ਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਛੋਟਾ ਘੱਲੂਘਾਰਾ

ਡਾ. ਚਰਨਜੀਤ ਸਿੰਘ ਗੁਮਟਾਲਾ

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਘਲੂਘਾਰਾ ਦਾ ਮਤਲਬ ਹੈ ਤਬਾਹੀ,ਗ਼ਾਰਤੀ, ਸਰਵਨਾਸ਼ । ਉਨ੍ਹਾਂ ਅਨੁਸਾਰ 2 ਜੇਠ ਸੰਮਤ 1803 ਵਿਚ ਦੀਵਾਨ ਲਖਪਤ ਰਾਇ ਨਾਲ ਜੋ ਖਾਲਸੇ ਦੀ ਲੜਾਈ ਕਾਨੂੰਵਾਣ ਦੇ ਛੰਭ ਪਾਸ ਹੋਈ ਉਹ ਛੋਟਾ ਘਲੂਘਾਰਾ ਅਤੇ 28 ਮਾਘ ਸੰਮਤ1818 ( 5 ਫਰਵਰੀ 1762) ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਰਾਇਪੁਰ ਗੁਜਰਵਾਲ ਪਾਸ ਕੁੱਪਰਹੀਕੇ ਦੇ ਮਕਾਮ ਹੋਈ ਉਹ ਵੱਡਾ ਘੱਲੂਘਾਰਾ ਸਿੱਖ ਇਤਿਹਾਸ ਵਿਚ ਪ੍ਰਸਿੱਧ ਹੈ ।

ਜਿੱਥੋਂ ਤੀਕ ਛੋਟੇ ਘੱਲੂਘਾਰੇ ਦਾ ਸਬੰਧ ਹੈ ,ਇਸ ਦੇ ਇਤਿਹਾਸਿਕ ਪਿਛੋਕੜ ‘ਤੇ ਵੱਖ ਵੱਖ ਹਵਾਲੇ ਦੇ ਕੇ ਪ੍ਰਿਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ 1 ਜੁਲਾਈ 1745 ਨੂੰ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ। ਉਸ ਦੇ ਤਿੰਨ ਪੁੱਤਰ ਸਨ ਤੇ ਤਿੰਨੋਂ ਹੀ ਆਪਣੇ ਆਪ ਨੂੰ ਯੋਗ ਵਾਰਸ ਸਮਝਦੇ ਸਨ। ਸਭ ਤੋਂ ਵੱਡੇ ਦਾ ਨਾਂ ਯਾਹੀਆ ਖ਼ਾਨ ਸੀ, ਦੂਜੇ ਦਾ ਹਿਯਾਤ ਉੱਲਾ ਖ਼ਾਨ (ਉਸ ਨੂੰ ਸ਼ਾਹਨਵਾਜ ਵੀ ਕਹਿੰਦੇ ਸਨ) ਤੇ ਤੀਸਰੇ ਦਾ ਨਾਮ ਮੀਰ ਬੱਕੀਯ ਸੀ। ਹਿਯਾਤ-ਉੱਲਾ ਖ਼ਾਨ (ਸ਼ਾਹਨਵਾਜ਼ ਖ਼ਾਨ ਜਲੰਧਰ ਦੁਆਬ ਦਾ ਹਾਕਮ ਸੀ) , ਜਦ ਉਹ 21 ਨਵੰਬਰ 1745 ਨੂੰ ਲਾਹੌਰ ਪੁੱਜਾ ਤਾਂ ਯਾਹੀਆ ਖ਼ਾਨ ਪੂਰਨ ਤੌਰ ‘ਤੇ ਅਧਿਕਾਰ ਜਮਾ ਚੁੱਕਾ ਸੀ। ਭਰਾਵਾਂ ਦੀ ਤੂੰ ਤੂੰ ਮੈਂ ਮੈਂ ਹੋਈ ਪਰ ਸ਼ਾਹ ਨਵਾਜ਼ ਬਟਾਲੇ ਚਲਾ ਗਿਆ। ਤੀਜਾ ਪੁੱਤਰ ਮੀਰ ਬੱਕੀਯ ਮੁਲਤਾਨ ਦਾ ਗਵਰਨਰ ਸੀ, ਉਹ ਇਨ੍ਹਾਂ ਝਗੜਿਆਂ ਵਿੱਚ ਪੈਂਣਾ ਨਹੀਂ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਉਸ ਦੀ ਮੁਲਤਾਨ ਦੀ ਨਵਾਬੀ ਕਾਇਮ ਰਹੇ।

