ਸੰਘ ਤੇ ਭਾਜਪਾ ਨਾਲ ਜੁੜੇ ਡੈਮੋਕਰੈਟਿਕ ਆਗੂਆਂ ਨੂੰ ਬਾਇਡਨ ਪ੍ਰਸ਼ਾਸਨ ਵਿੱਚ ਥਾਂ ਨਾ ਮਿਲੀ

ਨਵੀਂ ਦਿੱਲੀ (ਸਮਾਜ ਵੀਕਲੀ): ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ’ਚ ਉਨ੍ਹਾਂ ਡੈਮੋਕਰੈਟਿਕ ਹਸਤੀਆਂ ਨੂੰ ਥਾਂ ਨਹੀਂ ਮਿਲੀ ਹੈ ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਜਾਂ ਭਾਜਪਾ ਨਾਲ ਜੁੜੇ ਹੋਏ ਹਨ। ਬਾਇਡਨ ਦੀ ਚੋਣ ਮੁਹਿੰਮ ਲਈ ਕੰਮ ਕਰਨ ਵਾਲੀ ਤੇ ਓਬਾਮਾ ਪ੍ਰਸ਼ਾਸਨ ’ਚ ਰਹੀ ਸੋਨਲ ਸ਼ਾਹ ਨੂੰ ਨਵੇਂ ਰਾਸ਼ਟਰਪਤੀ ਪ੍ਰਸ਼ਾਸਨ ਵਿਚ ਥਾਂ ਨਹੀਂ ਮਿਲੀ ਹੈ।

ਅਮਿਤ ਜਾਨੀ ਨੇ ਵੀ ਬਾਇਡਨ ਦੀ ਚੋਣ ਮੁਹਿੰਮ ਲਈ ਕੰਮ ਕੀਤਾ ਪਰ ਉਹ ਵੀ ਨਵੀਂ ਟੀਮ ਵਿਚ ਥਾਂ ਨਹੀਂ ਬਣਾ ਸਕੇ ਜਿਸ ਦਾ ਕਾਰਨ ਉਨ੍ਹਾਂ ਦਾ ਭਾਜਪਾ-ਆਰਐੱਸਐੱਸ ਨਾਲ ਸਬੰਧ ਹੋਣਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੇ ਪਾਰਟੀ ਤੇ ਸੰਘ ਨਾਲ ਰਾਬਤੇ ਨੂੰ ਕਰੀਬ ਦਰਜਨ ਭਾਰਤੀ-ਅਮਰੀਕੀ ਸੰਗਠਨ ਜੱਗ ਜ਼ਾਹਿਰ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਸੋਨਲ ਸ਼ਾਹ ਦੇ ਪਿਤਾ ‘ਓਵਰਸੀਜ਼ ਫਰੈਂਡਜ਼ ਆਫ਼ ਬੀਜੇਪੀ-ਯੂਐੱਸਏ’ ਦੇ ਪ੍ਰਧਾਨ ਤੇ ਆਰਐੱਸਐੱਸ ਵੱਲੋਂ ਚਲਾਏ ਜਾਂਦੇ ‘ਏਕਲ ਵਿਦਿਆਲਿਆ’ ਦੇ ਸੰਸਥਾਪਕ ਹਨ। ਸ਼ਾਹ ਉਨ੍ਹਾਂ ਲਈ ਫੰਡ ਇਕੱਤਰ ਕਰਦੀ ਰਹੀ ਹੈ। ਜਾਨੀ ਬਾਰੇ ਸਾਹਮਣੇ ਆਇਆ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਸਬੰਧ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਭਾਜਪਾ ਆਗੂਆਂ ਨਾਲ ਹਨ।

