ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਵਲੋਂ ਅੱਜ ਕੋਵਿਡ-19 ਦੇ ਕਲੀਨਿਕਲ ਪ੍ਰਬੰਧਨ ਲਈ ਪ੍ਰੋਟੋਕੋਲ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਖਾਣ-ਪੀਣ ’ਤੇ ਧਿਆਨ ਦੇਣ, ਯੋਗ ਅਤੇ ਆਯੂਰਵੈਦਿਕ ਜੜ੍ਹੀ-ਬੂਟੀਆਂ ਤੇ ਦਵਾਈਆਂ ਜਿਵੇਂ ਅਸ਼ਵਗੰਧਾ ਤੇ ਆਯੂਸ਼-64 ਆਦਿ ਦੀ ਵਰਤੋਂ ਕਰਨਾ ਸ਼ਾਮਲ ਹੈ।
ਇਹ ਪ੍ਰੋਟੋਕਲ ਕਰੋਨਾਵਾਇਰਸ ਲਾਗ ਦੇ ਬਿਨਾਂ ਲੱਛਣਾਂ ਵਾਲੇ ਜਾਂ ਘੱਟ ਲੱਛਣਾਂ ਵਾਲੇ ਮਰੀਜ਼ਾਂ ਲਈ ਜਾਰੀ ਕੀਤਾ ਗਿਆ ਹੈ। ਆਯੂਸ਼ ਦੇ ਰਾਜ ਮੰਤਰੀ ਸ੍ਰੀਪਦ ਨਾਇਕ ਦੀ ਮੌਜੂਦਗੀ ਵਿੱਚ ਸਿਹਤ ਮੰਤਰੀ ਹਰਸ਼ ਵਰਧਨ ਵਲੋਂ ‘ਕੋਵਿਡ-19 ਦੇ ਪ੍ਰਬੰਧਨ ਲਈ ਆਯੁਰਵੈਦ ਅਤੇ ਯੋਗ ’ਤੇ ਆਧਾਰਿਤ ਕੌਮੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ’ ਜਾਰੀ ਕੀਤਾ ਗਿਆ। ਵਰਧਨ ਨੇ ਬਿਆਨ ਰਾਹੀਂ ਕਿਹਾ, ‘‘ਇਹ ਪ੍ਰੋਟੋਕੋਲ ਨਾ ਕੇਵਲ ਕੋਵਿਡ-19 ਦੇ ਪ੍ਰਬੰਧਨ ਅਤੇ ਰੋਕਥਾਮ ਲਈ ਅਹਿਮ ਕਦਮ ਹੈ ਬਲਕਿ ਆਧੁਨਿਕ ਸਮੇਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਵਾਇਤੀ ਗਿਆਨ ਨੂੰ ਢੁਕਵਾਂ ਸਾਬਤ ਕਰਨ ਵਿੱਚ ਵੀ ਸਹਾਈ ਹੋਵੇਗਾ।’’
ਊਨ੍ਹਾਂ ਅੱਗੇ ਕਿਹਾ, ‘‘ਬਦਕਿਸਮਤੀ ਨਾਲ ਆਯੁਰਵੈਦ ਨੂੰ ਆਜ਼ਾਦੀ ਤੋਂ ਬਾਅਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਕਿਸੇ ਵੱਲੋਂ ਵੀ ਵਧੇਰੇ ਤਵੱਜੋ ਨਹੀਂ ਦਿੱਤੀ ਗਈ।’’ ਆਯੂਸ਼ ਮੰਤਰਾਲੇ ਨੇ ਪ੍ਰੋਟੋਕੋਲ ਰਾਹੀਂ ਕਿਹਾ ਕਿ ਮਹਾਮਾਰੀ ਬਾਰੇ ਮੌਜੂਦਾ ਸਮਝ ਅਨੁਸਾਰ ਕਰੋਨਾਵਾਇਰਸ ਲਾਗ ਰੋਕਣ ਲਈ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਵਧੀਆ ਸ਼ਕਤੀ ਦੀ ਲੋੜ ਹੈ। ਪ੍ਰੋਟੋਕਲ ਵਿੱਚ ਅਸ਼ਵਗੰਧਾ, ਗੜੁੱਚੀ ਘਨਾ ਵਾਟੀ ਜਾਂ ਚਵਨਪ੍ਰਾਸ਼ ਦੀ ਵਰਤੋਂ ਦਾ ਸੁਝਾਅ ਦਿੱਤਾ ਗਿਆ ਹੈ।