ਲਾਹੌਰ ਦੀ ਕਮਜ਼ੋਰ ਹਕੂਮਤ ਦਾ ਲਾਭ ਉਠਾਉਂਦੇ ਹੋਏ ਸਿੱਖਾਂ ਨੇ ਅੰਮ੍ਰਿਤਸਰ ਵੱਲ ਨੂੰ ਮੂੰਹ ਕੀਤਾ। ਆਨੰਦਰਾਮ ਜੋ ਦਿੱਲੀ ਦੇ ਵਜ਼ੀਰ ਕਮਰ-ਉਦ-ਦੀਨ ਦਾ ਮੁਨਸ਼ੀ ਸੀ, ਨੇ ਲਿਖਿਆ ਹੈ ਕਿ ਸਿੱਖ ਜੋ ਪਹਿਲਾਂ ਛੁੱਪ ਕੱਟੀ ਵਿੱਚ ਦਿਨ ਕੱਟਦੇ ਸਨ, ਹੁਣ ਆਪਣੇ ਘੁਰਨਿਆਂ ਤੋਂ ਨਿਕਲ ਆਏ ਤੇ ਲਾਹੌਰ ਤੱਕ ਮਾਰ ਕਰ ਉਜਾੜਾ ਪਾਉਣ ਲੱਗੇ।

ਜ਼ਕਰੀਆ ਖ਼ਾਨ ਦੀ ਮੌਤ ਉਪਰੰਤ ਨਵਾਬ ਕਪੂਰ ਸਿੰਘ ਨੇ 14 ਅਕਤੂਬਰ, 1745 ਨੂੰ ਆਪਣੇ ਜਥੇ ਤੋਂ ਇਲਾਵਾ 24 ਹੋਰ ਜਥੇ ਤੇ ਜਥੇਦਾਰ ਨਿਯਤ ਕੀਤੇ : ਪੰਝੀ ਜਥੇਦਾਰਾਂ ਦੇ ਨਾਮ ਇਹ ਹਨ :-

