ਵੈਨਕੂਵਰ (ਸਮਾਜ ਵੀਕਲੀ) : ਕੈਨੇਡਾ ਭਰ ਦੇ ਲੰਮੇ ਰੂਟਾਂ ’ਤੇ 100 ਸਾਲ ਤੋਂ ਸੇਵਾਵਾਂ ਨਿਭਾ ਰਹੀ ਗਰੇਹਾਊਂਡ ਬੱਸ ਕੰਪਨੀ ਅੱਜ ਰਾਤ ਤੋਂ ਕੈਨੇਡਾ ਵਿਚ ਆਪਣੀਆਂ ਬੱਸਾਂ ਬੰਦ ਕਰ ਰਹੀ ਹੈ। ਬੱਸ ਕੰਪਨੀ ਦੇ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤੋਂ ਉਹ ਘਾਟਾ ਸਹਿ ਕੇ ਬੱਸਾਂ ਚਲਾ ਰਹੇ ਸਨ, ਜੋ ਹੁਣ ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਗਿਆ ਹੈ। ਕੰਪਨੀ ਦੇ ਬੁਲਾਰੇ ਸਟੂਆਰਟ ਕੈਂਡਿਰਕ ਨੇ ਕਿਹਾ ਕਿ ਵਪਾਰ ਵਿਚ ਘਾਟੇ ਦੀ ਇਕ ਹੱਦ ਹੁੰਦੀ ਹੈ, ਜਿਸ ਨੂੰ ਪਾਰ ਕਰਨਾ ਵਪਾਰੀ ਦੀ ਅਕਲਮੰਦੀ ਨਹੀਂ ਮੰਨੀ ਜਾਂਦੀ।
ਉਸ ਨੇ ਦੱਸਿਆ ਕਿ ਇਕ ਸਦੀ ਤੋਂ ਕੁਝ ਵੱਧ ਸਮੇਂ ਤੋਂ ਕੰਪਨੀ ਕੈਨੇਡਾ ਦੇ ਦੂਰ-ਦੁਰਾਡੇ ਬੈਠੇ ਲੋਕਾਂ ਵਿਚ ਪੁਲ ਦਾ ਕੰਮ ਕਰਦੀ ਆ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਔਕੜਾਂ ਤਾਂ ਆਈਆਂ, ਪਰ ਉਹ ਸਹਿੰਦੇ ਰਹੇ। ਉਸ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਅਗਾਊਂ ਟਿਕਟਾਂ ਬੁੱਕ ਕਰਵਾਈਆਂ ਸਨ, ਉਹ 30 ਜੂਨ ਤਕ ਰਿਫੰਡ ਲੈਣ ਦੇ ਹੱਕਦਾਰ ਹਨ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ਕੰਪਨੀ ਦੇ ਫ਼ੈਸਲੇ ਨੂੰ ਕੈਨੇਡੀਅਨ ਲੋਕਾਂ ਲਈ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਇਸ ਦੇ ਹੱਲ ਵਜੋਂ ਸਰਕਾਰ ਖੇਤਰੀ ਬੱਸ ਕੰਪਨੀਆਂ ਨੂੰ ਲੰਮੇ ਰੂਟਾਂ ’ਤੇ ਸੇਵਾਵਾਂ ਦੇਣ ਲਈ ਕੁਝ ਸਹੂਲਤਾਂ ਦੇ ਕੇ ਅਤੇ ਤਾਲਮੇਲ ਵਧਾ ਕੇ ਉਤਸ਼ਾਹਤ ਕਰੇਗੀ ਤਾਂ ਕਿ ਯਾਤਰੀਆਂ ਨੂੰ ਤੰਗੀ ਨਾ ਹੋਵੇ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਦੂਰ-ਦੁਰਾਡੇ ਸ਼ਹਿਰਾਂ ਦੀ ਸੜਕੀ ਯਾਤਰਾ ਵਾਲੇ ਲੰਮੇ ਸਫ਼ਰ ਲਈ ਇਹ ਕੰਪਨੀ 1920 ਤੋਂ ਸੇਵਾਵਾਂ ਦੇ ਰਹੀ ਸੀ। ਕੰਪਨੀ ਅਨੁਸਾਰ ਉਹ ਅਮਰੀਕਾ ਵਿਚ ਆਪਣੀਆਂ ਸੇਵਾਵਾਂ ਉਂਜ ਹੀ ਜਾਰੀ ਰੱਖੇਗੀ ਤੇ ਅਮਰੀਕਾ ਤੋਂ ਸਰਹੱਦ ਪਾਰ ਤੱਕ ਦੀਆਂ ਕੁਝ ਸੇਵਾਵਾਂ ਜਾਰੀ ਰਹਿਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly