ਨਵੀਂ ਦਿੱਲੀ (ਸਮਾਜ ਵੀਕਲੀ) : ਚੀਨ ਨਾਲ ਪੂਰਬੀ ਲੱਦਾਖ ’ਚ ਚੱਲ ਰਹੇ ਸਰਹੱਦੀ ਤਣਾਅ ਦਾ ਮੁੱਦਾ ਸੰਸਦ ਦੇ ਦੋਵੇਂ ਸਦਨਾਂ ਛਾਇਆ ਹੋਇਆ ਹੈ। ਸਰਕਾਰ ਨੇ ਰਾਜ ਸਭਾ ’ਚ ਦਾਅਵਾ ਕੀਤਾ ਕਿ ਪਿਛਲੇ ਛੇ ਮਹੀਨਿਆਂ ’ਚ ਭਾਰਤ-ਚੀਨ ਸਰਹੱਦ ’ਤੇ ਘੁਸਪੈਠ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਊਂਜ ਰੱਖਿਆ ਮੰਤਰੀ ਰਾਜਨਾਥ ਸਿੰਘ ਪੂਰਬੀ ਲੱਦਾਖ ਵਿੱਚ ਚੀਨ ਨਾਲ ਜਾਰੀ ਸਰਹੱਦੀ ਤਣਾਅ ਦਰਮਿਆਨ ਵੀਰਵਾਰ ਨੂੰ ਰਾਜ ਸਭਾ ਵਿੱਚ ਬਿਆਨ ਦੇਣਗੇ।
ਰੱਖਿਆ ਮੰਤਰੀ ਦੇ ਬਿਆਨ ਮਗਰੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਲੋੜ ਪੈਣ ’ਤੇ ਰੱਖਿਆ ਮੰਤਰੀ ਸਪੱਸ਼ਟੀਕਰਨ ਵੀ ਦੇਣਗੇ। ਸੂਤਰਾਂ ਮੁਤਾਬਕ ਇਹ ਫੈਸਲਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਸਦਨ ਦੇ ਆਗੂ ਥਾਵਰਚੰਦ ਗਹਿਲੋਤ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ’ਚ ਲਿਆ ਗਿਆ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਮੰਗਲਵਾਰ ਨੂੰ ਇਸ ਮੁੱਦੇ ’ਤੇ ਲੋਕ ਸਭਾ ਵਿੱਚ ਬਿਆਨ ਦੇ ਚੁੱਕੇ ਹਨ।
ਊਧਰ ਅਸਲ ਕੰਟਰੋਲ ਰੇਖਾ ’ਤੇ ਤਾਇਨਾਤ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ ਪਿਛਲੇ ਹਫ਼ਤੇ ਦੋ ਵਾਰ ਗੋਲੀਆਂ ਚੱਲੀਆਂ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਦੋਵੇਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮਾਸਕੋ ’ਚ ਬੈਠਕ ਤੋਂ ਐਨ ਪਹਿਲਾਂ ਵਾਪਰੀ।
ਉਂਜ ਸਰਬ ਪਾਰਟੀ ਮੀਟਿੰਗ ਦੌਰਾਨ ਵਿਰੋਧੀ ਧਿਰਾਂ ਨੇ ਖੇਤੀ ਸੈਕਟਰ ਨਾਲ ਸਬੰਧਤ ਬਿੱਲਾਂ ਨੂੰ ਤਫ਼ਸੀਲੀ ਜਾਂਚ-ਪੜਤਾਲ ਲਈ ਸੰਸਦੀ ਕਮੇਟੀਆਂ ਕੋਲ ਭੇਜਣ ਦੀ ਮੰਗ ਕੀਤੀ। ਗੌਰਤਲਬ ਹੈ ਕਿ ਸਰਕਾਰ ਨੇ ਕਿਸਾਨ ਤੇ ਹੋਰਨਾਂ ਧਿਰਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਸੋਮਵਾਰ ਨੂੰ ਖੇਤੀ ਸੈਕਟਰ ਨਾਲ ਸਬੰਧਤ ਤਿੰਨ ਬਿੱਲਾਂ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਸੀ।
ਇਨ੍ਹਾਂ ਵਿੱਚੋਂ ਇਕ ਬਿੱਲ (ਜ਼ਰੂਰੀ ਵਸਤਾਂ (ਸੋਧ) ਬਿੱਲ) ਐੱਨਡੀਏ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਲੋਕ ਸਭਾ ਵਿੱਚ ਪਾਸ ਹੋ ਗਿਆ। ਸੂਤਰਾਂ ਮੁਤਾਬਕ ਸਰਕਾਰ ਤੇ ਵਿਰੋਧੀ ਧਿਰਾਂ ਨੇ ਜੀਐੱਸਟੀ, ਅਰਥਚਾਰੇ ਤੇ ਕੌਮੀ ਸਿੱਖਿਆ ਨੀਤੀ 2020 ’ਤੇ ਵਿਚਾਰ ਚਰਚਾ ਲਈ ਸਹਿਮਤੀ ਦਿੱਤੀ ਹੈ।
ਇਸ ਦੌਰਾਨ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ’ਤੇ ਪਿਛਲੇ ਛੇ ਮਹੀਨਿਆਂ ’ਚ ਕੋਈ ਵੀ ਘੁਸਪੈਠ ਦੀ ਘਟਨਾ ਨਹੀਂ ਵਾਪਰੀ ਹੈ। ਊਂਜ ਇਸੇ ਸਮੇਂ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ’ਤੇ ਘੁਸਪੈਠ ਦੀਆਂ 47 ਕੋਸ਼ਿਸ਼ਾਂ ਹੋਈਆਂ। ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜ ਸਭਾ ’ਚ ਇਹ ਜਾਣਕਾਰੀ ਵੀ ਦਿੱਤੀ ਕਿ ਪਿਛਲੇ ਤਿੰਨ ਸਾਲਾਂ ’ਚ ਜੰਮੂ ਕਸ਼ਮੀਰ ’ਚ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਘੁਸਪੈਠ ਦੀਆਂ 594 ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਜਿਨ੍ਹਾਂ ’ਚੋਂ 312 ਸਫ਼ਲ ਰਹੀਆਂ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਕਿਹਾ ਕਿ ਚੀਨ ਵਾਲੇ ਪਾਸੇ ਤੋਂ ਪਿਛਲੇ ਛੇ ਮਹੀਨਿਆਂ ’ਚ ਘੁਸਪੈਠ ਦੀ ਕੋਈ ਘਟਨਾ ਨਹੀਂ ਹੋਈ। ਇਕ ਹੋਰ ਵੱਖਰੇ ਸਵਾਲ ਦੇ ਜਵਾਬ ’ਚ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ’ਚ ਜੰਮੂ ਕਸ਼ਮੀਰ ’ਚ ਸੁਰੱਖਿਆ ਬਲਾਂ ਨੇ 582 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਜਦਕਿ 46 ਅਤਿਵਾਦੀ ਫੜੇ ਗਏ। ਊਨ੍ਹਾਂ ਕਿਹਾ ਕਿ 2018 ਤੋਂ ਇਸ ਸਾਲ 8 ਸਤੰਬਰ ਤੱਕ ਜੰਮੂ ਕਸ਼ਮੀਰ ’ਚ 76 ਫ਼ੌਜੀ ਜਵਾਨ ਸ਼ਹੀਦ ਹੋਏ ਹਨ।