ਭਾਜਪਾ ਆਗੂ ਤੇ ਹਾਰਵਰਡ ਯੂਨੀਵਰਸਿਟੀ ਤੋਂ ਅਰਥਚਾਰੇ ਦੀ ਪੜ੍ਹਾਈ ਕਰਨ ਵਾਲੇ ਸੁਬਰਾਮਨੀਅਨ ਸਵਾਮੀ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਅਰਥਚਾਰੇ ਬਾਰੇ ਕੋਈ ਗਿਆਨ ਜਾਂ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਚਾਪਲੂਸਾਂ ਨਾਲ ਘਿਰੇ ਹੋਏ ਹਨ ਜਦੋਂਕਿ ਭਾਰਤੀ ਅਰਥਚਾਰਾ ਮੰਦੀ ਦੇ ਰਾਹ ਪਿਆ ਤਬਾਹ ਹੋਣ ਦੇ ਕੰਢੇ ਪੁੱਜ ਗਿਆ ਹੈ। ਵਿੱਤ ਮੰਤਰੀ ਵੱਲੋਂ ਅਰਥਚਾਰੇ ਬਾਰੇ ਮੋਦੀ ਸਰਕਾਰ ਦੇ ਰਿਕਾਰਡ ਦਾ ਬਚਾਅ ਕਰਨ ਤੋਂ ਇਕ ਦਿਨ ਮਗਰੋਂ ਸਵਾਮੀ ਨੇ ਸੀਤਾਰਾਮਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਕੀ ਤੁਸੀਂ ਜਾਣਦੇ ਹੋ ਕਿ ਅੱਜ ਦੇਸ਼ ਦੀ ਅਸਲ ਵਿਕਾਸ ਦਰ ਕੀ ਹੈ? ਉਹ ਕਹਿੰਦੇ ਹਨ ਕਿ ਜੀਡੀਪੀ ਘੱਟ ਕੇ 4.8 ਫੀਸਦ ਰਹਿ ਗਈ ਹੈ। ਮੈਂ ਕਹਿੰਦਾ ਹਾਂ ਕਿ ਇਹ ਡੇਢ ਫੀਸਦ ਹੈ।’ ਵਿੱਤ ਮੰਤਰੀ ਨੇ ਲੰਘੇ ਦਿਨੀਂ ਹਫ਼ਪੋਸਟ ਇੰਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਅਰਥਚਾਰੇ ਦੇ 4.5 ਫੀਸਦ ਦੀ ਦਰ ਨਾਲ ਵਧਣ ਫੁਲਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਹ ਦਰ ਪਿਛਲੇ ਸਾਢੇ ਛੇ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ। ਸਵਾਮੀ ਨੇ ਕਿਹਾ ਕਿ ਵਿੱਤ ਮੰਤਰੀ ਕਾਨਫਰੰਸਾਂ ਦੌਰਾਨ ਪੁੱਛੇ ਸਵਾਲਾਂ ਦੇ ਜਵਾਬ ਲਈ ਮਾਈਕ ਨੌਕਰਸ਼ਾਹਾਂ ਦੇ ਮੂਹਰੇ ਕਰ ਦਿੰਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਲਾਹਕਾਰ ਉਨ੍ਹਾਂ ਨੂੰ ਸਚਾਈ ਦੱਸਣ ਤੋਂ ਡਰਦੇ ਹਨ।ਇਸ ਦੌਰਾਨ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਭਾਰਤੀ ਅਰਥਚਾਰਾ ‘ਬਹੁਤ ਗੰਭੀਰ ਸੰਕਟ’ ਵਿੱਚ ਹੈ, ਜਿੱਥੇ ‘ਮੰਗ ਲਗਾਤਾਰ ਘਟਦੀ’ ਜਾ ਰਹੀ ਹੈ। ਇਥੇ ਟਾਈਮਜ਼ ਲਿੱਟਫੈਸਟ ਦੇ ਆਖਰੀ ਦਿਨ ਉਨ੍ਹਾਂ ਕਿਹਾ ਕਿ ਸਰਕਾਰ, ਵਿਕਾਸ ਦਰ ਅਗਲੀ ਤਿਮਾਹੀ, ਉਸ ਤੋਂ ਅਗਲੀ ਤਿਮਾਹੀ ’ਚ ਬਿਹਤਰ ਹੋਣ ਦਾ ਪਹਾੜਾ ਪੜ੍ਹ ਕੇ ਲੋਕਾਂ ਨੂੰ ‘ਮੂਰਖ’ ਬਣਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਰਚਥਾਰੇ ਨੂੰ ਦਰਪੇਸ਼ ਮੌਜੂਦਾ ਸੰਕਟ ’ਚੋਂ ਨਿਕਲਣ ਵਿੱਚ ਤਿੰਨ ਤੋਂ ਚਾਰ ਜਾਂ ਫਿਰ ਪੰਜ ਸਾਲ ਵੀ ਲੱਗ ਸਕਦੇ ਹਨ।
HOME ਸੀਤਾਰਾਮਨ ਨੂੰ ਅਰਥਚਾਰੇ ਦਾ ਕੋਈ ਗਿਆਨ ਨਹੀਂ: ਸਵਾਮੀ