂ ਥਾਵਾਂ ’ਤੇ ਸਪਲਾਈ ਕੀਤਾ ਜਾਵੇਗਾ, ਜਿੱਥੇ ਇਲਾਕਿਆਂ ’ਚ ਪਾਣੀ ਗੰਦਾ ਹੈ।
HOME ਸੰਸਦ ਮੈਂਬਰ ਵੱਲੋਂ ਟੌਲ ਬੰਦ ਕਰਵਾਉਣ ਦੀ ਚਿਤਾਵਨੀ