(ਸਮਾਜ ਵੀਕਲੀ)
ਸੂਬੇ ਦੀਏ ਸਰਕਾਰੇ ਨੀ,ਸੁਣ ਸਰਹਿੰਦ ਦੀਏ ਦੀਵਾਰੇ ਨੀ,
ਬੇਸ਼ੱਕ ਚਿਣਵਾਇਐ ਤੂੰ ਸਾਨੂੰ,ਸਾਡਾ ਸਿਦਕ ਕਦੇ ਨਾ ਹਾਰੇ ਨੀ।
ਤਵਾਰੀਖ ਗਵਾਹੀ ਭਰਦੀ ਏ,ਸਾਡੇ ਗੌਰਵਸ਼ਾਲੀ ਵਿਰਸੇ ਦੀ,
ਸਾਨੂੰ ਗੁੜ੍ਹਤੀ ਉਸ ਪਿਤਾ ਦੀ ਏ,ਜੋ ਹੱਸ-ਹੱਸ ਆਪਾ ਵਾਰੇ ਨੀ।
ਤੂੰ ਕੀ ਡੁਲਾਵੇਂ ਨੀ ਸਾਨੂੰ,ਸਾਡਾ ਲੂੰ-ਲੂੰ ਹੀ ਫੌਲਾਦੀ ਏ,
ਪਿੱਠ ਪਿੱਛੇ ਕਰਨੇ ਵਾਰ ਸਦਾ,ਗਿੱਦੜਾਂ ਦੇ ਹੁੰਦੇ ਕਾਰੇ ਨੀ।
ਵਾਰਸ ਹਾਂ ਅਸੀਂ ਖਾਲਸ ਦੇ,ਨਿੱਗਰ ਜ਼ਮੀਰ ਅਸਾਡਾ ਨੀ,
ਤੇਰੇ ਲਾਹਨਤ ਪੱਲੇ ਪੈ ਗਈ ਏ, ਇਤਿਹਾਸ ਦੱਸੂ ਇਸ ਬਾਰੇ ਨੀ।
ਕੋਈ ਕੀ ਮਿਟਾਵੇ ਹੋਂਦ ਸਾਡੀ,ਅਸਾਂ ਬਾਟੇ ਅੰਮ੍ਰਿਤ ਪੀਤਾ ਏ;
ਅਸੀਂ ਦੂਣ ਸਵਾਇ ਹੋਏ ਆਂ,ਭਾਵੇਂ ਕਈ ਚਲਾ ਗਏ ਆਰੇ ਨੀ ।
ਬਾਬੇ ਨਾਨਕ ਸਾਨੂੰ ਦੱਸਿਆ ਏ,ਰਜ਼ਾ ‘ਚ ਰਹਿਣਾਂ ਹੈ ਕਿੱਦਾਂ,
ਸਾਨੂੰ ਯਾਦ ਨੇ ਭਾਜੀ ਮੋੜਨ ਲਈ,ਦਸ਼ਮੇਸ਼ ਦੇ ਵੀ ਜੈਕਾਰੇ ਨੀ।
ਸੂਬੇ ਦੀਏ ਸਰਕਾਰੇ ਨੀ,ਸੁਣ ਸਰਹਿੰਦ ਦੀਏ ਦੀਵਾਰੇ ਨੀ,
ਬੇਸ਼ੱਕ ਚਿਣਵਾਇਐ ਤੂੰ ਸਾਨੂੰ,ਸਾਡਾ ਸਿਦਕ ਕਦੇ ਨਾ ਹਾਰੇ ਨੀ।
ਬਲਦੇਵ ਕ੍ਰਿਸ਼ਨ ਸ਼ਰਮਾ