ਸਿਨਸਿਨਾਟੀ ਓਪਨ: ਜੋਕੋਵਿਚ ਤੀਜੇ ਦੌਰ ’ਚ, ਜ਼ਵੈਰੇਵ ਬਾਹਰ

ਪੇਟ ਦੀ ਗੜਬੜ ਨਾਲ ਗ੍ਰਸਤ ਹੋਣ ਦੇ ਬਾਵਜੂਦ ਨੋਵਾਕ ਜੋਕੋਵਿਚ ਨੇ ਐਡ੍ਰੀਅਨ ਮਾਨਾਰਿਨੋ ਨੂੰ ਹਰਾ ਕੇ ਸਿਨਸਿਨਾਟੀ ਮਾਸਟਰਜ਼ ਦੇ ਤੀਜੇ ਦੌਰ ’ਚ ਥਾਂ ਬਣਾ ਲਈ ਹੈ ਜਦੋਂਕਿ ਮਹਿਲਾ ਵਰਗ ਵਿੱਚ ਪਿਛਲੀ ਚੈਂਪੀਅਨ ਗੈਰਬਾਈਨ ਮੁਗੂਰੁਜ਼ਾ ਉਲਟਫੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਈ।
ਵਿੰਬਲਡਨ ਚੈਂਪੀਅਨ ਤੇ ਸਾਬਕਾ ਨੰਬਰ ਇਕ ਸਰਬੀਆ ਦੇ ਜੋਕੋਵਿਚ ਨੇ ਫਰਾਂਸ ਦੇ ਆਪਣੇ ਵਿਰੋਧੀ ਨੂੰ 4-6, 6-2, 6-1 ਨਾਲ ਹਰਾਇਆ। ਉਧਰ ਸੱਤਵਾਂ ਦਰਜਾ ਮੁਗੂਰੁਜ਼ਾ ਨੂੰ ਲੇਸੀਆ ਸੁਰੇਂਕੋ ਨੇ 2-6, 6-4, 6-4 ਨਾਲ ਸ਼ਿਕਸਤ ਦਿੱਤੀ। ਦੋ ਸਾਲ ਪਹਿਲਾਂ ਖ਼ਿਤਾਬ ਜਿੱਤਣ ਵਾਲੀ ਮਾਰਿਨ ਸਿਲਿਚ ਨੇ ਰੋਮਾਨੀਆ ਦੀ ਮਾਰੀਅਸ ਕੋਪਿਲ ਨੂੰ 6-7, 6-4, 6-4 ਨਾਲ ਬਾਹਹਰ ਦਾ ਰਾਹ ਵਿਖਾਇਆ। ਉਧਰ ਜਰਮਨੀ ਦੇ ਅਲੈਗਜ਼ੈਂਡਰ ਜ਼ੈਵੇਰੇਵ ਨੂੰ ਨੀਦਰਲੈਂਡ ਦੇ ਰੌਬਿਨ ਹਾਸੇ ਨੇ 5-7, 6-4, 7-5 ਨਾਲ ਹਰਾਇਆ। ਵਿੰਬਲਡਨ ਉਪ ਜੇਤੂ ਕੇਵਿਨ ਐਂਡਰਸਨ ਨੂੰ ਜੇਰੇਮੀ ਚਾਰਡੀ ਨੇ 7-6, 6-2 ਜਦੋਂਕਿ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ ਟਿਊਨੀਸ਼ੀਆ ਦੇ ਮਾਲੇਕ ਜਾਜਿਰੀ ਨੇ 6-3, 7-5 ਦੀ ਸ਼ਿਕਸਤ ਦਿੱਤੀ।
ਬੈਲਜੀਅਮ ਦੇ 11ਵਾਂ ਦਰਜਾ ਪ੍ਰਾਪਤ ਡੇਵਿਡ ਗੋਫਿਨ ਨੇ ਫਰਾਂਸ ਦੇ ਬੇਨੋਇਤ ਪੀਅਰੇ ਨੂੰ 5-7, 6-4, 6-2 ਨਾਲ ਹਰਾਇਆ। ਅਮਰੀਕੀ ਓਪਨ ਚੈਂਪੀਅਨ ਸਲੋਨ ਸਟੀਫਨਜ਼ ਨੇ ਜਰਮਨ ਕੁਆਲੀਫਾਇਰ ਤਤਜਾਨਾ ਮਾਰੀਆ ਨੂੰ 6-3, 6-2 ਅਤੇ ਬੇਲਾਰੂਸ ਦੀ ਅਰਿਆਨਾ ਸਬਾਲੇਂਕਾ ਨੇ ਨੌਵਾਂ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ ਨੂੰ 2-6, 6-3, 7-5 ਨਾਲ ਟੂਰਨਾਮੈਂਟ ’ਚੋਂ ਬਾਹਰ ਕਰ ਦਿੱਤਾ।

Previous articleVajpayee was ‘unparalleled’, says Yashwant Sinha
Next articleChina ‘likely’ training pilots to target US: Pentagon