ਚੰਡੀਗੜ੍ਹ (ਸਮਾਜਵੀਕਲੀ) : ਅੱਜ ਇਥੇ ਸੈਕਟਰ 22 ਦੀ ਸ਼ਾਸਤਰੀ ਮਾਰਕੀਟ ਵਿੱਚ ਨਗਰ ਨਿਗਮ ਵਲੋਂ ਵੈਂਡਰਾਂ ਨੂੰ ਬਿਠਾਉਣ ਲਈ ਮਾਰਕੀਟ ਦੀ ਪਾਰਕਿੰਗ ਦੇ ਨਾਲ ਲੱਗਦੀ ਸੜਕ ਦੇ ਬਰਮ ਨੂੰ ਤੋੜ ਕੇ ਪੇਵਰ ਬਲਾਕ ਲਗਾਉਣ ਨੂੰ ਲੈ ਕੇ ਅੱਜ ਹੰਗਾਮਾ ਹੋ ਗਿਆ। ਨਿਗਮ ਦੀ ਇਸ ਕਾਰਵਾਈ ਕਾਰਨ ਸ਼ਾਸਤਰੀ ਮਾਰਕੀਟ ਦੇ ਦੁਕਾਨਦਾਰ ਨਿਗਮ ਮੁਲਾਜ਼ਮਾਂ ਨਾਲ ਖਹਿਬੜ ਪਏ।
ਸੂਚਨਾ ਮਿਲਣ ’ਤੇ ਇਲਾਕਾ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਰਵੀ ਕਾਂਤ ਸ਼ਰਮਾ ਮੌਕੇ ’ਤੇ ਪਹੁੰਚ ਗਏ। ਇਸੇ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਵੀ ਮਾਰਕੀਟ ਪਹੁੰਚੇ ਅਤੇ ਦੁਕਾਨਦਾਰਾਂ ਦੇ ਹੱਕ ਵਿੱਚ ਧਰਨਾ ਦਿੱਤਾ। ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਨਿਗਮ ਨੇ ਮਾਰਕੀਟ ਦੀ ਪਾਰਕਿੰਗ ਦੇ ਨਾਲ ਲੱਗਦੀ ਸੜਕ ਦੀ ਬਰਮ ਨੂੰ ਤੋੜ ਕੇ ਉਥੇ ਪੇਵਰ ਬਲਾਕ ਲਗਾਏ ਜਾਣ ਲਈ ਨਿਸ਼ਾਨਦੇਹੀ ਕੀਤੀ ਅਤੇ ਨਾਲ ਹੀ ਬਰਮ ਨੂੰ ਤੋੜਨਾ ਵੀ ਸ਼ੁਰੂ ਕਰ ਦਿੱਤਾ।
ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਹੀ ਇਸ ਸੜਕ ਤੋਂ ਵਾਹਨਾਂ ਨੂੰ ਮੋੜਨ ਲਈ ਗਾਹਕਾਂ ਨੂੰ ਸਮੱਸਿਆ ਆ ਰਹੀ ਹੈ ਅਤੇ ਹੁਣ ਇਸ ਸੜਕ ਨੂੰ ਹੋਰ ਛੋਟਾ ਕਰਕੇ ਉਥੇ ਪੇਵਰ ਬਲਾਕ ਲਗਾਏ ਜਾ ਰਹੇ ਹਨ। ਨਿਗਮ ਦੀ ਇਸ ਕਾਰਵਾਈ ਦਾ ਮਾਰਕੀਟ ਦੇ ਦੁਕਾਨਦਾਰਾਂ ਨੇ ਇਤਰਾਜ਼ ਕੀਤਾ। ਇਸ ਮੌਕੇ ਫੈਸਲਾ ਹੋਇਆ ਕਿ ਅੱਧੀ ਥਾਂ ’ਤੇ ਹੀ ਪੇਵਰ ਬਲਾਕ ਲਗਾਏ ਜਾਣਗੇ।