(ਸਮਾਜ ਵੀਕਲੀ)
ਸਿੱਖ ਇਤਿਹਾਸ ਵਿਚ ਵੱਡਾ ਘਲੂੱਕਾਰਾ ਵਿਸ਼ੇਸ਼ ਸਥਾਨ ਰਖਦਾ ਹੈ।ਪ੍ਰਿਸੀਪਲ ਤੇਜਾ ਸਿੰਘ ਤੇ ਡਾ.ਗੰਡਾ ਸਿੰਘ ਨੇ ਇਸ ਦੇ ਇਤਿਹਾਸਿਕ ਪਿਛੋਕੜ ਬਾਰੇ ਆਪਣੀ ਪੁਸਤਕ ‘ਸਿੱਖ ਇਤਿਹਾਸ(1469-1765) ਵਿਚ ਲਿਖਿਆ ਹੈ ਕਿ ਦੀਵਾਲੀ ਦੇ ਆਪਣੇ ਵਾਰਸ਼ਿਕ ਉਤਸਵ ਨੂੰ ਮਨਾਉਣ ਲਈ ਸਰਬਤ ਖ਼ਾਲਸਾ 27 ਅਕਤੂਬਰ, 1761 ਨੂੰ ਸਭ ਪਾਸਿਆਂ ਤੋਂ ਅੰਮ੍ਰਿਤਸਰ ਵਿੱਚ ਇਕੱਠਾ ਹੋਇਆ। ਉਨ੍ਹਾਂ ਨੇ ਗੁਰਮਤਾ ਪਾਸ ਕੀਤਾ ਕਿ ਅਹਿਮਦ ਸ਼ਾਹ ਦੇ ਸਾਰੇ ਸਾਥੀਆਂ ਅਤੇ ਸਮਰਥਕਾਂ ਦੇ ਅੱਡਿਆਂ ਉੱਤੇ ਜੋ ਮੁਲਕ ਦੀ ਆਜ਼ਾਦੀ ਦੇ ਰਾਹ ਵਿੱਚ ਰੁਕਾਵਟ ਸਿੱਧ ਹੋ ਰਹੇ ਸਨ, ਕਬਜ਼ਾ ਕਰ ਲਿਆ ਜਾਏ।
ਸਭ ਤੋਂ ਲਾਗੇ ਆਕਲ ਦਾਸ ਦਾ ਜੰਡਿਆਲੇ ਦਾ ਅੱਡਾ ਸੀ ਜੋ ਨਿਰੰਜਣੀਆਂ ਦੇ ਸਿੱਖ-ਵਿਰੋਧੀ ਫ਼ਿਰਕੇ ਦਾ ਆਗੂ ਸੀ ਅਤੇ ਜੋ ਸਦਾ ਹੀ ਸਿੱਖਾਂ ਦੇ ਵੈਰੀਆਂ ਦੀ ਸਹਾਇਤਾ ਕਰਦਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਨੂੰ ਖ਼ਾਲਸੇ ਦੇ ਫੈਸਲੇ ਤੋਂ ਜਾਣੂ ਕਰਾ ਦਿੱਤਾ ਸੀ। ਇਹ ਸ਼ਾਇਦ ਇਸ ਲਈ ਕੀਤਾ ਸੀ ਕਿ ਉਹ ਸਿੱਖਾਂ ਦੀ ਅਧੀਨਗੀ ਪ੍ਰਵਾਨ ਕਰ ਲਵੇ ਪਰ ਉਸ ਨੇ ਸਿੱਖਾਂ ਨਾਲ ਸਮਝੌਤਾ ਕਰਨ ਦੀ ਥਾਂ ਤੁਰੰਤ ਅਹਿਮਦ ਸ਼ਾਹ ਵੱਲ ਚਿੱਠੀ ਲਿਖੀ ਅਤੇ ਉਸ ਨੂੰ ਆਪਣੀ ਸਹਾਇਤਾ ਲਈ ਸੱਦਿਆ।
ਅਹਿਮਦ ਸ਼ਾਹ ਦੁਰਾਨੀ ਜੋ ਆਪਣੇ ਛੇਵੇਂ ਹਮਲੇ ‘ਤੇ ਪਹਿਲਾਂ ਹੀ ਭਾਰਤ ਵੱਲ ਨੂੰ ਆ ਰਿਹਾ ਸੀ, ਆਕਲ ਦਾਸ ਦੇ ਏਲਚੀਆਂ ਨੂੰ ਰੋਹਤਾਸ ਦੇ ਅਸਥਾਨ ‘ਤੇ ਮਿਲਿਆ। ਉਹ ਬੜੀ ਕਾਹਲੀ ਕਾਹਲੀ ਜੰਡਿਆਲੇ ਪੁੱਜਾ ਅਤੇ ਉਸ ਨੂੰ ਪਤਾ ਲੱਗਾ ਕਿ ਸਿੱਖ ਜੰਡਿਆਲੇ ਦਾ ਘੇਰਾ ਛੱਡ ਕੇ ਸਰਹਿੰਦ ਵੱਲ ਨੂੰ ਚਲੇ ਗਏ ਸਨ। ਸਿੱਖਾਂ ਦੇ ਛੇਤੀ ਹੀ ਵਾਪਿਸ ਮੁੜ ਜਾਣ ਦਾ ਕਾਰਨ ‘ਹੁਸੈਨ ਸ਼ਾਹੀ’ ਪੁਸਤਕ ਦੇ ਕਰਤਾ ਅਨੁਸਾਰ ਇਹ ਸੀ ਕਿ ਆਕਲ ਦਾਸ ਦੇ ਪੈਰੋਕਾਰ ਨੇ ਗਊਆਂ ਦੀਆਂ ਹੇਠਲੀਆਂ ਲੱਤਾਂ ਕਿਲ੍ਹੇ ਦੀਆਂ ਦੀਵਾਰਾਂ ਨਾਲ ਲਟਕਾਈਆਂ ਹੋਈਆਂ ਸਨ
ਪਰ ਸਿੱਖਾਂ ਦੇ ਛੇਤੀ ਵਾਪਿਸ ਮੁੜ ਜਾਣ ਦਾ ਅਸਲ ਕਾਰਣ ਇਹ ਸੀ ਕਿ ਉਹ ਆਪਣੇ ਨਾਲ ਆਪਣੇ ਪਰਿਵਾਰਾਂ ਨੂੰ ਹਮਲਾਅਵਰ ਦੀ ਪਹੁੰਚ ਤੋਂ ਦੂਰ ਕਿਸੇ ਥਾਂ ‘ਤੇ ਲਿਜਾਣਾ ਅਤੇ ਛੱਡ ਆਉਣਾ ਚਾਹੁੰਦੇ ਸਨ ਜਾਂ ਉਹ ਉਨ੍ਹਾਂ ਨੂੰ ਦੱਖਣ-ਪੱਛਮੀ ਇਲਾਕੇ ਵਿੱਚ ਰਹਿ ਰਹੇ ਆਪਣੇ ਮਿੱਤਰਾਂ ਜਾਂ ਦੱਖਣ ਵਿੱਚ ਰਾਇਪੁਰ ਅਤੇ ਗੁੱਜਰਵਾਲ ਦੇ ਨੇੜੇ ਪੁਚਾਉਣਾ ਚਾਹੁੰਦੇ ਸਨ। ਸਿੱਖ ਸਰਦਾਰ ਦਿਆਲ ਸਿੰਘ ਬਰਾੜ ਦੀ ਮੌਤ ਦਾ ਵੀ ਬਦਲਾ ਲੈਣਾ ਚਾਹੁੰਦੇ ਸਨ ਜਿਸ ਨੂੰ ਥੋੜ੍ਹੀ ਦੇਰ ਪਹਿਲਾ ਸਰਹਿੰਦ ਦੇ ਗਵਰਨਰ ਜ਼ੈਨ ਖ਼ਾਂ ਨੇ ਮਰਵਾਇਆ ਸੀ। ਇਹ ਖ਼ਬਰ ਸੁਣ ਕੇ, ਕਿ ਸਿੱਖ ਮਲੇਰਕੋਟਲੇ ਦੇ ਲਾਗੇ ਦੇ ਪਿੰਡਾਂ ਵਿੱਚ ਇਕੱਠੇ ਹੋ ਰਹੇ ਹਨ, ਉੱਥੋਂ ਦੇ ਅਫ਼ਗਾਨ ਹਾਕਮ ਭੀਖਨ ਖ਼ਾਂ ਨੇ ਜ਼ੈਨ ਖ਼ਾਂ ਤੋਂ ਮਦਦ ਮੰਗੀ ਅਤੇ ਅਹਿਮਦ ਸ਼ਾਹ ਨੂੰ ਸਿੱਖਾਂ ਵੱਲੋਂ ਖ਼ਤਰੇ ਤੋਂ ਜਾਣੂ ਕਰਵਾਇਆ।
