ਸਿਰਫ਼ ਦੋ ਦਿਨ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਲੱਭ ਲੁੱਭ ਕੇ ਕੋਈ ਫੋਟੋ ਪੁਰਾਣੀ
ਫ਼ੇਸਬੁੱਕ ‘ਤੇ ਪਾ ਦਿੰਨੇਂ ਆਂ  ।
ਲੋਕਾ ਚਾਰੀ ਕਰਨ ਵਾਸਤੇ
ਅਪਣਾ ਫ਼ਰਜ਼ ਨਿਭਾ ਦਿੰਨੇਂ ਆਂ ।
ਇੱਕ ਇੱਕ ਦਿਨ ਬੇਬੇ ਬਾਪੂ ਨੂੰ
ਅਸੀਂ ਬਣਾਈਏ ਘਰਦੇ  ।
ਸਾਲ ਵਿੱਚ ਮਾਪਿਆਂ ਨੂੰ  ,
ਅਸੀਂ ਦੋ ਦਿਨ ਯਾਦ ਹਾਂ ਕਰਦੇ ।
ਸਾਲ ਵਿੱਚ ਮਾਪਿਆਂ ਨੂੰ ——–
ਬਾਕੀ ਤਿੰਨ ਸੌ ਤ੍ਰੇਹਟ ਦਿਨਾਂ ਵਿੱਚ
ਸਾਨੂੰ ਯਾਦ ਵੀ ਨਹੀਓਂ ਆਉਂਦੀ ।
ਘਰਵਾਲ਼ੀ ਧੀਆਂ ਪੁੱਤ ਪੋਤੇ
ਜਾਂ ਫਿਰ ਨੌਕਰੀ ਸੁਰਤ ਭੁਲਾਉਂਦੀ ।
ਅਸੀਂ ਇੱਕ ਅੱਧਾ ਕਦੇ ਸੂਟ ਸਮਾਈਏ
ਲੋਕ ਲਾਜ ਤੋਂ ਡਰਦੇ  ।
ਸਾਲ ਵਿੱਚ ਮਾਪਿਆਂ ਨੂੰ———–
ਅਪਣੇ ਕੋਲ਼ ਹਨ ਕੋਠੀਆਂ ਕਾਰਾਂ
ਚਲਦੇ ਰਹਿੰਦੇ ਏ ਸੀ ਗੀਜ਼ਰ  ।
ਫਲ਼ ਸਬਜ਼ੀ ਤੇ ਖਾਣ ਪੀਣ ਦੀਆਂ
ਚੀਜ਼ਾਂ ਦੇ ਨਾਲ ਭਰੇ ਫ਼ਰੀਜ਼ਰ  ।
ਉਹ ਕਿਸ ਹਾਲ ‘ਚ ਪੋਹ ਤੇ ਮਾਘ ਦੀ
ਸਰਦੀ ਦੇ ਵਿੱਚ ਠਰਦੇ  ।
ਸਾਲ ਵਿੱਚ ਮਾਪਿਆਂ ਨੂੰ ————
ਸਾਡੇ ਘਰ ਨਿੱਤ ਹੋਣ ਪਾਰਟੀਆਂ
ਕੁੱਤੇ ਬਿੱਲੇ ਵੀ ਰੱਜ ਰੱਜ ਜਾਂਦੇ  ।
ਜਿਹਨਾਂ ਨਾਲ਼ ਸਾਡੀ ਕੋਈ ਸਾਂਝ ਨਾ
ਮੈਸਿਜ ਕਰ ਕਰ ਘਰੇਂ ਬੁਲਾਉਂਦੇ  ।
ਲੋਕਾਂ ਵਾਸਤੇ ਬੱਕਰੇ ਤੇ ਮੁਰਗੇ
ਦੇਸੀ ਘਿਓ ਵਿੱਚ ਤਰਦੇ  ।
ਸਾਲ ਵਿੱਚ ਮਾਪਿਆਂ ਨੂੰ ————-
ਅੰਦਰੋਂ ਬਾਹਰੋਂ ਅਸੀਂ ਕਿਵੇਂ ਦੇ
ਪਿੰਡ ਰੰਚਣਾਂ ਸਭ ਕੁੱਝ ਜਾਣੇਂ ।
ਮੂੰਹ ‘ਤੇ ਤਾਂ ਭਾਵੇਂ ਕੁੱਝ ‘ਨੀਂ ਆਖਦਾ
ਪਿੱਠ ਪਿੱਛੇ ਦੁੱਧੋਂ ਪਾਣੀ ਛਾਣੇਂ  ।
ਇਹ ਦਿਨ ਸਾਡੇ ‘ਤੇ ਵੀ ਆਉਂਣਗੇ
ਕਾਹਤੋਂ ਪਾ ਲਏ ਪਰਦੇ  ।
ਸਾਲ ਵਿੱਚ ਮਾਪਿਆਂ ਨੂੰ ————-
             ਮੂਲ ਚੰਦ ਸ਼ਰਮਾ
ਪਿੰਡ ਰੰਚਣਾਂ ਡਾਕ . ਭਸੌੜ ਤਹਿ . ਧੂਰੀ
      ਜਿਲਾ੍ ਸੰਗਰੂਰ ( ਪੰਜਾਬ )
              9478408898
Previous articleਝਲਕ ਨੀ ਪੂਰੀ ਫਿਲਮ ਦਿਖਾਉਣੀ
Next articleਹੱਕ ਲਿਆਂ ਬਿਨ ਹੁਣ ਮੈ ਨੀ ਮੁੜਦਾ….