ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਪ੍ਰੀਖਿਆ ਨਹੀਂ ਟਲੇਗੀ। ਊਨ੍ਹਾਂ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ’ਚ ਤੇਜ਼ੀ ਨਾਲ ਹੋ ਰਹੇ ਵਾਧੇ ਅਤੇ ਦੇਸ਼ ਦੇ ਕਈ ਹਿੱਸਿਆਂ ’ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ 4 ਅਕਤੂਬਰ ਨੂੰ ਹੋਣ ਵਾਲੀ ਸਿਵਲ ਸੇਵਾ ਮੁੱਢਲੀ ਪ੍ਰੀਖਿਆ ਦੀਆਂ ਤਿਆਰੀਆਂ ਬਾਰੇ ਉਸ ਨੂੰ ਭਲਕੇ ਮੰਗਲਵਾਰ ਤੱਕ ਜਾਣੂ ਕਰਵਾਇਆ ਜਾਵੇ।
ਯੂਪੀਐੱਸਸੀ ਨੇ ਪ੍ਰੀਖਿਆ ਮੁਲਤਵੀ ਕਰਨ ਲਈ ਦਾਇਰ ਅਪੀਲ ਦਾ ਸੁਪਰੀਮ ਕੋਰਟ ’ਚ ਵਿਰੋਧ ਕੀਤਾ ਹੈ। ਜਸਟਿਸ ਏਐੱਮ ਖਾਨਵਿਲਕਰ, ਜਸਟਿਸ ਬੀਆਰ ਗਵਈ ਅਤੇ ਜਸਟਿਸ ਕ੍ਰਿਸ਼ਨ ਮੁਰਾਰੀ ਦੇ ਬੈਂਚ ਨੇ ਵੀਡੀਓ ਕਾਨਫਰੰਸ ਰਾਹੀਂ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਯੂਪੀਐੱਸਸੀ ਨੂੰ ਕਿਹਾ, ‘ਤੁਸੀਂ ਭਲਕ ਤੱਕ ਹਲਫ਼ਨਾਮਾ ਦਾਇਰ ਕਰੋ। ਤੁਸੀਂ ਜੋ ਵੀ ਤਿਆਰੀਆਂ ਕੀਤੀਆਂ ਹਨ ਉਨ੍ਹਾਂ ਦੀ ਜਾਣਕਾਰੀ ਸੰਖੇਪ ਹਲਫ਼ਨਾਮੇ ’ਚ ਦੇਵੋ।’ ਉੱਧਰ ਯੂਪੀਐੱਸਸੀ ਦੇ ਵਕੀਲ ਨੇ ਕਿਹਾ ਕਿ ਸਿਵਲ ਸੇਵਾ ਮੁੱਢਲੀ ਪ੍ਰੀਖਿਆ 31 ਮਈ ਨੂੰ ਹੋਣੀ ਸੀ ਅਤੇ ਹੁਣ ਇਸ ਨੂੰ ਟਾਲਣਾ ਅਸੰਭਵ ਹੈ।