(ਸਮਾਜ ਵੀਕਲੀ)
ਨੰਗਾ ਕਰ ਕੇ ਦਾਗ਼ੀ ਚਿਹਰਾ ਸਿਆਸਤਦਾਨਾਂ ਦਾ।
ਸੁਰਖ਼ ਸਵੇਰ ਦਿਖਾਉਂਦਾ ਹੈ ਸੰਘਰਸ਼ ਕਿਸਾਨਾਂ ਦਾ।
ਬਦਲ ਬਦਲ ਕੇ ਝੰਡੇ ਜਿਹੜੇ ਥੱਕੇ ਹਾਰੇ ਸੀ,
ਧੋਖੇ ਖਾਂਦੇ ਰਹਿੰਦੇ ਜੋ ਹਰ ਵਾਰ ਵਿਚਾਰੇ ਸੀ,
ਅਰਥ ਸਮਝਗੇ ਹੁਣ ਹਾਕਮ ਦੇ ਝੂਠੇ ਬਿਆਨਾਂ ਦਾ।
ਸੁਰਖ਼ ਸਵੇਰ ਦਿਖਾਉਂਦਾ……….।
ਹੱਡ ਭਨਾ ਕੇ, ਭੁੱਖੀ ਸੌਂ ਕੇ, ਸ਼ੁਕਰ ਮਨਾਉਂਦੀ ਹੈ,
ਮਿਹਨਤ ਪਸ਼ੂਆਂ ਤੋਂ ਵੀ ਭੈੜੀ ਜੂਨ ਹੰਢਾਉਂਦੀ ਹੈ,
ਮੁੱਦਤ ਮਗਰੋਂ ਟੁੱਟਿਆ ਹੈ ਅੱਜ ਸਬਰ ਜ਼ੁਬਾਨਾਂ ਦਾ।
ਸੁਰਖ਼ ਸਵੇਰ ਦਿਖਾਉਂਦਾ……….।
ਹੁਣ ਕਾਲੇ ਕਾਨੂੰਨ ਤਦੇ ਬਣਗੇ ਸਰਕਾਰੀ ਨੇ,
ਖੇਤਾਂ ‘ਤੇ ਅੱਖ ਰੱਖ ਲਈ ਜੇ ਸਰਮਾਏਦਾਰੀ ਨੇ,
ਤਖ਼ਤ ਦਲਾਲੀ ਕਰਦਾ ਦਿਸਦਾ ਬੇਈਮਾਨਾਂ ਦਾ।
ਸੁਰਖ਼ ਸਵੇਰ ਦਿਖਾਉਂਦਾ……….।
ਲੇਖਕ, ਜੱਜ, ਵਕੀਲ, ਦੁਹਾਈ ਪਾਉਂਦੇ ਸਾਰੇ ਹੀ,
ਗੱਲ ਸੁਣੇ ਨਾ ਹਾਕਮ ਲਾਉਂਦਾ ਰਹਿੰਦੈ ਲਾਰੇ ਹੀ,
‘ਜ਼ਖ਼ਮੀ’ ਭਗਵਾਂ ਮੁੱਢੋਂ ਹੀ ਦੁਸ਼ਮਣ ਭਗਵਾਨਾਂ ਦਾ।
ਸੁਰਖ਼ ਸਵੇਰ ਦਿਖਾਉਂਦਾ……….।
ਕਰਮ ਸਿੰਘ ਜ਼ਖ਼ਮੀ
ਪ੍ਰਧਾਨ, ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:)