ਲੰਡਨ – (ਰਾਜਵੀਰ ਸਮਰਾ)- ਬਰਤਾਨੀਆ ਦੀ ਸੰਸਦ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਲੇਬਰ ਲੀਡਰ ਜੈਰਮੀ ਕੌਰਬਿਨ ਨੇ 19 ਮਈ ਦਿਨ ਐਤਵਾਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ ਅਤੇ ਉਨ੍ਹਾਂ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਜਲਿ੍ਹਆਂ ਵਾਲਾ ਬਾਗ਼ ਦਾ ਸਾਕਾ ਇਕ ਬਹੁਤ ਹੀ ਦੁਖਦਾਈ ਸੀ, ਜਿਸ ਲਈ ਬਰਤਾਨੀਆ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਉਨ੍ਹਾਂ ਇਹ ਵੀ ਕਿਹਾ ਸੰਸਦ ਵਿਚ ਜਦੋਂ ਪ੍ਰਧਾਨ ਮੰਤਰੀ ਜਲਿ੍ਹਆਂ ਵਾਲਾ ਬਾਗ਼ ਘਟਨਾ ਬਾਰੇ ਬੋਲ ਰਹੀ ਸੀ ਅਤੇ ਮੈਂ ਉਡੀਕ ਕਰ ਰਿਹਾ ਸੀ ਕਿ ਕਦੋਂ ਉਹ ਮੁਆਫ਼ੀ ਮੰਗੇ ਪਰ ਅਖੀਰ ਵਿਚ ਪ੍ਰਧਾਨ ਮੰਤਰੀ ਨੇ ਮੁਆਫ਼ੀ ਨਹੀਂ ਮੰਗੀ | ਮੈਂ ਤੁਰੰਤ ਲੇਬਰ ਪਾਰਟੀ ਵਲੋਂ ਮੁਆਫ਼ੀ ਮੰਗੀ, ਪਰ ਇਹ ਮੁਆਫ਼ੀ ਸਰਕਾਰ ਵਲੋਂ ਮੰਗੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ 1984 ‘ਚ ਜੋ ਕੁਝ ਹੋਇਆ ਬਹੁਤ ਥੋੜਾ ਸਾਨੂੰ ਪਤਾ ਹੈ, ਪਰ ਇਸ ਬਾਰੇ ਪੂਰੀ ਜਾਣਕਾਰੀ ਲਈ ਜਾਂਚ ਕਰਵਾਉਣ ਦੀ ਮੰਗ ਦੀ ਮੈਂ ਹਮਾਇਤ ਕਰਦਾ ਹਾਂ | ਵਕਤ ਨੂੰ ਦੁਬਾਰਾ ਲਿਆਂਦਾ ਨਹੀਂ ਜਾ ਸਕਦਾ, ਪਰ ਇਸ ਬਾਰੇ ਅਗਲੀਆਂ ਪੀੜੀਆਂ ਲਈ ਜਾਣਿਆ ਜਾ ਸਕਦਾ ਹੈ ਕਿ ਉਸ ਸਮੇਂ ਕੀ ਹੋਇਆ ਸੀ | ਇਸ ਕਰਕੇ ਮੈਂ ਆਜ਼ਾਦ ਨਿਰਪੱਖ ਜਾਂਚ ਦੀ ਹਮਾਇਤ ਕਰਦਾ ਹਾਂ, ਕਿ ਇਨਸਾਫ਼ ਮਿਲੇ |