1. ਸ. ਸ਼ਾਮ ਸਿੰਘ ਨਾਰੋਕੇ 2. ਸ. ਗੁਰਬਖਸ਼ ਸਿੰਘ ਕਲਸੀਆਂ 3. ਸ. ਕਰਮ ਸਿੰਘ ਪੈਜਗੜ੍ਹ 4. ਸ.ਕਰੋੜਾ ਸਿੰਘ 5. ਸ਼. ਨੌਧ ਸਿੰਘ ਸ਼ੁਕਰਚੱਕ 6. ਸ. ਗੁਰਦਿਆਲ ਸਿੰਘ ਡੱਲੇਵਾਲ 7. ਸ. ਚੰਦਾ ਸਿੰਘ ਸ਼ੁਕਰਚੱਕ 8. ਸ. ਕਾਲਾ ਸਿੰਘ ਕੰਗ 9. ਸ. ਖਿਆਲਾ ਸਿੰਘ 10. ਸ. ਧਰਮ ਸਿੰਘ 11. ਸ. ਜੱਸਾ ਸਿੰਘ ਆਹਲੂਵਾਲੀਆ 12. ਸ. ਹਰੀ ਸਿੰਘ ਭੰਗੀ 13. ਬਾਬਾ ਦੀਪ ਸਿੰਘ 14. ਨਵਾਬ ਕਪੂਰ ਸਿੰਘ 15. ਸ.ਜੈ ਸਿੰਘ 16. ਸ. ਸਦਾ ਸਿੰਘ 17 ਸ. ਹੀਰਾ ਸਿੰਘ ਨਕਈ 18.ਸ.ਅੱਘੜ ਸਿੰਘ 19.ਸ. ਸੁੱਖਾ ਸਿੰਘ ਮਾੜੀਕੰਬੋ 20. ਸ. ਮਦਨ ਸਿੰਘ 21. ਸ. ਬਾਘ ਸਿੰਘ ਹਲੂਵਾਲੀਆ 22. ਸ. ਛੱਜਾ ਸਿੰਘ ਪੰਜਵੜ 23. ਸ. ਧੀਰ ਸਿੰਘ ਮਜ਼੍ਹਬੀ 24. ਕਰਮ ਸਿੰਘ ਨਾਰਲੀ ਅਤੇ 25. ਸ. ਭੂਪਾ ਸਿੰਘ। ਹਰ ਸਿੱਖ ਲਈ ਤਲਵਾਰ, ਘੋੜਾ ਤੇ ਬੰਦੂਕ ਰੱਖਣੀ ਜ਼ਰੂਰੀ ਕਰ ਦਿੱਤੀ ਗਈ। ਇਤਨੇ ਜਥੇ ਬਣਨ ਦਾ ਕਾਰਨ ਦੇਂਦੇ ਪੰਥ ਪ੍ਰਕਾਸ਼ ਦਾ ਲਿਖਾਰੀ ਕਹਿੰਦਾ ਹੈ ਕਿ ਕੋਈ ਵੀ ਉੱਦਮੀ ਤੇ ਸੂਰਮਾ ਸਿੰਘ ਦਸ ਪੰਜ ਸਿਰਲੱਥ ਨਾਲ ਰਲਾ ਕੇ ਜਥਾ ਬਣਾ ਲੈਂਦਾ ਸੀ ।

ਯਹੀਆ ਖ਼ਾਨ ਨੇ ਤਾਕਤ ਹੱਥ ਵਿੱਚ ਲੈਂਦੇ ਸਾਰ ਹੀ ਦੀਵਾਨ ਲਖਪਤ ਰਾਇ ਨੂੰ ਦੀਵਾਨ ਥਾਪਿਆ ਜੋ ਕਿ ਜਸਪਤ ਰਾਇ ਦਾ ਵੱਡਾ ਭਰਾ ਸੀ। ਜਦ ਲਖਪਤ ਰਾਇ ਨੇ ਸਿੱਖਾਂ ਦਾ ਰੋੜੀ ਸਾਹਿਬ ਜੁੜਨਾ ਸੁਣਿਆ ਤਾਂ ਉਸ ਖ਼ਾਸ ਹਦਾਇਤਾਂ ਜਸਪਤ ਰਾਇ ਵੱਲ ਭੇਜੀਆਂ। ਜਸਪਤ ਰਾਇ ਨੇ ਇਕੱਠੇ ਸਿੱਖਾਂ ਉੱਤੇ ਹੱਲਾ ਕਰ ਦਿੱਤਾ। ਸਿੱਖ ਵੀ ਟਾਕਰੇ ‘ਤੇ ਡਟ ਗਏ। ਜਸਪਤ ਰਾਇ ਹਾਥੀ ਉੱਤੇ ਚੜ੍ਹਿਆ, ਫੌਜਾਂ ਨੂੰ ਹਮਲਾ ਕਰਨ ਦੇ ਹੁਕਮ ਦੇ ਰਿਹਾ ਸੀ ਕਿ ਭਾਈ ਨਿਬਾਹੂ ਸਿੰਘ ਨੇ ਅੱਗੇ ਵੱਧ ਕੇ ਜਸਪਤ ਰਾਇ ਉੱਤੇ ਹਮਲਾ ਕਰ ਦਿੱਤਾ। ਹਾਥੀ ਦੀ ਪੂਛ ਪਕੜ ਕੇ ਹੁੱਦੇ ਵਿੱਚ ਉਹ ਜਾ ਵੜਿਆ ਅਤੇ ਜਸਪਤ ਰਾਇ ਦਾ ਸਿਰ ਵੱਢ ਆਂਦਾ।ਸਿੰਘਾਂ ਸ਼ਹਿਰ ਵਿੱਚੋਂ ਰਸਦ ਪਾਣੀ ਲਿਆ ਲੰਗਰ ਚਲਾਏ ਅਤੇ ਅੱਗੇ ਚਲੇ ਗਏ। ਜਸਪਤ ਰਾਇ ਦਾ ਸਿਰ ਗੁਸਾਈਂ ਕਿਰਪਾ ਰਾਮ ਬਦੋਂਕੀ ਨੂੰ 500 ਰੁਪਏ ਲੈ ਕੇ ਵਾਪਸ ਕੀਤਾ।

