ਅੰਮ੍ਰਿਤਸਰ (ਸਮਾਜ ਵੀਕਲੀ) : ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਸਿੱਖ ਸੰਗਤ ਨੂੰ ਸੱਦਾ ਦਿੱਤਾ ਹੈ ਕਿ ਸਿੱਖ ਸੰਸਥਾਵਾਂ ਦੀ ਆਜ਼ਾਦੀ ਵਾਸਤੇ ਸੱਤਾ ਵਿਚ ਬਦਲਾਅ ਲਿਆਉਣ ਲਈ ਬਾਦਲਕਿਆਂ ਦਾ ਬਾਈਕਾਟ ਕੀਤਾ ਜਾਵੇ। ਉਹ ਇੱਥੇ ਪਾਰਟੀ ਵੱਲੋਂ ਕੀਤੇ ਗਏ ਪਸ਼ਚਾਤਾਪ ਸਮਾਗਮ ’ਚ ਸ਼ਾਮਲ ਹੋਣ ਲਈ ਆਏ ਸਨ। ਇਹ ਪਸ਼ਚਾਤਾਪ ਸਮਾਗਮ ਲਾਪਤਾ 328 ਪਾਵਨ ਸਰੂਪਾਂ ਦੇ ਸਬੰਧ ਵਿੱਚ ਕੀਤਾ ਗਿਆ ਹੈ।
ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਮਗਰੋਂ ਪਿੰਡ ਸੁਲਤਾਨਵਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ ਵਿੱਚ ਸਮਾਗਮ ਕੀਤਾ ਗਿਆ। ਪਸ਼ਚਾਤਾਪ ਸਮਾਗਮ ਵਿਚ ਸੰਬੋਧਨ ਕਰਦਿਆਂ ਸ੍ਰੀ ਢੀਂਡਸਾ ਨੇ ਆਖਿਆ ਕਿ ਬਾਦਲਕਿਆਂ ਦਾ ਹਰ ਥਾਂ ’ਤੇ ਬਾਈਕਾਟ ਕੀਤਾ ਜਾਵੇ। ਉਨ੍ਹਾਂ ਇਹ ਸੱਦਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਬੀਤੇ ਦਿਨ ਇਸ ਸਬੰਧੀ ਦਿੱਤੇ ਗਏ ਸੱਦੇ ਦੀ ਹਮਾਇਤ ਵਿੱਚ ਦਿੱਤਾ ਹੈ। ਭਾਈ ਰਣਜੀਤ ਸਿੰਘ ਨੇ ਬੀਤੇ ਦਿਨ 328 ਸਰੂਪਾਂ ਦੇ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਪ੍ਰਵੇਸ਼ ਦੁਆਰ ਪਲਾਜ਼ਾ ਵਿੱਚ ਸ਼੍ਰੋਮਣੀ ਕਮੇਟੀ ਖ਼ਿਲਾਫ਼ ਧਰਨਾ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਸਿੱਖ ਸੰਸਥਾਵਾਂ ਨੂੰ ਬਾਦਲਕਿਆਂ ਦੇ ਕਬਜ਼ੇ ’ਚੋਂ ਆਜ਼ਾਦ ਕਰਵਾਉਣ ਵਾਸਤੇ ਸਿੱਖ ਸੰਗਤ ਨੂੰ ਪਿੰਡਾਂ ਵਿਚ ਬਾਦਲਕਿਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਕਮਾਂ ਕੋੋਲੋਂ ਲਾਪਤਾ ਪਾਵਨ ਸਰੂਪਾਂ ਬਾਰੇ ਸਿੱਖ ਸੰਗਤ ਵੱਲੋਂ ਜਵਾਬ ਮੰਗਿਆ ਜਾ ਰਿਹਾ ਹੈ ਅਤੇ ਉਹ ਇਸ ਸਬੰਧੀ ਜਵਾਬ ਮੰਗਣ ਵਾਲਿਆਂ ਦੀ ਮਾਰ ਕੁੱਟ ਕਰ ਰਹੇ ਹਨ। ਇਸ ਸਬੰਧ ਵਿੱਚ ਸੰਗਤ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਪਰ ਉਨ੍ਹਾਂ ਨੂੰ ਇਸ ਦਾ ਹਿਸਾਬ ਸੰਗਤ ਨੂੰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਅਜਿਹਾ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਦੀ ਸੱਤਾ ਤਬਦੀਲ ਹੋਣ ਮਗਰੋਂ ਇਹ ਹਿਸਾਬ ਲਿਆ ਜਾਵੇਗਾ। ਉਨ੍ਹਾਂ ਖੁਲਾਸਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਹੋਰ ਪੰਥਕ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਸਮੂਹ ਪਾਰਟੀਆਂ ਨੂੰ ਇੱਕ ਮੰਚ ’ਤੇ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੰਵਿਧਾਨ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲਾ ਕੋਈ ਵੀ ਉਮੀਦਵਾਰ ਪਾਰਟੀ ਵਿੱਚ ਸਿਆਸੀ ਅਹੁਦਾ ਨਹੀਂ ਲੈ ਸਕੇਗਾ।
ਬਰਗਾੜੀ ਤੇ ਬਹਿਬਲ ਕਲਾਂ ਬੇਅਦਬੀ ਮਾਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਵੀ ਨਹੀਂ ਕੀਤਾ ਜਦਕਿ ਕੈਪਟਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਜਲਦੀ ਕਾਰਵਾਈ ਹੋਵੇਗੀ। ਭਵਿੱਖ ਵਿਚ ਭਾਜਪਾ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਨਾਂਹ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨਾਂ ਰਾਹੀਂ ਪੰਜਾਬ ਦੀ ਕਿਸਾਨੀ ਲਈ ਵੱਡਾ ਸਕੰਟ ਪੈਦਾ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਸਮਝੌਤਾ ਪਾਰਟੀ ਵਿੱਚ ਫ਼ੈਸਲਾ ਕਰਨ ਮਗਰੋਂ ਹੀ ਕੀਤਾ ਜਾਵੇਗਾ। ਸਮਾਗਮ ਨੂੰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਨਿਧੜਕ ਸਿੰਘ ਬਰਾੜ, ਭਾਈ ਮੋਹਕਮ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਮਨਜੀਤ ਸਿੰਘ ਭੋਮਾ, ਵੱਸਣ ਸਿੰਘ ਜਫਰਵਾਲ ਨੇ ਸੰਬੋਧਨ ਕੀਤਾ।
ਇਸ ਮੌਕੇ ਸਤਨਾਮ ਸਿੰਘ ਮਨਾਵਾ, ਜਸਬੀਰ ਸਿੰਘ ਘੁੰਮਣ, ਜਗਰੂਪ ਸਿੰਘ ਸੇਖਵਾਂ, ਗੁਰਿੰਦਰ ਸਿੰਘ ਬਾਜਵਾ, ਹਰਬੰਸ ਸਿੰਘ ਮੰਝਪੁਰ, ਅਮਰੀਕ ਸਿੰਘ ਸ਼ਾਹਪੁਰ, ਸਰਬਜੀਤ ਸਿੰੰਘ ਸੋਹਲ, ਰਾਜਵਿੰਦਰ ਸਿੰਘ ਰਾਜੂ, ਰਜਿੰਦਰ ਸਿੰਘ ਕਾਂਝਲਾ, ਪਰਮਜੀਤ ਕੌਰ ਗੁਲਸ਼ਨ, ਹਰਜੀਤ ਕੌਰ ਤਲਵੰਡੀ, ਰਾਮਪਾਲ ਸਿੰਘ ਬਹਿਣੀਵਾਲ, ਮਿੱਠੂ ਸਿੰਘ ਕਾਹਨੇਕੇ ਹਾਜ਼ਰ ਸਨ।