ਸਿਰਸਾ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਦੀ ਹਮਾਇਤ ਤੇ ਐੱਸਵਾਈਐੱਲ ਦੇ ਮੁੱਦੇ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਪ੍ਰਦਸ਼ਨ ਕੀਤਾ। ਖੇਤੀ ਕਾਨੂੰਨਾਂ ਦੇ ਫਾਇਦੇ ਅਤੇ ਐਸਵਾਈਐਲ ਦੇ ਮੁਦੇ ਨੂੰ ਮੁੜ ਤੋਂ ਗਰਮਾਉਣ ਲਈ ਭਾਜਪਾ ਆਗੂਆਂ ਵੱਲੋਂ ਅੱਜ ਸਿਰਸਾ ਦੇ ਪਿੰਡ ਓਟੂ ’ਚ ਭੁੱਖ ਹੜਤਾਲ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ।
ਭਾਜਪਾ ਦੇ ਕੁਝ ਆਗੂ ਤੇ ਕੁਝ ਗਿਣੇ-ਚੁਣੇ ਓਟੂ ਸਥਿਤ ਪੈਲੇਸ ’ਚ ਇਕੱਠੇ ਹੋਏ। ਇਸ ਦਾ ਪਤਾ ਜਿਵੇਂ ਹੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪੱਕਾ ਮੋਰਚਾ ਲਾ ਕੇ ਧਰਨਾ ਦੇ ਰਹੇ ਕਿਸਾਨਾਂ ਨੂੰ ਲੱਗਿਆ ਤਾਂ ਵੱਡੀ ਗਿਣਤੀ ’ਚ ਕਿਸਾਨ ਟਰੈਕਟਰਾਂ ਟਰਾਲੀਆਂ ਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਓਟੂ ਪਹੁੰਚ ਗਏ। ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਭਾਜਪਾ ਆਗੂਆਂ ਤੇ ਭੁੱਖ ਹੜਤਾਲ ਸੰਮੇਲਨ ’ਚ ਪੁੱਜੇ ਲੋਕਾਂ ਦਾ ਵਿਰੋਧ ਕੀਤਾ ਤੇ ਕੇਂਦਰ ਤੇ ਭਾਜਪਾ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂ ਤੇ ਕਾਰਕੁਨ ਆਪਣਾ ਪ੍ਰੋਗਰਾਮ ਕਰਨ ’ਚ ਸਫਲ ਨਾ ਹੋਏ। ਇਸ ਸਬੰਧੀ ਕਿਸਾਨ ਆਗੂ ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਭਾਜਪਾ ਕਿਸਾਨਾਂ ਵਿੱਚ ਫੁੱਟ ਪਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਹੁਣ ਜਦੋਂ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਤਾਂ ਉਹ ਹੁਣ ਐੱਸਵਾਈਐੱਲ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂਕਿ ਐਸਵਾਈਐਲ ਨਹਿਰ ਦਾ ਮੁੱਦਾ ਸੁਪਰੀਮ ਕਰੋਟ ਵਿੱਚ ਹੈ।