ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਸ਼ਨਿਚਰਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮਹੱਤਵਪੂਰਨ ਬੈਠਕ ਹੋਈ, ਜਿਸ ਵਿਚ ਅਜਿਹੇ ਕਈ ਨੇਤਾ ਸ਼ਾਮਲ ਹੋਏ, ਜਿਨ੍ਹਾਂ ਨੇ ਸਰਗਰਮ ਅਗਵਾਈ ਅਤੇ ਵਿਆਪਕ ਜਥੇਬੰਦਕ ਤਬਦੀਲੀ ਦੀ ਮੰਗ ਕਰਦਿਆਂ ਸ੍ਰੀਮਤੀ ਗਾਂਧੀ ਨੂੰ ਪੱਤਰ ਲਿਖਿਆ ਸੀ। ਸ੍ਰੀਮਤੀ ਸੋਨੀਆ ਪਾਰਟੀ ਦੇ ਸੀਨੀਅਰ ਨੇਤਾਵਾਂ ਏਕੇ ਐਂਟਨੀ, ਅੰਬਿਕਾ ਸੋਨੀ, ਅਸ਼ੋਕ ਗਹਿਲੋਤ, ਪੀ. ਚਿਦੰਬਰਮ, ਕਮਲ ਨਾਥ ਅਤੇ ਹਰੀਸ਼ ਰਾਵਤ ਦੀ ਹਾਜ਼ਰੀ ਵਿਚ ਪੱਤਰ ਲਿਖਣ ਵਾਲੇ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਇਹ ਬੈਠਕ, ਜਿਹੜੀ ਸੋਨੀਆ ਦੀ ਰਿਹਾਇਸ਼ 10 ਜਨਪਥ ‘ਤੇ ਹੋਈ, ਵਿਚ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਕਈ ਹੋਰ ਆਗੂ ਸ਼ਾਮਲ ਹੋਏ। ਇਹ ਆਗੂ ਉਨ੍ਹਾਂ 23 ਨੇਤਾਵਾਂ ਵਿਚੋਂ ਸਨ, ਜਿਨ੍ਹਾਂ ਨੇ ਪੱਤਰ ਲਿਖਿਆ ਸੀ। ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨਾਲ ਇਨ੍ਹਾਂ ਨੇਤਾਵਾਂ ਦੀ ਮੁਲਾਕਾਤ ਕਰਵਾਉਣ ਵਿੱਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੀ ਅਹਿਮ ਭੂਮਿਕਾ ਹੈ। ਕਮਲਨਾਥ ਨੇ ਕੁਝ ਦਿਨ ਪਹਿਲਾਂ ਸੋਨੀਆ ਨਾਲ ਵੀ ਮੁਲਾਕਾਤ ਕੀਤੀ ਸੀ।ਮੀਟਿੰਗ ਮਗਰੋਂ ਪਾਰਟੀ ਨੇਤਾ ਸ੍ਰੀ ਪਵਨ ਬਾਂਸਲ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵਿੱਚ ਕਿਸੇ ਤਰ੍ਹਾਂ ਦੀ ਮੁਖਾਲਫ਼ਤ ਨਹੀਂ ਹੈ ਤੇ ਸਾਰੇ ਇਕਜੁੱਟ ਹੋ ਕੇ ਕੰਮ ਕਰਨ ਲਈ ਪ੍ਰਤੀਬੱਧ ਹਨ।