ਚੀਫ਼ ਜਸਟਿਸ ਰੰਜਨ ਗੋਗੋਈ ਹੁਣ ਦੇਸ਼ ਦੀ ਸਰਵਉੱਚ ਅਦਾਲਤ ਦੇ 25 ਤੋਂ 30 ਮਈ ਵਾਲੇ ਛੁੱਟੀਆਂ ਵਾਲੇ ਬੈਂਚ ਦਾ ਹਿੱਸਾ ਬਣਨਗੇ। ਇਹ ਫ਼ੈਸਲਾ 23 ਮਈ ਨੂੰ ਲੋਕ ਸਭਾ ਚੋਣਾਂ ਦੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਵੇਲੇ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਸਬੰਧੀ ਕਾਰਵਾਈ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ। ਦੇਸ਼ ਦੀ ਸਰਵਉੱਚ ਅਦਾਲਤ ਸਾਲਾਨਾ ਗਰਮੀਆਂ ਦੀਆਂ ਛੁੱਟੀਆਂ ਤਹਿਤ 13 ਮਈ ਤੋਂ 30 ਜੂਨ ਤਕ ਬੰਦ ਰਹੇਗੀ ਤੇ ਪਹਿਲੀ ਜੁਲਾਈ ਤੋਂ ਮੁੜ ਕੰਮ ਸ਼ੁਰੂ ਕੀਤਾ ਜਾਵੇਗਾ। ਅਦਾਲਤ ਵੱਲੋਂ ਹਰ ਸਾਲ ਛੁੱਟੀਆਂ ਸਬੰਧੀ ਬੈਂਚ ਕਾਇਮ ਕੀਤਾ ਜਾਂਦਾ ਹੈ ਪਰ ਚੀਫ਼ ਜਸਟਿਸ ਕਦੇ ਇਸ ਦਾ ਹਿੱਸਾ ਨਹੀਂ ਰਹੇ। ਇਸ ਵਾਰ ਪਹਿਲੀ ਵਾਰ ਉਹ ਬੈਂਚ ਦਾ ਹਿੱਸਾ ਬਣਨਗੇ। ਇਸ ਬੈਂਚ ਵਿਚ 25 ਤੋਂ 30 ਮਈ ਤਕ ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐੱਮ. ਆਰ. ਸ਼ਾਹ ਸ਼ਾਮਲ ਹੋਣਗੇ। ਇਸ ਬੈਂਚ ਵੱਲੋਂ ਜ਼ਰੂਰੀ ਤੇ ਰੋਜ਼ਾਨਾ ਵਾਲੇ ਮੁੱਦਿਆਂ ’ਤੇ ਸੁਣਵਾਈ ਕੀਤੀ ਜਾਵੇਗੀ।
INDIA ਸੁਪਰੀਮ ਕੋਰਟ ਦੇ ਛੁੱਟੀਆਂ ਵਾਲੇ ਬੈਂਚ ’ਚ ਸ਼ਾਮਲ ਹੋਣਗੇ ਚੀਫ਼ ਜਸਟਿਸ