ਇਹ ਖ਼ਬਰ ਸੁਣ ਕੇ ਅਹਿਮਦ ਸ਼ਾਹ 3 ਫਰਵਰੀ, 1762 ਨੂੰ ਲਾਹੌਰ ਤੋਂ ਚਲਿਆ ਅਤੇ ਬੜੀ ਤੇਜ਼ੀ ਨਾਲ ਮਾਲਵੇ ਦੇ ਇਲਾਕੇ ਵਿੱਚ ਆ ਪੁੱਜਾ। 5 ਫਰਵਰੀ ਦੀ ਸਵੇਰ ਤੱਕ ਉਹ ਮਲੇਰਕੋਟਲੇ ਦੇ ਲਾਗੇ ਕੁੱਪ ਪਿੰਡ ਵਿੱਚ ਪੁੱਜ ਗਿਆ ਜਿੱਥੇ ਲਗਭਗ ਤੀਹ ਹਜ਼ਾਰ ਸਿੱਖ ਆਪਣੇ ਪਰਿਵਾਰਾਂ ਅਤੇ ਸਾਮਾਨ ਸਮੇਤ ਡੇਰਾ ਲਾਈ ਬੈਠੇ ਸਨ। ਉਸ ਨੇ ਜ਼ੈਨ ਖ਼ਾਂ ਨੂੰ ਪਹਿਲੇ ਹੀ ਹਿਦਾਇਤਾਂ ਭੇਜ ਦਿੱਤੀਆਂ ਸਨ ਕਿ ਉਹ ਆਪਣੀਆਂ ਸਭ ਫ਼ੌਜਾਂ ਸਮੇਤ ਕੂਚ ਕਰੇ ਅਤੇ ਸਿੱਖਾਂ ਦੇ ਅਗਲੇ ਹਿੱਸੇ ਉੱਤੇ ਹਮਲਾ ਕਰੇ ਜਦ ਕਿ ਉਹ ਆਪ ਉਨ੍ਹਾਂ ਦੇ ਪਿਛਲੇ ਪਾਸਿਉਂ ਹਮਲਾ ਕਰੇਗਾ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਸੀ ਕਿ ਜਿਸ ਕਿਸੇ ਨੂੰ ਵੀ ਉਹ ਭਾਰਤੀ ਲਿਬਾਸ ਵਿੱਚ ਦੇਖਣ ਉਸ ਨੂੰ ਮਾਰ ਦੇਣ। ਜ਼ੈਨ ਖ਼ਾਂ ਦੀਆਂ ਭਾਰਤੀ ਫੌਜਾਂ ਨੂੰ ਸਿੱਖਾਂ ਦੀਆਂ ਫੌਜਾਂ ਤੋਂ ਭਿੰਨ ਰੱਖਣ ਲਈ ਉਨ੍ਹਾਂ ਦੀਆਂ ਪਗੜੀਆਂ ਵਿੱਚ ਹਰੇ ਪੱਤੇ ਟੰਗਣ ਦੀ ਹਿਦਾਇਤ ਕੀਤੀ ਗਈ ਸੀ।
ਸਿੱਖਾਂ ਨੂੰ ਅਚਨਚੇਤ ਘੇਰ ਲਿਆ ਗਿਆ ਸੀ। ਉਨ੍ਹਾਂ ਨੇ ਇੱਕ ਦਮ ਸਲਾਹ ਮਸ਼ਵਰਾ ਕਰਕੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਲੜ ਕੇ ਮਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀਆਂ ਇਸਤਰੀਆਂ ਅਤੇ ਬੱਚਿਆਂ ਦੁਆਲੇ ਇੱਕ ਘੇਰਾ ਬੰਨ੍ਹ ਲਿਆ ਅਤੇ ਲੜਦੇ ਹੋਏ ਅਗਾਂਹ ਵੱਧਦੇ ਗਏ।
ਡਾ.ਚਰਨਜੀਤ ਸਿੰਘ ਗੁਮਟਾਲਾ
91 941753306