ਰੇਲਵੇ ਸਟੇਸ਼ਨ `ਤੇ ਹਰਬਲ ਬੂਟੇ ਲਾਏ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਇੱਥੋਂ ਦੇ ਰੇਲਵੇ ਸਟੇਸ਼ਨ ਹਰਬਲ ਬੂਟੇ ਲਾ ਕੇ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ `ਸਿੱਖ ਵਾਤਾਵਰਣ ਦਿਵਸ` ਮਨਾਇਆ। ਹਰਬਲ ਦੇ ਬੂਟਿਆਂ ਵਿੱਚ ਬਿੱਲ, ਲਗਾਠ, ਅਮਰੂਦ, ਮਦਾਕਣੀ,ਹਰੜ, ਬਹੇੜੇ ਆਦਿ ਕਿਸਮਾਂ ਦੇ ਬੂਟੇ ਰੇਲਵੇ ਸ਼ਟੇਸ਼ਨ ਦੇ ਮੁਖ ਦੁਆਰ ਦੇ ਸਾਹਮਣੇ ਬਣਾਈ ਜਾ ਰਹੀ ਪਾਰਕ ਵਿੱਚ ਲਗਾਏ ਗਏ।ਸੰਤ ਸੀਚੇਵਾਲ ਦੀ ਅਗਵਾਈ ਹੇਠ ਹਰ ਸਾਲ ਚੇਤ ਦੀ ਸੰਗਰਾਂਦ ਨੂੰ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ `ਸਿੱਖ ਵਾਤਾਵਰਣ ਦਿਵਸ` ਮਨਾਇਆ ਜਾਂਦਾ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਨਾਨਕਸ਼ਾਹੀ ਕਲੰਡਰ ਅਨੁਸਰ ਚੜ੍ਹੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਜਿਥੇ ਗੁਰੁ ਹਰਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਥੇ ਦੁਨੀਆਂ ਭਰ ਵਿੱਚ ਅੱਜ ਦੇ ਦਿਨ ਨੂੰ ਸਿੱਖ ਵਾਤਾਵਰਣ ਦੇ ਦਿਵਸ ਵੱਜੋਂ ਵੀ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਤਾਂ ਪਾਣੀ, ਧਰਤੀ, ਵਾਤਾਵਰਣ ਸਮੇਤ ਅਨੇਕਾਂ ਹੀ ਦਿਵਸ ਮਨਾਉਂਦੇ ਹਾਂ ਪਰ ਜ਼ਮੀਨੀ ਤੌਰ ‘ਤੇ ਅਸੀਂ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ।ਉਨ੍ਹਾਂ ਕਿਹਾ ਕਿ ਇਸ ਦਾ ਸਬੂਤ ਸਾਡੇ ਜ਼ਹਿਰੀਲੇ ਹੁੰਦੇ ਦਰਿਆ ਬੜੀ ਤੇਜ਼ੀ ਨਾਲ ਸੁੱਕਦੇ ਤੇ ਮੁੱਕਦੇ ਜਾ ਰਹੇ ਹਨ।ਪਾਣੀ ਸਾਨੂੰ ਸਚੁਮੱਚ ਇਨਸਾਨ ਬਣਨ ਲਈ ਪੁਕਾਰ ਰਿਹਾ ਹੈ।
ਦੁਨੀਆਂ ਦਾ ਕੋਈ ਧਰਮ ਨਹੀਂ ਜੋ ਸਾਨੂੰ ਕੁਦਰਤ ਦੇ ਬਖਸ਼ੇ ਭੰਡਾਰਾਂ ਦਾ ਸਤਿਕਾਰ ਨਾ ਕਰਨਾ ਸਿਖਾਉਂਦਾ ਹੋਵੇ ਪਰ ਬੜੇ ਦੁੱਖ ਦੀ ਗੱਲ ਹੈ ਅਸੀਂ ਧਾਰਮਿਕ ਮੁੱਦੇ `ਤੇ ਲੜਨਾਂ ਜਾਣਦੇ ਹਾਂ ਪਰ ਧਰਮ ਦੀ ਦਿੱਤੀ ਸਿੱਖਿਆ ‘ਤੇ ਚੱਲਣਾ ਨਹੀਂ ਚਹੁੰਦੇ,ਜਿਸ ਦਾ ਨਤੀਜਾ ਇਹ ਹੈ ਕਿ ਲੋਕ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਹਨ। ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਪਵਿੱਤਰ ਵੇਈਂ ਦਾ ਪ੍ਰਦੂਸ਼ਣ ਮੁਕਤ ਹੋਣਾ ਅਤੇ ਇਲਾਕੇ ਦੇ 200 ਤੋਂ ਵੱਧ ਪਿੰਡਾਂ ਦਾ ਪ੍ਰਦੂਸ਼ਣ ਮੁਕਤ ਹੋਣਾ ਸਮਾਜ ਲਈ ਇੱਕ ਪ੍ਰੇਰਨਾ ਹੈ। ਲੋਕ ਇੱਕ ਮਰ ਚੁੱਕੀ ਨਦੀ ਨੂੰ ਦੁਬਾਰਾ ਜੀਵਤ ਕਰ ਸਕਦੇ ਹਨ ਤਾਂ ਪਲੀਤ ਹੋ ਚੁੱਕੇ ਦਰਿਆ ਦੁਬਾਰਾ ਨਿਰਮਲ ਧਾਰਾ ਵਿੱਚ ਕਿਉਂ ਨਹੀਂ ਵੱਗ ਸਕਦੇ।
ਯਾਦ ਰਹੇ ਕਿ ਸਾਲ 2014 ਵਿੱਚ ਰੇਲਵੇ ਵਿਭਾਗ ਨੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਸੰਤ ਸੀਚੇਵਾਲ ਨੂੰ ਗੋਦ ਦਿੱਤਾ ਸੀ।ਉਸ ਸਮੇਂ ਤੋਂ ਰੇਲਵੇ ਸਟੇਸ਼ਨ ਦੀ ਕਰੀਬ 35 ਏਕੜ ਜ਼ਮੀਨ ਜਿਹੜੀ ਕਿ ਦਲਦਲ ਬਣੀ ਪਈ ਸੀ ਉਸ ਨੂੰ ਹਰਬਲ ਪਾਰਕਾਂ ਵਿੱਚ ਤਬਦੀਲ ਕਰਕੇ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾ ਦਿੱਤਾ ਹੈ।