ਲਖਪਤ ਰਾਇ ਨੇ ਜਦ ਜਸਪਤ ਰਾਇ ਦੀ ਮੌਤ ਦੀ ਖ਼ਬਰ ਸੁਣੀ ਤਾਂ ਲੋਹਾ ਲਾਖਾ ਹੋ ਗਿਆ। ਭਰੇ ਦਰਬਾਰ ਵਿੱਚ ਲਖਪਤ ਰਾਇ ਨੇ ਪੱਗੜੀ ਉਤਾਰੀ ਤੇ ਪਾਨ ਦਾ ਬੀੜਾ ਚੁੱਕ ਕੇ ਕਸਮ ਉਠਾਈ ਕਿ “ਉਸ ਦਿਨ ਤੱਕ ਪੱਗੜੀ ਸਿਰ ਉੱਤੇ ਨਹੀਂ ਰੱਖਾਂਗਾ ਜਦ ਤੱਕ ਸਿੱਖਾਂ ਨੂੰ ਨਹੀਂ ਮੁਕਾ ਲੈਂਦਾ”। ਵੱਡੇ ਹੰਕਾਰ ਵਿੱਚ ਉਸ ਕਿਹਾ, “ਸਿੱਖੀ ਇੱਕ ਖੱਤਰੀ (ਗੁਰੂ ਨਾਨਕ) ਨੇ ਸ਼ੁਰੂ ਕੀਤੀ ਸੀ। ਹੁਣ ਇੱਕ ਖੱਤਰੀ ਹੀ ਮੁਕਾਵੇਗਾ। ਉਸ ਸਮੇਂ ਤੱਕ ਖੱਤਰੀ ਨਹੀਂ ਕਹਿਲਾਵਾਂਗਾ ਜਦ ਤੱਕ ਸਿੱਖੀ ਮੁਕਾ ਨਹੀਂ ਲੈਂਦਾ। ਸਿੱਖਾਂ ਦੇ ਸਿਰਾਂ ਵਿੱਚ ਕੈਂਚੀਆਂ ਫੇਰਾਂਗਾ ਤੇ ਇਨ੍ਹਾਂ ਦਾ ਨਾ ਕੋਈ ਨਹੀਂ ਲਵੇਗਾ। ਉਤਨੀ ਦੇਰ ਤੱਕ ਪਗੜੀ ਵੀ ਸਿਰ ਨਹੀਂ ਬੰਨ੍ਹਾਂਗਾ”।