ਸਿੱਖ ਭਾਈਚਾਰੇ ਵੱਲੋਂ ਗੁਰੂ ਘਰਾਂ ਵੱਲੋਂ ਦੇਸ਼ ਭਰ ਵਿਚ ਬਹੁਤ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਭੁੱਖੇ ਲੋਕਾਂ ਨੂੰ ਭੋਜਨ ਛਕਾਇਆ ਜਾ ਰਿਹਾ ਹੈ | ਇਹ ਸਿੱਖੀ ਦੀ ਬਹੁਤ ਚੰਗੀ ਵਿਚਾਰਧਾਰਾ ਹੈ, ਉਹ ਆਪਣਿਆਂ ਦਾ ਵੀ ਅਤੇ ਹੋਰਾਂ ਦਾ ਵੀ ਿਖ਼ਆਲ ਰੱਖਦੇ ਹਨ, ਜਿਸ ਲਈ ਮੈਂ ਸਿੱਖਾਂ ਦਾ ਧੰਨਵਾਦ ਕਰਦਾ ਹਾਂ | ਜਨਗਣਨਾ ਮੌਕੇ ਸਿੱਖਾਂ ਦੀ ਵੱਖਰੀ ਗਿਣਤੀ ਹੋਣੀ ਵੀ ਬਹੁਤ ਮਹੱਤਵਪੂਰਨ ਹੈ, ਤਾਂ ਕਿ ਭਾਈਚਾਰੇ ਦੀਆਂ ਲੋੜਾਂ, ਉਨ੍ਹਾਂ ਦੀਆਂ ਮਿਲਣ ਵਾਲੀਆਂ ਸਹੂਲਤਾਂ ਅਤੇ ਉਨ੍ਹਾਂ ਦੀ ਨੁਮਾਇੰਦਗੀ ਨੂੰ ਤਰਜੀਹ ਮਿਲ ਸਕੇ | ਜੈਰਮੀ ਕੌਰਬਿਨ ਨੇ ਸਿੱਖ ਭਾਈਚਾਰੇ ਦੀਆਂ ਤਾਰੀਫ਼ਾਂ ਕਰਦਿਆਂ 23 ਮਈ ਨੂੰ ਹੋਣ ਵਾਲੀਆਂ ਯੂਰਪੀ ਸੰਸਦ ਚੋਣਾਂ ਵਿਚ ਪਾਰਟੀ ਦੀ ਹਮਾਇਤ ਕਰਨ ਲਈ ਕਿਹਾ | ਉਨ੍ਹਾਂ ਬ੍ਰੈਗਜ਼ਿਟ ਦੀ ਗੱਲ ਵੀ ਕੀਤੀ | ਇਸ ਮੌਕੇ ਗੁਰੂ ਘਰ ਵਲੋਂ ਮੀਤ ਪ੍ਰਧਾਨ ਸ: ਸੋਹਣ ਸਿੰਘ ਸੁਮਰਾ, ਟਰੱਸਟੀ ਡਾ: ਪੀ ਬੀ ਸਿੰਘ ਜੌਹਲ, ਹਰਮੀਤ ਸਿੰਘ ਗਿੱਲ, ਕੁਲਵੰਤ ਸਿੰਘ ਭਿੰਡਰ, ਨਵਰਾਜ ਸਿੰਘ ਚੀਮਾ, ਪ੍ਰਭਜੋਤ ਸਿੰਘ ਮੋਹੀ ਨੇ ਸਨਮਾਨਿਤ ਕੀਤਾ | ਸਮਾਗਮ ਨੂੰ ਸ਼ੈਡੋ ਮੰਤਰੀ ਜੌਹਨ ਮੈਕਡਾਨਲ, ਐਮ ਪੀ ਵਰਿੰਦਰ ਸ਼ਰਮਾ, ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਐਮ ਪੀ ਸੀਮਾ ਮਲਹੋਤਰਾ, ਐਮ ਪੀ ਤਨਮਨਜੀਤ ਸਿੰਘ ਢੇਸੀ, ਯੂਰਪੀਅਨ ਸੰਸਦ ਉਮੀਦਵਾਰ ਨੀਨਾ ਗਿੱਲ, ਕਲੌਡੇ ਮੌਰਿਸ ਨੇ ਵੀ ਸੰਬੋਧਨ ਕੀਤਾ | ਲੇਬਰ ਆਗੂਆਂ ਤੋਂ ਇਲਾਵਾ ਇਸ ਮੌਕੇ ਸੁਖਦੇਵ ਸਿੰਘ ਔਜਲਾ, ਦੀਦਾਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਪੁਰੇਵਾਲ, ਰਘਵਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਗਰੇਵਾਲ, ਵਿਕਰਮ ਸਿੰਘ ਗਰੇਵਾਲ, ਜਸਬੀਰ ਕੌਰ ਅਨੰਦ, , ਦਵਿੰਦਰਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |