ਪਟਿਆਲਾ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਟਿਆਲਾ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਸੰਘਰਸ਼ ਦਾ ਰੁਖ਼ ਦਿੱਲੀ ਵੱਲ ਕਰਨ ਦੀ ਅਪੀਲ ਦੁਹਰਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਕੇਂਦਰ ਸਰਕਾਰ ਨਾਲ ਹੈ, ਜਿਸ ਕਰਕੇ ਕਿਸਾਨਾਂ ਨੂੰ ਪੰਜਾਬ ਦੀ ਥਾਂ ਆਪਣੇ ਸੰਘਰਸ਼ ਦਾ ਮੋੜਾ ਦਿੱਲੀ ਵੱਲ ਨੂੰ ਕੱਟਣ ਦੀ ਲੋੜ ਹੈ।
ਊਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਸੰਘਰਸ਼ ਦਾ ਕੇਂਦਰ ਬਿੰਦੂ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗ ਰਹੀ ਹੈ। ਕਿਸਾਨਾਂ ਨੇ ਭਾਵੇਂ ਮਾਲ ਗੱਡੀਆਂ ਲਈ ਰਾਹ ਛੱਡ ਦਿੱਤੇ ਹਨ, ਪਰ ਸਪਲਾਈ ਨਾ ਆਊਣ ਕਾਰਨ ਪੰਜਾਬ ਸਰਕਾਰ ਕੋਲ਼ ਸਿਰਫ਼ 26 ਅਕਤੂਬਰ ਤਕ ਦਾ ਹੀ ਕੋਲੇ ਦਾ ਭੰਡਾਰ ਬਚਿਆ ਹੈ। ਮੁੱਖ ਮੰਤਰੀ ਦਾ ਤਰਕ ਹੈ ਕਿ ਭਾਵੇਂ ਕੌਮੀ ਗਰਿੱਡ ਤੋਂ ਵੀ ਬਿਜਲੀ ਖਰੀਦਣ ਦਾ ਪ੍ਰਬੰਧ ਹੈ ਅਤੇ ਲੋੜ ਪੈਣ ’ਤੇ ਮਹਿੰਗੇ ਭਾਅ ਬਿਜਲੀ ਖਰੀਦੀ ਵੀ ਜਾ ਸਕਦੀ ਹੈ, ਪਰ ਬਿਜਲੀ ਦੀ ਖਰੀਦ ਸਬੰਧੀ ਕੇਂਦਰ ਤੋਂ ਮਿਲਦੇ ਫੰਡ ਵੀ ਢੁਕਵੇਂ ਰੂਪ ਵਿਚ ਨਾ ਹੋਣ ਕਾਰਨ ਬਿਜਲੀ ਸਬੰਧੀ ਸਮੱਸਿਆ ਪੈਦਾ ਹੋ ਸਕਦੀ ਹੈ।
ਪੰਜਾਬ ਕੋਲ ਯੂਰੀਆ ਵੀ ਸਿਰਫ਼ 10 ਫ਼ੀਸਦੀ ਹੀ ਬਚਿਆ ਹੈ। ਹੋਰਨਾਂ ਸੂਬਿਆਂ ਵਿਚ ਖੇਤੀਬਾੜੀ ਕਾਨੂੰਨਾਂ ਸਬੰਧੀ ਮਤਿਆਂ ਦੀ ਸਥਿਤੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ 11 ਸੂਬਿਆਂ ਵਿਚ ਗ਼ੈਰ ਭਾਜਪਾ ਸਰਕਾਰਾਂ ਹਨ ਅਤੇ 4 ਸੂਬਿਆਂ ਵਿਚ ਕਾਂਗਰਸ ਸੱਤਾ ਵਿਚ ਹੈ। ਕਾਂਗਰਸ ਦੀ ਅਗਵਾਈ ਵਾਲੇ ਸਾਰੇ ਸੂਬਿਆਂ ਵੱਲੋਂ ਕੇਂਦਰੀ ਕਾਨੂੰਨਾਂ ਖਿਲ਼ਾਫ਼ ਅਜਿਹੇ ਮਤੇ ਲਿਆਂਦੇ ਜਾਣਗੇ ਅਤੇ ਉਮੀਦ ਹੈ ਕਿ ਬਾਕੀ ਗ਼ੈਰ-ਭਾਜਪਾ ਵਾਲੇ ਸੂਬਿਆਂ ਵੱਲੋਂ ਅਜਿਹੀ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਖੇਤੀ ਵਿਰੋਧੀ ਕਾਨੂੰਨ ਬਣਨ ਪਿੱਛੇ ਅਕਾਲੀਆਂ ਦੀ ਭਾਗੀਦਾਰੀ ਹੋਣ ਦੇ ਦੋਸ਼ ਲਾਊਂਦਿਆਂ ਕਿਹਾ ਕਿ ਇਸ ਮੁੱਦੇ ’ਤੇ ਪੰਜਾਬ ਸਰਕਾਰ ਕਿਸਾਨਾਂ ਦੀ ਪਿੱਠ ’ਤੇ ਹੈ। ਪੰਜਾਬ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਨੂੰ ਦਰਕਿਨਾਰ ਕੀਤੇ ਹੋਣ ਸਬੰਧੀ ਊਨ੍ਹਾਂ ਕਿਹਾ, “ਕੌਣ ਕਹਿੰਦੈ ਨਵਜੋਤ ਸਿੱਧੂ ਦਰਕਿਨਾਰ ਹਨ?”
ਸੂਤਰਾਂ ਅਨੁਸਾਰ ਕਿਸਾਨਾਂ ਨੇ ਆਪਣੇ ਸੰਘਰਸ਼ ਦਾ ਮੁੱਖ ਕੇਂਦਰ ਬਿੰਦੂ ਕੇਂਦਰ ਸਰਕਾਰ ਨੂੰ ਬਣਾਊਣ ਦੀ ਰਣਨੀਤੀ ਉਲੀਕਣ ਲਈ 26 ਅਕਤੂਬਰ ਨੂੰ ਦਿੱਲੀ ’ਚ ਮੀਟਿੰਗ ਸੱਦ ਲਈ ਹੈ, ਜਿਸ ਦੌਰਾਨ ਕਿਸਾਨ ਸੰਘਰਸ਼ ਨੂੰ ਪੰਜਾਬ ਤੋਂ ਦਿੱਲੀ ਵੱੱਲ ਮੋੜਾ ਕੱਟਣ ਦੀ ਸਹਿਮਤੀ ਬਣਨ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਖੇਤੀ ਸਬੰਧੀ ਵਸਤਾਂ ਲਈ ਭਾਵੇਂ ਕਿਸਾਨਾਂ ਨੇ ਪੰਜਾਬ ਭਰ ਵਿਚ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਲਏ ਹਨ ਪਰ ਕਿਸਾਨ ਯੂਨੀਅਨ ਉਗਰਾਹਾਂ ਨੇ ਰਾਜਪੁਰਾ ਅਤੇ ਬਣਾਂਵਾਲਾ ਸਥਿਤ ਪ੍ਰਾਈਵੇਟ ਭਾਈਵਾਲ਼ੀ ਵਾਲੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਰੋਕਣ ਵਾਸਤੇ ਇਨ੍ਹਾਂ ਦੋਵਾਂ ਪਲਾਂਟਾਂ ਨੂੰ ਜਾਂਦੇ ਰੇਲ ਮਾਰਗਾਂ ’ਤੇ ਧਰਨੇ ਲਾਏ ਹੋਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਮੁੁੱਚੀ ਰੇਲਵੇ ਆਵਾਜਾਈ ਦੀ ਬਹਾਲੀ ਲਈ ਸ਼ਰਤ ਰੱਖਦਿਆਂ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਵੀ ਰੋਕ ਦਿੱਤੀਆਂ ਹਨ।