ਨਵਾਬ ਯਾਹੀਆ ਖ਼ਾਨ ਨੇ ‘ਯਿਹ ਅੱਛੀ ਕਾਰ’ ਕਹਿ ਹੱਲਾ ਸ਼ੇਰੀ ਦਿੱਤੀ। ਆਪਣੇ ਕੰਮ ਦਾ ਅਰੰਭ ਕਰਨ ਲਈ ਲਾਹੌਰ ਸ਼ਹਿਰ ਦੇ ਸਾਰੇ ਵਸਨੀਕ ਸਿੱਖ ਪਕੜ ਮੰਗਾਏ ਤੇ 10 ਮਾਰਚ 1746 ਦੀ ਤਰੀਕ ਨਿਯਤ ਕੀਤੀ ਗਈ ਕਿ ਉਨ੍ਹਾਂ ਸਭਨਾਂ ਦੇ ਖੋਪਰ ਉਤਾਰ ਸ਼ਹੀਦ ਕਰ ਦਿੱਤਾ ਜਾਏ। ਐਸੀ ਭਿਆਨਕ ਖ਼ਬਰ ਸੁਣ ਕੇ ਸ਼ਹਿਰੀ ਪਤਵੰਤੇ ਹਿੰਦੂ, ਗੁਸਾਈਂ ਜਗਤ ਭਗਤ ਦੀਵਾਨ ਕੌੜਾ ਮਲ, ਦੀਵਾਨ ਲਛੀ ਰਾਮ, ਸੂਰਤ ਸਿੰਘ, ਦੀਵਾਨ ਦੇਸ ਰਾਜ, ਚੌਧਰੀ ਜਵਾਹਰ ਮੱਲ ਦੀ ਅਗਵਾਈ ਹੇਠਾਂ ਲਖਪਤ ਰਾਇ ਨੂੰ ਬੇਦੋਸਿਆਂ ਦੇ ਖ਼ੂਨ ਕਰਨ ਤੋਂ ਰੋਕਣ ਆਏ ਅਤੇ ਇੱਥੋਂ ਤੱਕ ਕਿਹਾ ਕਿ ਸਾਡੀ ਖ਼ਾਤਰ ਛੱਡ ਦਿਓ। ਉਨ੍ਹਾਂ ਇਹ ਵੀ ਕਿਹਾ ਕਿ 10 ਮਾਰਚ ਨੂੰ ਸੋਮਾਵਤੀ ਅਮਾਵਸ ਹੈ ਉਸ ਦਿਨ ਮਾਰਨਾ ਵੀ ਠੀਕ ਨਹੀਂ, ਪਰ ਉਸ ਆਖਿਆ ਕਿ ਜੇ ਰੱਬ ਵੀ ਕਹੇ ਤਾਂ ਵੀ ਨਹੀਂ ਛੱਡਾਂਗਾ।

ਯਾਹੀਆ ਖ਼ਾਨ ਵੀ ਲਖਪਤ ਰਾਇ ਦੇ ਇਸ਼ਾਰੇ ਉੱਤੇ ਟੁਰਨ ਲੱਗਾ। ਯਾਹੀਆ ਖ਼ਾਨ ਨੇ ਵੀ ਸਖ਼ਤ ਤੋਂ ਸਖ਼ਤ ਹੁਕਮ ਕੱਢੇ। ਢੰਡੋਰੇ ਦੇ ਰਾਹੀਂ ਇਹ ਖ਼ਬਰ ਪਹੁੰਚਾਈ ਗਈ ਕਿ ਜਿੱਥੇ ਵੀ ਸਿੱਖ ਮਿਲੇ ਉਸ ਨੂੰ ਪਕੜ ਕੇ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਕੋਈ ਸ਼ਖ਼ਸ ਗੁੜ ਨੂੰ ਗੁੜ ਨਾ ਆਖੇ, ਗੁੜ ਕਿਹਾ ‘ਗੁਰੂ’ ਯਾਦ ਆ ਜਾਂਦਾ ਹੈ ਤੇ ਗੁਰੂ ਯਾਦ ਆਇਆਂ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜਜ਼ਬਾ ਭੜਕਦਾ ਹੈ, ਇਸ ਲਈ ਗੁੜ ਨੂੰ ਰੋੜੀ ਜਾਂ ਭੇਲੀ ਆਖੋ। ਕੋਈ ਸ਼ਖ਼ਸ ਪੁਸਤਕ ਨੂੰ ਗ੍ਰੰਥ ਨਾ ਆਖੇ, ਗ੍ਰੰਥ ਆਖਿਆਂ ਸਿੱਖਾਂ ਦਾ ‘ਗੁਰੂ ਗ੍ਰੰਥ ਸਾਹਿਬ’ ਚੇਤੇ ਆ ਜਾਂਦਾ ਹੈ ਤੇ ‘ਗ੍ਰੰਥ ਸਾਹਿਬ’ ਚੇਤੇ ਆਇਆਂ ਸਿੱਖੀ ਵਿੱਚ ਵਾਧਾ ਹੁੰਦਾ ਹੈ। ਸਾਰੇ ਗ੍ਰੰਥ ਨੂੰ ਪੋਥੀ ਆਖਣ। ਗੁਰੂ ਗ੍ਰੰਥ ਸਾਹਿਬ ਲੱਭ-ਢੂੰਡ ਅਗਨੀ ਵਿੱਚ ਪਾ ਸਾੜੇ ਗਏ। ਕੁਝ ਦਰਿਆ ਤੇ ਖੂਹਾਂ ਵਿੱਚ ਸੁੱਟ ਦਿੱਤੇ ਗਏ। ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ। ਇਹ ਛੋਟੇ ਘੱਲੂਘਾਰੇ ਦਾ ਅਰੰਭ ਸੀ।

ਪ੍ਰਸਿੱਧ ਇਤਿਹਾਕਾਰ ਖੁਸ਼ਵੰਤ ਸਿੰਘ ਇਸ ਸਬੰਧੀ ਲਿਖਦੇ ਹਨ ਕਿ ਜ਼ਕਰੀਆ ਖਾਂ, ਜਿਸ ਨੇ ਵਿਦੇਸ਼ੀ ਹਮਲਾਵਰ ਦੀ ਅਧੀਨਗੀ ਪ੍ਰਵਾਨ ਕਰ ਲਈ ਸੀ, ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਬੜੀ ਫੁਰਤੀ ਵਿਖਾਈ। ਉਸ ਨੇ ਡੱਲੇਵਾਲ ਦਾ ਕਿਲ੍ਹਾ ਢਾਹ ਦਿੱਤਾ ਜੋ ਸਿੱਖਾਂ ਨੇ ਰਾਵੀ ਦੇ ਕਿਨਾਰੇ ਆਪਣੇ ਲਈ ਬਣਾਇਆ ਸੀ ਤੇ ਪੇਂਡੂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਸਿੱਖਾਂ ਨੂੰ ਪਕੜ ਕੇ ਉਹਦੇ ਹਵਾਲੇ ਕਰਨ ਤਾਂ ਜੋ ਉਨ੍ਹਾਂ ਨੂੰ ਕਤਲ ਕੀਤਾ ਜਾ ਸਕੇ। ਉਸ ਨੇ ਸਿੱਖਾਂ ਦਾ ਸ਼ਿਕਾਰ ਖੇਡਣਾ ਵੀ ਇੱਕ ਵਪਾਰ ਜਾਂ ਧੰਦਾ ਬਣਾ ਦਿੱਤਾ। ਉਸ ਨੇ ਸਿੱਖਾਂ ਦੀ ਗ੍ਰਿਫ਼ਤਾਰੀ ਲਈ ਦਰਜਾ ਬੰਦ ਕਰ ਦਿੱਤੀ। ਸਿੱਖ ਦੇ ਵਾਲ ਕੱਟ ਕੇ ਲਿਆਉਣ ਵਾਲੇ ਨੂੰ ਕੰਬਲ ਇਨਾਮ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਗਈ। ਸਿੱਖ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਰੁਪਏ, ਸਿੱਖ ਦੀ ਖੋਪਰੀ ਲਈ 50 ਰੁਪੈ ਇਨਾਮ ਰੱਖੇ ਗਏ। ਸਿੱਖਾਂ ਦਾ ਘਰ ਨੂੰ ਲੁੱਟਣਾ ਕਾਨੂੰਨੀ ਤੌਰ ‘ਤੇ ਜਾਇਜ਼ ਕਰਾਰ ਬਣਾ ਦਿੱਤਾ ਗਿਆ। ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਜਾਂ ਸਿੱਖ ਬਾਰੇ ਜਾਣਕਾਰੀ ਲੁਕਾਉਣ ਵਾਲੇ ਨੂੰ ਮੌਤ ਦਾ ਦੰਡ ਦੇਣ ਦਾ ਐਲਾਨ ਕੀਤਾ ਗਿਆ।

