ਉਪ ਰਾਸ਼ਟਰਪਤੀ ਵੱਲੋਂ ਲੋਕਾਂ ਨੂੰ ਹਿੰਸਾ ਦਾ ਰਾਹ ਛੱਡਣ ਦਾ ਸੱਦਾ;
ਸਹਿਮਤੀ ਤੇ ਅਸਹਿਮਤੀ ਨੂੰ ਜਮਹੂਰੀਅਤ ਦੇ ਸਿਧਾਂਤ ਦੱਸਿਆ
ਹੈਦਰਾਬਾਦ- ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਕੌਮੀ ਜਨਸੰਖਿਆ ਰਜਿਸਟਰ (ਐਨਪੀਏ) ਵਰਗੇ ਮੁੱਦਿਆਂ ’ਤੇ ਵਿਚਾਰਧਾਰਕ ਤੇ ਸਾਕਾਰਾਤਮਕ ਬਹਿਸ ਜ਼ਰੂਰੀ ਹੈ ਅਤੇ ਪ੍ਰਦਰਸ਼ਨਾਂ ਦੌਰਾਨ ਹਿੰਸਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸ੍ਰੀ ਨਾਇਡੂ ਨੇ ਕਿਹਾ ਕਿ ਸੀਏਏ ਹੋਵੇ ਜਾਂ ਐਨਪੀਆਰ ਇਨ੍ਹਾਂ ’ਤੇ ਦੇਸ਼ ਦੇ ਲੋਕਾਂ ਨੂੰ ਸੰਵਿਧਾਨਕ ਸੰਸਥਾਵਾਂ, ਸਭਾਵਾਂ ਅਤੇ ਮੀਡੀਆ ’ਚ ਉਸਾਰੂ ਬਹਿਸ ’ਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਜੇਕਰ ਅਸੀਂ ਇਸ ਬਾਰੇ ਚਰਚਾ ਕਰਾਂਗੇ ਤਾਂ ਸਾਡਾ ਲੋਕਤੰਤਰ ਮਜ਼ਬੂਤ ਹੋਵੇਗਾ ਅਤੇ ਜਨਤਾ ਦੀ ਜਾਣਕਾਰੀ ਵਧੇਗੀ।’ ਅਣਵੰਡੇ ਆਂਧਰਾ ਪ੍ਰਦੇਸ਼ ਦੇ ਮਰਹੂਮ ਮੁੱਖ ਮੰਤਰੀ ਐੱਚ ਚੰਨਾ ਰੈੱਡੀ ਦੇ ਜੈਅੰਤੀ ਸਮਾਗਮਾਂ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਰੋਸ ਪ੍ਰਗਟਾ ਰਹੇ ਲੋਕਾਂ ਦੇ ਖਦਸ਼ੇ ਦੂਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਹਿਮਤੀ ਤੇ ਅਸਹਿਮਤੀ ਲੋਕਤੰਤਰ ਦੇ ਬੁਨਿਆਦੀ ਸਿਧਾਂਤ ਹਨ। ਕੋਈ ਕਿਸੇ ਚੀਜ਼ ਨੂੰ ਪਸੰਦ ਕਰਦਾ ਹੈ ਜਾਂ ਨਹੀਂ, ਦੋਵਾਂ ਪੱਖਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ ਤੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਸਭ ਤੋਂ ਮੁਸ਼ਕਲ ਹਾਲਾਤ ’ਚ ਵੀ ਹਿੰਸਾ ਤੋਂ ਪ੍ਰਹੇਜ਼ ਕੀਤਾ ਸੀ।