ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡੇਰਾ ਸੰਤਪੁਰਾ ਜੱਬੜ ਮਾਣਕੋ ਦੇ ਮੁੱਖ ਸੇਵਾਦਾਰ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਪਰਮ ਸਤਿਕਾਰਯੋਗ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦਾ ਅੱਜ 24 ਅਪ੍ਰੈਲ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 1 ਵਜੇ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਅੰਤਿਮ ਸਸਕਾਰ ਡੇਰਾ ਸੰਤਪੁਰਾ ਜੱਬੜ ਵਿਖੇ ਕਰ ਦਿੱਤਾ ਜਾਵੇਗਾ। ਅੱਜ ਉਨ੍ਹਾਂ ਦੇ ਪਵਿੱਤਰ ਦੇਹੀ ਅੰਤਿਮ ਦਰਸ਼ਨ ਕਰਨ ਲਈ ਡੇਰੇ ਵਿਚ ਸ਼ਰਧਾਲੂ ਸਿੱਖ ਸੰਗਤਾਂ ਤੋਂ ਇਲਾਵਾ ਰਾਜਨੀਤਿਕ ਸਮਾਜਿਕ ਅਤੇ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਪੁਰਸ਼ਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰੀਆਂ। ਰੱਬੀ ਬਾਣੀ ਦੇ ਪ੍ਰਵਾਹ ਚਲਾਏ ਗਏ ਅਤੇ ਇਸ ਮੌਕੇ ਭਾਈ ਹਰਜੋਤ ਸਿੰਘ ਜਖਮੀ ਦੇ ਰਾਗੀ ਜਥੇ ਤੋਂ ਇਲਾਵਾ ਵੱਖ-ਵੱਖ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਦਾ ਗਾਇਨ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਰਘੁਬੀਰ ਸਿੰਘ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਨੇ ਮਹਾਪੁਰਸ਼ਾਂ ਦੇ ਅਕਾਲ ਚਲਾਣੇ ਤੇ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਦੱਸਿਆ।
ਸੰਤ ਬ੍ਰਹਮ ਜੀ ਦੇ ਅੰਤਿਮ ਦਰਸ਼ਨ ਕਰਨ ਲਈ ਹਲਕੇ ਦੇ ਵਿਧਾਇਕ ਪਵਨ ਕੁਮਾਰ ਟੀਨੂੰ, ਮਹਿੰਦਰ ਸਿੰਘ ਕੇ ਪੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਹਰਨਾਮ ਸਿੰਘ ਅਲਾਵਲਪੁਰ, ਸੰਤ ਬਲਵੰਤ ਸਿੰਘ ਹਰਖੋਵਾਲ, ਬੀਬੀ ਸ਼ਰੀਫਾਂ ਜੀ ਉਦੇਸੀਆਂ, ਸੰਤ ਇੰਦਰ ਦਾਸ ਮੇਘੋਵਾਲ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਸਤਨਾਮ ਸਿੰਘ ਨਰੂੜ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਜਸਵੰਤ ਸਿੰਘ ਠੱਕਰਵਾਲ, ਗਿਆਨੀ ਜੋਗਿੰਦਰ ਸਿੰਘ ਬਡਾਲਾ, ਸੰਤ ਹਰਚਰਨ ਦਾਸ ਸ਼ਾਮਚੁਰਾਸੀ, ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ, ਗਿਆਨੀ ਭਗਵਾਨ ਸਿੰਘ ਜੌਹਲ, ਜਥੇਦਾਰ ਹਰਜਿੰਦਰ ਸਿੰਘ ਧਾਮੀ ਮੈਂਬਰ ਐਸ ਜੀ ਪੀ ਸੀ, ਸੰਤ ਬਲਵੀਰ ਸਿੰਘ ਹਰਿਆਣਾ, ਸੰਤ ਮਹਿੰਦਰ ਪਾਲ ਪੰਡਵਾ, ਸੰਤ ਸੁਰਿੰਦਰ ਸਿੰਘ ਸੋਢੀ ਅਤੇ ਸੰਤ ਇੰਦਰ ਦਾਸ ਸੇਖੇ ਸਮੇਤ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਆਪਣੀ ਸ਼ਰਧਾ ਅਕੀਦਤ ਦੇ ਫੁੱਲ ਮਹਾਪੁਰਸ਼ਾਂ ਦੇ ਚਰਨਾਂ ਵਿਚ ਅਰਪਿਤ ਕੀਤੇ। ਕੈਨੇਡਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਮਹਾਪੁਰਸ਼ਾਂ ਦੇ ਚਰਨ ਸੇਵਕ ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਮਹਾਪੁਰਸ਼ਾਂ ਦੀਆਂ ਸਮਾਜਿਕ ਅਤੇ ਵਿੱਦਿਅਕ ਸੇਵਾਵਾਂ ਨੂੰ ਰਹਿੰਦੀ ਦੁਨੀਆਂ ਤੱਕ ਸੰਗਤ ਯਾਦ ਰੱਖੇਗੀ।