ਜ਼ਕਰੀਆ ਖ਼ਾਂ ਦੀ ਨੀਤੀ ਨੇ ਪਿੰਡਾਂ ਵਿੱਚੋਂ ਸਿੱਖਾਂ ਦਾ ਮਲੀਆਮੇਟ ਕਰ ਦਿੱਤਾ ਤੇ ਸੈਂਕੜੇ ਹੀ ਸਿੱਖ ਹੱਥਕੜੀਆਂ ਲਾ ਕੇ ਲਿਆਂਦੇ ਗਏ ਜਿੱਥੇ ਉਹਨਾਂ ਨੂੰ ਸ਼ਰੇਆਮ ਨਖਾਸ (ਘੋੜਾ ਮੰਡੀ) ਵਿੱਚ ਸਿਰ ਵੱਢ ਕੇ ਮਾਰ ਦਿੱਤਾ ਗਿਆ। ਇਸ ਥਾਂ ਨਾਮ ਮਗਰੋਂ ਮ੍ਰਿਤਕ ਹੋਏ ਲੋਕਾਂ ਦੀ ਯਾਦ ਵਿਚ ਸ਼ਹੀਦ ਗੰਜ਼ ਪੈ ਗਿਆ।

ਲਖਪਤ ਰਾਇ ਲਾਹੌਰ ਦੇ ਵਸਨੀਕਾਂ ਨੂੰ ਸ਼ਹੀਦ ਕਰਨ ਉਪਰੰਤ ਅੰਮ੍ਰਿਤਸਰ ਵੱਲ ਵਧਿਆ। ਅੰਮ੍ਰਿਤਸਰ ਵੀ ਇੱਕ ਦਮ ਫੌਜਾਂ ਦਾ ਹੱਲਾ ਹੋ ਜਾਣ ਕਾਰਨ ਸਿੱਖ ਟਿਕਾਣਿਆਂ ਵੱਲ ਨਾ ਜਾ ਸਕੇ। ਇਹ ਸੋਚ ਬਣੀ ਕਿ ਕਾਹਨੂੰਵਾਨ ਦੇ ਛੰਭਾਂ ਵੱਲ ਚਲਿਆ ਜਾਏ। ਉੱਥੇ ਹੀ ਬਚ ਜਾਣ ਦੀ ਕੋਈ ਸੂਰਤ ਨਿਕਲ ਸਕਦੀ ਹੈ। ਕਾਹਨੂੰਵਾਨ ਦੇ ਛੰਭਾਂ ਵੱਲ ਜਾਂਦੇ ਹੀ ਰਸਤੇ ਵਿੱਚ ਫੌਜਾਂ ਨੇ ਰੋਕ ਪਾ ਕੇ ਸਿੱਖਾਂ ਦੀ ਵਹੀਰ ਦਾ ਮੂੰਹ ਰਾਵੀ ਵੱਲ ਕਰ ਦਿੱਤਾ। ਲਖਪਤ ਰਾਇ ਨੇ ਜੰਗਲ ਕਟਵਾਣੇ ਅਰੰਭ ਕਰ ਦਿੱਤੇ ਤੇ ਝਲ ਸਾੜ ਕੇ ਤੋਪਾਂ ਸੇਧ ਕੇ ਸਿੰਘਾਂ ‘ਤੇ ਚਲਾਈਆਂ।

