ਸਬਜ਼ੀ ਦੀਆਂ ਰੇਹੜੀਆਂ ਦੀ ਭੀੜ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰਨ ਦਾ ਖਦਸ਼ਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ )– ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਤਿੰਨ ਤੇ ਜਿੱਥੇ ਗ੍ਰਾਮ ਪੰਚਾਇਤ ਸੈਦੋ ਭੁਲਾਣਾ ਵੱਲੋਂ ਲੋਕਾਂ ਦੀ ਸੁਵਿਧਾ ਦੇ ਲਈ ਬਹੁਤ ਹੀ ਸੁੰਦਰ ਬੱਸ ਸਟਾਪ ਤਿਆਰ ਕੀਤਾ ਗਿਆ ਹੈ । ਉਥੇ ਹੀ ਸੈਦੋ ਭੁਲਾਣਾ ਦੇ ਨਿਵਾਸੀਆਂ ਫੁੰਮਣ ਸਿੰਘ, ਕਰਤਾਰ ਸਿੰਘ, ਬਖਸ਼ਿੰਦਰ ਸਿੰਘ, ਰਵਿੰਦਰ ਕੁਮਾਰ , ਕੁਲਵੰਤ ਸਿੰਘ ਤੇ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ ਹਰਵਿੰਦਰ ਸਿੰਘ, ਕੁਲਜੀਤ ਸਿੰਘ, ਜਗਸੀਰ ਸਿੰਘ ,ਪ੍ਰੀਤਮ ਸਿੰਘ ਆਦਿ ਨੇ ਦੱਸਿਆ ਕਿ ਇਸ ਬੱਸ ਸਟਾਪ ਦੇ ਆਲੇ ਦੁਆਲੇ ਸਬਜ਼ੀ ਵਿਕਰੇਤਾਵਾਂ ਵੱਲੋਂ ਨਾਜਾਇਜ਼ ਕਬਜ਼ੇ ਕਾਰਣ ਜਿੱਥੇ ਸੈਦੋ ਭੁਲਾਣਾ ਦੇ ਨਿਵਾਸੀਆਂ ਤੇ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਬੱਸ ਜਾਂ ਆਟੋ ਦਾ ਇੰਤਜ਼ਾਰ ਕਰਨ ਸਮੇਂ ਬੱਸ ਅੱਡਾ ਹੋਣ ਦੇ ਬਾਵਜੂਦ ਏਧਰ ਓਧਰ ਬੈਠ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਥੇ ਹੀ ਇਸ ਬੱਸ ਸਟੈਂਡ ਤੋਂ ਅੱਗੇ ਨੂੰ ਵਧਾ ਕੇ ਸਬਜ਼ੀਆਂ ਦੀਆਂ ਰੇਹੜੀਆਂ ਲਗਾਉਣ ਕਾਰਣ ਕਿਸੇ ਵੀ ਸਮੇਂ ਕਿਸੇ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਉਕਤ ਲੋਕਾਂ ਨੇ ਦੱਸਿਆ ਕਿ ਸ਼ਾਮ ਸਮੇਂ ਇਸ ਸਥਾਨ ਤੇ ਇੰਨਾ ਜ਼ਿਆਦਾ ਭੀੜ ਹੁੰਦੀ ਹੈ, ਕਿ ਲੋਕਾਂ ਦਾ ਲੰਘਣਾ ਤਾਂ ਦੂਰ ਦੀ ਗੱਲ ਸੜਕ ਤੋਂ ਲੰਘਣ ਵਾਲੇ ਵੱਡੇ ਵਾਹਨਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ਾਮ ਸਮੇਂ ਇੱਥੇ ਭੁਲਾਣਾ ਚੌਕੀ ਦੀ ਪੁਲੀਸ ਵੱਲੋਂ ਨਾਕਾ ਵੀ ਲਗਾਏ ਜਾਣ ਦੇ ਬਾਵਜੂਦ ਵੀ ਪੁਲਸ ਪ੍ਰਸ਼ਾਸਨ ਇਸ ਬੱਸ ਸਟਾਪ ਨੂੰ ਸਬਜ਼ੀ ਵਿਕਰੇਤਾਵਾਂ ਦੇ ਕਬਜ਼ੇ ਤੋਂ ਖਾਲੀ ਕਰਾਉਣ ਵਿੱਚ ਬੇਵੱਸ ਨਜ਼ਰ ਆ ਰਿਹਾ ਹੈ ।ਲੋਕਾਂ ਨੇ ਗਰਾਮ ਪੰਚਾਇਤ ਸੈਦੋ ਭੁਲਾਣਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬੱਸ ਸਟਾਪ ਤੋਂ ਸਬਜ਼ੀ ਵਿਕਰੇਤਾਵਾਂ ਦਾ ਕਬਜ਼ਾ ਹਟਾ ਕੇ ਬੱਸ ਸਟਾਪ ਨੂੰ ਰਾਹਗੀਰਾਂ ਦੇ ਬੈਠਣ ਲਈ ਖਾਲੀ ਕਰਵਾਇਆ ਜਾਵੇ ।