ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਪੂਹਲਾ ਵਿੱਚ ਸੜਕੀ ਜਾਮ ਲਗਾ ਕੇ ਲੋਕ ਨਿਰਮਾਣ ਵਿਭਾਗ ਤੋਂ ਲਿੰਕ ਸੜਕਾਂ ਦੀ ਮੁਰੰਮਤ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ ਗਈ। ਨਹਿਰ ਦੇ ਪੁਲ ‘ਤੇ ਘੰਟਿਆਂਬੱਧੀ ਸੜਕੀ ਆਵਾਜਾਈ ਠੱਪ ਕੀਤੀ ਗਈ।
ਬੁਲਾਰਿਆਂ ਕਿਹਾ ਕਿ ਪੂਹਲਾ ਤੋਂ ਮਹਿਰਾਜ ਜਾਣ ਵਾਲੀ ਲਿੰਕ ਸੜਕ ਦੇ ਇੱਕ ਕਿਲੋਮੀਟਰ ਟੋਟੇ ਨੂੰ ਉੱਚਾ ਕਰਕੇ ਬਣਾਉਣ ਲਈ ਦੋ ਮਹੀਨੇ ਪਹਿਲਾਂ ਮੋਟਾ ਪੱਥਰ ਪਾਇਆ ਗਿਆ ਸੀ। ਇਸ ਮਗਰੋਂ ਕੰਮ ਬੰਦ ਕੀਤੇ ਜਾਣ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਗੂਆਂ ਅਵਤਾਰ ਸਿੰਘ, ਬਿੱਕਰ ਸਿੰਘ, ਨਛੱਤਰ ਸਿੰਘ, ਤਾਰ ਸਿੰਘ ਅਤੇ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੂਹਲਾ ਤੋਂ ਪਿੰਡ ਬਾਠ ਨੂੰ ਜਾਣ ਵਾਲੀ ਲਿੰਕ ਸੜਕ ਨੂੰ ਉੱਚਾ ਕਰਨ ਸਬੰਧੀ ਸੜਕ ਕਿਨਾਰੇ ਮੋਟੇ ਪੱਥਰ ਦੇ ਵੱਡੇ ਵੱਡੇ ਢੇਰ ਲਾਏ ਗਏ ਹਨ। ਕੰਮ ਅੱਧਵਾਟੇ ਲਟਕਣ ਕਾਰਨ ਰੋਜ਼ਾਨਾ ਇਸ ਰਾਸਤੇ ਤੋਂ ਲੰਘਣ ਵਾਲਿਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਕਲੱਬ ਆਗੂਆਂ ਜੋਬਨਦੀਪ ਸਿੰਘ, ਗੁਰਬਿੰਦਰ ਸਿੰਘ, ਗਗਨਦੀਪ ਸਿੰਘ ਅਤੇ ਜਗਸੀਰ ਸਿੰਘ ਨੇ ਕਿਹਾ ਕਿ ਜੇਕਰ ਇੰਨਂਾਂ ਦੋਵਾਂ ਲਿੰਕ ਸੜਕਾਂ ਦੀ ਉਸਾਰੀ ਸੰਬੰਧੀ ਅਧੂਰਾ ਕੰਮ ਜਲਦੀ ਨਾ ਕੀਤਾ ਗਿਆ ਤਾਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ ਸ਼ੁਰੂ ਕੀਤਾ ਜਾਵੇਗਾ। ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਅਫ਼ਸਰ ਵਿਸ਼ਾਲ ਗਰਗ ਨੇ ਦੱਸਿਆ ਕਿ ਇਹ ਕੰਮ ਕਰ ਰਿਹਾ ਠੇਕੇਦਾਰ ਕਿਸੇ ਕਾਰਨ ਕੰਮ ਅੱਧ ਵਿਚਕਾਰ ਛੱਡ ਕੇ ਚਲਾ ਗਿਆ ਜਿਸ ਕਾਰਨ ਸਮੱਸਿਆ ਪੈਦਾ ਹੋ ਗਈ। ਉਨ੍ਹਾਂ ਕਿਹਾ ਕਿ ਦੁਬਾਰਾ ਟੈਂਡਰ ਕਰਕੇ ਇਸ ਕੰਮ ਨੂੰ ਇੱਕ ਮਹੀਨੇ ‘ਚ ਮੁਕੰਮਲ ਕਰਵਾਇਆ ਜਾਵੇਗਾ। ਉਕਤ ਅਧਿਕਾਰੀ ਵੱਲੋਂ ਧਰਨਾਕਾਰੀਆਂ ਨੂੰ ਦਿੱਤੇ ਇਸੇ ਭਰੋਸੇ ਉਪਰੰਤ ਦੇਰ ਸ਼ਾਮ ਨੂੰ ਸੜਕੀ ਜਾਮ ਸਮਾਪਤ ਕੀਤਾ ਗਿਆ।
INDIA ਸੜਕਾਂ ਦੀ ਮੁਰੰਮਤ ਅੱਧਵਾਟੇ ਛੱਡਣ ਤੋਂ ਭੜਕੇ ਪੂਹਲਾ ਵਾਸੀ