ਸ੍ਰੀਨਗਰ (ਸਮਾਜ ਵੀਕਲੀ):ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਭਾਰਤੀ ਜਨਤਾ ਪਾਰਟੀ ’ਤੇ ਜੰਮੂ ਕਸ਼ਮੀਰ ਵਿਚਲੀਆਂ ਸਿਆਸੀ ਪਾਰਟੀਆਂ ਵਿਚਾਲੇ ਫੁੱਟ ਪਾਉਣ ਤੇ ਅਗਾਮੀ ਵਿਧਾਨ ਸਭਾ ਚੋਣਾਂ ’ਚ ਆਪਣੇ ਆਗੂਆਂ ਰਾਹੀਂ ਪੰਜ ਅਗਸਤ 2019 ਨੂੰ ਲਏ ‘ਗ਼ੈਰਸੰਵਿਧਾਨਕ ਤੇ ਗ਼ੈਰਕਾਨੂੰਨੀ’ ਫ਼ੈਸਲੇ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਅੱਜ ਬਾਂਦੀਪੋਰਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਪਹਿਲਾਂ ਇਸ ਨੇ (ਭਾਜਪਾ) ਨੇ ਪੀਡੀਪੀ ’ਤੇ ਹਮਲਾ ਕੀਤਾ ਤੇ ਇੱਥੇ ਫਰਜ਼ੀ ਪਾਰਟੀਆਂ ਤਿਆਰ ਕੀਤੀਆਂ। ਤੁਹਾਨੂੰ ਪਤਾ ਹੈ ਉਹ ਕਿਹੜੀਆਂ ਹਨ ਤੇ ਮੈਨੂੰ ਉਨ੍ਹਾਂ ਦਾ ਨਾਂ ਲੈਣ ਦੀ ਲੋੜ ਨਹੀਂ ਹੈ। ਫਿਰ ਉਨ੍ਹਾਂ ਜੰਮੂ ’ਚ ਨੈਸ਼ਨਲ ਕਾਨਫਰੰਸ ਵਿਚਾਲੇ ਫੁੱਟ ਪਾਈ ਤੇ ਉਨ੍ਹਾਂ ਦੇ ਆਗੂਆਂ ਨੂੰ ਭਾਜਪਾ ’ਚ ਸ਼ਾਮਲ ਕਰ ਲਿਆ।’ ਪਿੱਛੇ ਜਿਹੇ ਜੰਮੂ ਕਸ਼ਮੀਰ ’ਚ ਕਈ ਕਾਂਗਰਸ ਆਗੂਆਂ ਦੇ ਪਾਰਟੀ ਛੱਡਣ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਜਪਾ ਹੁਣ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।