ਸਿੰਘਾਂ ਫੈਸਲਾ ਕਰ ਲਿਆ ਕਿ ਝੱਲਾਂ ਵਿੱਚ ਲੁਕਿਆਂ ਸ਼ਹੀਦੀਆਂ ਲੈਣੀਆਂ ਠੀਕ ਨਹੀਂ। ਇਸ ਲਈ ਸੂਰਮੇ ਝੱਲਾਂ ਤੋਂ ਬਾਹਰ ਆ ਗਏ। ਪਰ ਕੁਝ ਵੱਡਿਆਂ ਨੇ ਸਲਾਹ ਦਿੱਤੀ ਕਿ ਤੁਹਾਡੀ ਕੁਰਬਾਨੀ ਅਥਾਹ ਹੈ ਪਰ ਸਿਆਣਪ ਇਸ ਵਿੱਚ ਹੈ ਕਿ ਦਾਅ ਨਾਲ ਲੜਿਆ ਜਾਏ।ਵਿਚਾਰ ਇਹ ਬਣੀ ਕਿ ਬਸੌਲੀ ਦੀਆਂ ਪਹਾੜੀਆਂ ਵਿੱਚ ਪਨਾਹ ਲਈ ਜਾਏ। ਇੱਕ ਪਹਾੜੀਆਂ ਅਤੇ ਦੂਜੇ ਹਿੰਦੂ ਵਸੋਂ। ਪਰ ਉੱਥੇ ਪਹਿਲਾਂ ਹੀ ਫੌਜਾਂ ਨੂੰ ਲਾਹੌਰ ਤੋਂ ਸ਼ਾਹੀ ਫੁਰਮਾਨ ਪੁੱਜ ਚੁੱਕਾ ਸੀ ਕਿ ਕਿਸੇ ਕਿਸਮ ਦੀ ਪਨਾਹ ਜਾਂ ਮਦਦ ਸਿੱਖਾਂ ਨੂੰ ਨਾ ਦਿੱਤੀ ਜਾਏ। ‘ਬਸੌਲੀ’ ਵਿੱਚ ਸਿੱਖਾਂ ਦਾ ਸਵਾਗਤ ਗੋਲੀਆਂ ਅਤੇ ਪੱਥਰਾਂ ਨਾਲ ਹੋਇਆ। ਸਿੱਖਾਂ ਨੇ ਆਪਣੇ ਆਪ ਨੂੰ ਚਾਰੇ ਪਾਸਿਓਂ ਘਿਰੇ ਹੋਏ ਪਾਇਆ। ਸੱਜੇ ਪਾਸੇ ਰਾਵੀ, ਪਿੱਛੇ ਫ਼ੌਜ, ਅੱਗੇ ਫ਼ੌਜ ਅਤੇ ਸਾਹਮਣੇ ਪਹਾੜੀ ਤੇ ਉਤੋਂ ਪੱਥਰਾਂ ਤੇ ਗੋਲੀਆਂ ਦੀ ਵਰਸ਼ਾ। ਨਾ ਰਸਦ, ਨਾ ਪਾਣੀ, ਨਾ ਤੋਪਾਂ, ਨਾ ਬਾਰੂਦ, ਘੋੜ

 

ਡਾ.ਚਰਨਜੀਤ ਸਿੰਘ ਗੁਮਟਾਲਾ

91 941753306

[email protected]

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਸਾਹਿਬ ਕੌਰ ਖਾਲਸਾ ਸੰਸਥਾ ਢੰਡੋਵਾਲ ਵਿਖੇ ਮਿਤੀ 12 ਮਈ ਨੂੰ ਦੂਜੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
Next article“ਸੋਸ਼ਲ ਮੀਡੀਆ ਉੱਪਰ ਬਣੀਆਂ ਪ੍ਰਧਾਨ ਲੇਖਕ ਬੀਬੀਆਂ ਦਾ ਕੱਚ ਤੇ ਸੱਚ”