ਹਾਲਾਂਕਿ ਬਾਇਡਨ ਦੀ ਟੀਮ ਵਿਚ ਸੀਨੀਅਰ ਕੂਟਨੀਤਕ ਉਜ਼ਰਾ ਜ਼ਿਆ ਵਰਗੇ ਲੋਕ ਹਨ, ਜਿਸ ਨੇ ਦੇਵਯਾਨੀ ਖੋਬਰਗੜੇ ਕੇਸ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸਮੀਰਾ ਫ਼ਾਜ਼ਿਲੀ ਹੈ, ਜਿਸ ਨੇ ਅਮਰੀਕਾ ਵਿਚ ਸੀਏਏ, ਐਨਆਰਸੀ ਤੇ ਕਸ਼ਮੀਰ ਲੌਕਡਾਊਨ ਜਿਹੇ ਮੁੱਦਿਆਂ ਉਤੇ ਹੋਈਆਂ ਰੈਲੀਆਂ ਵਿਚ ਹਿੱਸਾ ਲਿਆ। ਜਿਨ੍ਹਾਂ ਦਾ ਪਿਛੋਕੜ ਆਰਐੱਸਐੱਸ ਜਾਂ ਭਾਜਪਾ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਨੂੰ ਬਾਇਡਨ ਪ੍ਰਸ਼ਾਸਨ ਵਿਚ ਥਾਂ ਨਹੀਂ ਮਿਲੀ ਹੈ।

ਸੂਤਰਾਂ ਮੁਤਾਬਕ ਬਾਇਡਨ-ਹੈਰਿਸ ਦੇ ਸੱਤਾ ਤਬਾਦਲੇ ਲਈ ਕੰਮ ਕਰਨ ਵਾਲੀ ਟੀਮ ’ਤੇ ਧਰਮ-ਨਿਰਪੱਖ ਭਾਰਤੀ-ਅਮਰੀਕੀ ਸੰਗਠਨਾਂ ਦਾ ਬਹੁਤ ਦਬਾਅ ਸੀ ਕਿ ਅਜਿਹੇ ਵਿਅਕਤੀਆਂ ਨੂੰ ਪ੍ਰਸ਼ਾਸਨ ਤੋਂ ਬਾਹਰ ਰੱਖਿਆ ਜਾਵੇ। ਕਾਂਗਰੈਸ਼ਨਲ ਉਮੀਦਵਾਰ ਪ੍ਰੈਸਟਨ ਕੁਲਕਰਨੀ ਭਾਰਤੀ-ਅਮਰੀਕੀ ਸੰਗਠਨਾਂ ਦੇ ਵਿਰੋਧ ਕਾਰਨ ਚੋਣ ਹਾਰ ਗਏ ਤੇ ਇਸੇ ਕਰ ਕੇ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਵੀ ਅਧਾਰ ਗੁਆ ਚੁੱਕੀ ਹੈ। ਕਰੀਬ 19 ਭਾਰਤੀ-ਅਮਰੀਕੀ ਸੰਗਠਨਾਂ ਨੇ ਬਾਇਡਨ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਕਈ ਡੈਮੋਕਰੈਟਿਕ ਦੱਖਣੀ ਏਸ਼ਿਆਈ-ਅਮਰੀਕੀ ਸ਼ਖ਼ਸੀਅਤਾਂ ਦੇ ਸਬੰਧ ਸੱਜੇ ਪੱਖੀ ਹਿੰਦੂ ਸੰਗਠਨ ਨਾਲ ਹਨ।

Previous articleਹੈਰਿਸ ਦੇ ਉਪ-ਰਾਸ਼ਟਰਪਤੀ ਬਣਨ ਨਾਲ ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੋਣਗੇ: ਵ੍ਹਾਈਟ ਹਾਊਸ
Next articleਕਰੋਨਾ ਤੋਂ ਬਚਾਅ ਲਈ ਵੈਕਸੀਨ ਭੇਜਣ ’ਤੇ ਹਸੀਨਾ ਵੱਲੋਂ ਮੋਦੀ ਦਾ ਧੰਨਵਾਦ