(ਸਮਾਜ ਵੀਕਲੀ)
ਪਹਿਲੀ ਗੱਲ
ਕੱਲ 18 ਜਨਵਰੀ ਨੂੰ ਔਰਤ ਕਿਸਾਨ ਦਿਹਾੜਾ ਮਨਾਇਆ ਗਿਆ। ਦੇਸ਼ ਵਿੱਚ ਸ਼ਾਇਦ ਪਹਿਲੀ ਵਾਰ ਕਿਸੇ ਅੰਦੋਲਨ ਨੇ ਔਰਤਾਂ ਨੂੰ ਸਿਰਫ਼ ਭੀੜ ਨਹੀਂ ਸਗੋਂ ਪੂਰੇ ਅੰਦੋਲਨ ਦੀ ਹਿੱਸੇਦਾਰ ਸਮਝਿਆ । ਦਿੱਲੀ ਤੋਂ ਲੈ ਕੇ ਜਿੱਥੇ ਜਿੱਥੇ ਵੀ ਇਸ ਲੋਕ ਘੋਲ ਦੀ ਸਰਗਰਮੀ ਹੋ ਰਹੀ ਹੈ , ਅੱਜ ਮੋਰਚਾ ਔਰਤਾਂ ਨੇ ਸੰਭਾਲਿਆ ਹੈ। ਘਟਨਾਵਾਂ ਨੂੰ ਸਰਸਰੀ ਨਜ਼ਰ ਨਾਲ ਵੇਖਣ ਵਾਲੇ ਇਸ ਘਟਨਾ ਨੂੰ ਅਣਦੇਖਿਆ ਕਰ ਸਕਦੇ ਹਨ ਪਰ ਸਮਾਜਿਕ ਵਰਤਾਰਿਆਂ ਨੂੰ ਨੀਝ ਨਾਲ ਵੇਖਣ ਵਾਲੇ ਲੋਕ ਸਮਝ ਅਤੇ ਸਮਝਾ ਸਕਦੇ ਹਨ ਕਿ ਏਡੀ ਵੱਡੀ ਗਿਣਤੀ ਵਿੱਚ ਔਰਤਾਂ ਦੇ ਰਾਜਨੈਤਿਕ ਸਰਗਰਮੀ ਦਾ ਹਿੱਸਾ ਬਨਣ ਦਾ ਕੀ ਮਤਲਬ ਹੋ ਸਕਦਾ ਹੈ।ਸ਼ੁੱਭ ਸ਼ਗਨ ਇਹ ਹੈ ਕਿ ਇਹ ਸਰਗਰਮੀ ਉਸ ਸਮੇਂ ਹੋ ਰਹੀ ਹੈ ਜਦੋਂ ਦੇਸ਼ ਦੇ ਹਾਕਮ , ਉਹਨਾਂ ਦਾ ਪਾਲਤੂ ਮੀਡੀਆ ਅਤੇ ਦੇਸ਼ ਦੀ ਸੁਪਰੀਮ ਕੋਰਟ ਸਾਫ਼ ਰੂਪ ਵਿੱਚ ਇਹ ਕਹਿ ਰਹੇ ਹਨ ਕਿ ਔਰਤਾਂ ਦਾ ਇਸ ਸੰਘਰਸ਼ ਵਿੱਚ ਕੀ ਕੰਮ ,ਉਹਨਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ ਹੈ। ਕਿਸਾਨ ਮਹਿਲਾ ਦਿਹਾੜਾ ਐਲਾਨ ਹੈ ਇਸ ਗੱਲ ਦਾ ਕਿ ਅਜਿਹੇ ਹਨੇਰੇ ਵਕਤਾਂ ਵਿੱਚ ਅਠਾਰਾਂ ਜਨਵਰੀ ਦਾ ਇਹ ਦਿਹਾੜਾ ਅਸਲ ਨਾਰੀ ਮੁਕਤੀ ਦੇ ਅੰਦੋਲਨ ਦੇ ਰਾਹ ਦੀ ਮਸ਼ਾਲ ਬਣੇਗਾ…ਇਹ ਸਾਡੀ ਉਮੀਦ ਹੀ ਨਹੀਂ ਸਾਡਾ ਯਕੀਨ ਵੀ ਹੈ। ਨਾਰੀ ਸ਼ਕਤੀ ਨੂੰ ਸਾਡਾ ਸਲਾਮ
ਦੂਜੀ ਗੱਲ
