ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਪੰਜਾਬ ਦੀ ਪਹਿਲੀ ਪੇਂਡੂ ਯੂਨੀਵਰਸਿਟੀ ਸੰਤ ਬਾਬਾ ਭਾਗ ਸਿੰਘ ਖਿਆਲਾ ਦੇ ਚਾਂਸਲਰ ਅਤੇ ਡੇਰਾ ਸੰਤਪੁਰਾ ਜੱਬੜ ਮਾਣਕੋ (ਜਲੰਧਰ) ਦੇ ਮੁੱਖ ਸੇਵਾਦਾਰ ਮਹਾਨ ਫ਼ਕੀਰੀ ਰੂਹ, ਸੇਵਾ ਦੇ ਪੁੰਜ, ਨਿਮਰਤਾ ਸਾਦਗੀ ਦੀ ਮੂਰਤ, ਨਾਮ ਬਾਣੀ ਦੇ ਰਸੀਏ , ਗੁਰੂ ਦੀ ਬਾਣੀ ਅਤੇ ਬਾਣੇ ਦੇ ਮਹਾਨ ਪ੍ਰਚਾਰਕ, ਸਿੱਖਿਆ ਅਤੇ ਸਮਾਜ ਸੇਵਾ ਦੇ ਮਹਾਂ ਦਾਨੀ, ਪਰਮ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਅੱਜ ਬੀਤੀ ਸ਼ਾਮ ਬ੍ਰਹਮਲੀਨ ਹੋ ਗਏ l ਜਿਸ ਨਾਲ ਸਮੁੱਚੇ ਇਲਾਕੇ ਅਤੇ ਸਿੱਖ ਸੰਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ l
ਸੰਤ ਬ੍ਰਹਮ ਜੀ ਵਲੋਂ ਸ਼੍ਰੀਮਾਨ ਸੰਤ ਬਾਬਾ ਮਲਕੀਤ ਸਿੰਘ ਜੀ ਦੀ ਅਗਵਾਈ ਵਿਚ ਗੁਰਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਹਿਮ ਯੋਗਦਾਨ ਪਾਇਆ ਗਿਆ l ਇਲਾਕੇ ਵਿਚ ਗੁਰੂ ਦੀ ਬਾਣੀ ਅਤੇ ਬਾਣੇ ਦੇ ਪ੍ਰਚਾਰ ਲਈ ਸੰਤ ਬ੍ਰਹਮ ਜੀ ਨੇ ਸਾਰਥਿਕ ਭੂਮਿਕਾ ਨਿਭਾਈ ਅਤੇ ਸੈਂਕਰੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ l ਸਿੱਖਿਆ ਦੇ ਪ੍ਰਸਾਰ ਲਈ ਪੰਜਾਬ ਪੱਧਰ ਦੀ ਵੱਡੀ ਯੂਨੀਵਰਸਿਟੀ ਸਾਥਪਿਤ ਕਰਕੇ ਅਣਗਿਣਤ ਵਿਦਿਆਰਥੀਆਂ ਨੂੰ ਉੱਚ ਵਿਦਿਆ ਪ੍ਰਦਾਨ ਕਰਵਾਈ l
ਸਮੁੱਚੇ ਇਲਾਕੇ ਵਿਚ ਸੜਕਾਂ, ਪੁਲਾਂ, ਸਕੂਲਾਂ, ਹਸਪਤਾਲਾਂ, ਗੁਰੂਦੁਆਰਿਆਂ ਅਤੇ ਅਨੇਕਾਂ ਸਮਾਜਿਕ ਕਾਰਜਾਂ ਵਿਚ ਨਾ ਭੁੱਲਣ ਵਾਲੀ ਸੇਵਾ ਪਾਈ l ਸੰਤ ਬ੍ਰਹਮ ਜੀ ਦੇ ਬ੍ਰਹਮਲੀਨ ਹੋ ਜਾਣ ਤੇ ਸਮੁੱਚੇ ਸੰਸਾਰ ਦੀਆਂ ਸਿੱਖ ਸੰਗਤਾਂ ਵਲੋਂ ਓਹਨਾਂ ਦੀ ਪਵਿੱਤਰ ਦੇਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਹਨ l ਇਸ ਦੁੱਖ ਦੀ ਘੜੀ ਵਿਚ ਵੱਡੀ ਪੱਧਰ ਤੇ ਮਹਾਪੁਰਸ਼ਾਂ ਨੂੰ ਸੰਗਤ ਯਾਦ ਕਰਕੇ ਅੱਖੀਂਓ ਹੰਝੂ ਵਹਾ ਰਹੀ ਹੈ l