ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੇ ਹਲਫ਼ ਲਿਆ

 

  • ਚੀਫ਼ ਜਸਟਿਸ ਚੰਦਰਚੂੜ ਨੇ ਚੁਕਾਈ ਸਹੁੰ
  • ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਵਧ ਕੇ 32 ਹੋਈ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੂੰ ਅੱਜ ਹਲਫ਼ ਦਿਵਾਇਆ। ਸੁਪਰੀਮ ਕੋਰਟ ਪਰਿਸਰ ’ਚ ਹੋਏ ਸਮਾਗਮ ਦੌਰਾਨ ਜਸਟਿਸ ਪੰਕਜ ਮਿੱਠਲ, ਸੰਜੈ ਕਰੋਲ, ਪੀ ਵੀ ਸੰਜੈ ਕੁਮਾਰ, ਅਹਿਸਾਨੂਦੀਨ ਅਮਾਨਉੱਲ੍ਹਾ ਅਤੇ ਮਨੋਜ ਮਿਸ਼ਰਾ ਨੇ ਹਲਫ਼ ਲਿਆ। ਪੰਜ ਨਵੇਂ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਵਧ ਕੇ 32 ਹੋ ਗਈ ਹੈ ਅਤੇ ਅਜੇ ਵੀ ਦੋ ਜੱਜਾਂ ਦੀ ਘਾਟ ਹੈ। ਸੁਪਰੀਮ ਕੋਰਟ ਕੌਲਿਜੀਅਮ ਨੇ ਪਿਛਲੇ ਸਾਲ 13 ਦਸੰਬਰ ਨੂੰ ਇਨ੍ਹਾਂ ਜੱਜਾਂ ਦੀ ਸੁਪਰੀਮ ਕੋਰਟ ’ਚ ਤਰੱਕੀ ਦੀ ਸਿਫ਼ਾਰਿਸ਼ ਕੀਤੀ ਸੀ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਰਾਜਸਥਾਨ ਦੇ ਚੀਫ਼ ਜਸਟਿਸ ਪੰਕਜ ਮਿੱਠਲ, ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੈ ਕਰੋਲ, ਮਨੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ ਪੀ ਵੀ ਸੰਜੈ ਕੁਮਾਰ, ਪਟਨਾ ਹਾਈ ਕੋਰਟ ਦੇ ਜਸਟਿਸ ਅਮਾਨਉੱਲ੍ਹਾ ਅਤੇ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ।

ਸੁਪਰੀਮ ਕੋਰਟ ਕੌਲਿਜੀਅਮ ਨੇ ਦੋ ਹੋਰ ਜੱਜਾਂ ਦੇ ਨਾਮ ਸਿਖਰਲੀ ਅਦਾਲਤ ਲਈ ਸਿਫ਼ਾਰਿਸ਼ ਕੀਤੇ ਹਨ। ਇਨ੍ਹਾਂ ’ਚ ਅਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਰਾਜੇਸ਼ ਬਿੰਦਲ ਅਤੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਅਰਵਿੰਦ ਕੁਮਾਰ ਸ਼ਾਮਲ ਹਨ। ਦੋਵੇਂ ਜਸਟਿਸਾਂ ਦੀ ਨਿਯੁਕਤੀ ਅਤੇ ਹਲਫ਼ ਲਏ ਜਾਣ ਮਗਰੋਂ ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਪੂਰੀ 34 ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਜੱਜਾਂ ਦੀ ਨਿਯੁਕਤੀ ਸਬੰਧੀ ਕੌਲਿਜੀਅਮ ਪ੍ਰਣਾਲੀ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਸਰਕਾਰ ਵਿਚਕਾਰ ਮੱਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਸਨ। ਕਾਨੂੰਨ ਮੰਤਰੀ ਰਿਜਿਜੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੌਮੀ ਨਿਆਂਇਕ ਨਿਯਕੁਤੀ ਕਮਿਸ਼ਨ ਐਕਟ ਅਤੇ ਉਸ ਨਾਲ ਸਬੰਧਤ ਸੰਵਿਧਾਨਕ ਸੋਧ ਐਕਟ 2015 ਰੱਦ ਕਰਨ ’ਤੇ ਸਵਾਲ ਉਠਾਏ ਸਨ।

 

Previous articleਅਨੁਸ਼ਾਸਨੀ ਕਾਰਵਾਈ ਦਾ ਖ਼ੁਦ ਸਾਹਮਣਾ ਕਰਨ ਵਾਲੇ ਚੁੱਕ ਰਹੇ ਨੇ ਸਵਾਲ: ਪ੍ਰਨੀਤ
Next articleਟਿਪਰਾ ਮੋਥਾ ਦੀ ਕਾਂਗਰਸ ਤੇ ਸੀਪੀਆਈ (ਐੱਮ) ਨਾਲ ‘ਗੁਪਤ ਸਾਂਝ’: ਸ਼ਾਹ