17 ਜਨਵਰੀ ਸ਼ਾਮ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਮਹੱਤਵਪੂਰਨ ਆਗੂ ਹਰਿਆਣੇ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੰਡੂਨੀ ਦੀ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਨੂੰ ਲੈ ਕੇ ਇੱਕ ਵਿਵਾਦ ਸ਼ੁਰੂ ਹੋਇਆ । ਸੋਸ਼ਲ ਮੀਡੀਆ ਉੱਤੇ ਇਸ ਵਿਵਾਦ ਨੇ ਇੱਕ ਨਵੀਂ ਸ਼ਕਲ ਅਖਤਿਆਰ ਕਰ ਲਈ। ਗੁਰਨਾਮ ਸਿੰਘ ਚੰਡੂਨੀ ਤੇ ਉੱਠੀ ਉਂਗਲ ਦੀ ਵਜ੍ਹਾ ਉਸਦੀ ਗਰਮ ਖਿਆਲੀ ਅਤੇ ਕੇਸਰੀ ਪੱਗ ਨੂੰ ਦੱਸਿਆ ਜਾਣ ਲੱਗਾ। ਉਸਨੂੰ ਮੋਰਚੇ ਚੋਂ ਕੱਢਣ ਦੀਆਂ ਖ਼ਬਰਾਂ ਉਡਾਈਆਂ ਜਾਣ ਲੱਗੀਆਂ। ਵਿਵਾਦ ਨੂੰ ਫਿਰ ਸਿੱਖ ਬਨਾਮ ਕਾਮਰੇਡ ਬਨਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਣ ਲੱਗਾ। ਮੋਰਚੇ ਦੇ ਖਿੰਡਣ ਦੇ ਸੰਸੇ ਹਵਾ ਵਿੱਚ ਤੈਰਨ ਲੱਗੇ। ਕੱਲ ਸ਼ਾਮ ਚਾਰ ਕੁ ਵਜੇ ਇੱਕ ਹਮਦਰਦ ਦੋਸਤ ਦਾ ਫ਼ੋਨ ਆਇਆ।ਉਹ ਬਹੁਤ ਉਦਾਸ ਸੀ।ਮੈਂ ਉਸਨੂੰ ਸਿਰਫ਼ ਏਨਾ ਕਿਹਾ ਕਿ ਧੀਰਜ ਰੱਖ , ਇਹ ਅੰਦੋਲਨ ਇੱਥੋਂ ਤੱਕ ਇਸ ਲਈ ਨਹੀਂ ਪਹੁੰਚਿਆ ਕਿ ਇੱਕ ਘਟਨਾ ਇਸ ਨੂੰ ਤਬਾਹ ਕਰ ਦੇਵੇ। ਸ਼ਾਮ ਹੁੰਦੇ ਹੁੰਦੇ ਇਹ ਵਿਵਾਦ ਵੀ ਹੱਲ ਹੋ ਗਿਆ। ਸਾਫ਼ ਗੱਲ ਇਹ ਕਿ ਜਦ ਦੋਹਾਂ ਪਾਸਿਆਂ ਦੀ ਮਨਸ਼ਾ ਸਾਫ਼ ਹੈ ਤਾਂ ਇਹ ਵਿਵਾਦ ਮੁੱਕਣਾ ਹੀ ਸੀ।
ਇਸ ਅੰਦੋਲਨ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ। ਇੱਕ ਗੱਲ ਜੇ ਅਸੀਂ ਹੋਰ ਸਿੱਖ ਲਈਏ ਕਿ ਵਾਪਰਦੀਆਂ ਘਟਨਾਵਾਂ ਉੱਤੇ ਸਹਿਜ ਨਾਲ ਆਪਣਾ ਪ੍ਰਤੀਕਰਮ ਦੇਈਏ ਤਾਂ ਸਾਡੇ ਲਈ ਕੁਝ ਵੀ ਜਿੱਤਣਾ ਸੰਭਵ ਹੈ।
ਆਖਰ ਵਿੱਚ ਨਵਤੇਜ ਭਾਰਤੀ ਦੀ ਛੋਟੀ ਜਿਹੀ ਨਜ਼ਮ ਦਾ ਆਨੰਦ ਲਵੋ
ਓਸੇ ਮਿੱਟੀ ਦੇ ਬਣੇ ਹਾਂ
ਅਸੀਂ ਥੱਕਦੇ ਨਹੀਂ ਜਿਉਣ ਤੋਂ
ਓਸੇ ਮਿੱਟੀ ਦੇ ਬਣੇ ਹਾਂ
ਜਿਹੜੀ ਉੱਗਣਾ ਹੀ ਜਾਣਦੀ
– ਹਰਮੀਤ ਵਿਦਿਆਰਥੀ
19//01//2021