ਸਾਹਿਤਕ ਸਭਾਵਾਂ ਦਾ ਕੱਚ ਤੇ ਸੱਚ

(ਸਮਾਜ ਵੀਕਲੀ)

ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਸਕੂਲ ਜਾਣਾ ਚਾਲੂ ਕੀਤਾ ਤਾਂ ਕਿਤਾਬਾਂ ਦੇ ਵਿੱਚੋਂ ਸਾਹਿਤਕ ਸਭਾਵਾਂ ਸ਼ਬਦ ਪੜ੍ਹਨ ਨੂੰ ਮਿਲਿਆ ,ਆਪਣੇ ਅਧਿਆਪਕ ਸਾਹਿਬ ਨੂੰ ਬੇਨਤੀ ਕਰਕੇ ਸਾਹਿਤ ਸਭਾਵਾਂ ਬਾਰੇ ਜਾਣਕਾਰੀ ਮੰਗੀ।ਮੇਰੇ ਅਧਿਆਪਕ ਹਰਨੇਕ ਸਿੰਘ ਸੋਹੀ ਜੀ ਗੀਤਕਾਰ ਸਨ ਉਨ੍ਹਾਂ ਨੇ ਮੈਨੂੰ ਬਹੁਤ ਤਰਤੀਬ ਨਾਲ ਸਮਝਾਇਆ।ਕੇ ਰਚਨਾਵਾਂ ਲਿਖਣ ਵਾਲੇ ਆਪਣੀ ਇੱਕ ਕਮੇਟੀ ਬਣਾ ਲੈਂਦੇ ਹਨ ਤੇ ਇਕੱਠੇ ਬੈਠ ਕੇ ਉਹ ਇੱਕ ਦੂਸਰੇ ਦੀਆਂ ਰਚਨਾਵਾਂ ਸੁਣਦੇ ਹਨ ਤੇ ਆਪਣੇ ਵਿਚਾਰ ਪੇਸ਼ ਕਰਦੇ ਹਨ।ਸਮਾਂ ਬੀਤਦਾ ਗਿਆ ਮੈਂ ਕਾਲਜ ਵਿਚ ਪੜ੍ਹਾਈ ਕੀਤੀ ਕਾਲਜ ਦੀ ਸਾਹਿਤ ਸਭਾ ਵਿਚ ਬਹੁਤ ਵਾਰ ਜਾਣ ਦਾ ਮੌਕਾ ਮਿਲਿਆ,ਪਰ ਸਿੱਖਣ ਨੂੰ ਕੁਝ ਨਾ ਮਿਲਿਆ ਇਸ ਨਾਲੋਂ ਮੈਂ ਵਧੀਆ ਸਮਝਿਆ ਉਸ ਸਮੇਂ ਸਾਹਿਤਕ ਰਸਾਲੇ ਬਹੁਤ ਬਾਜ਼ਾਰ ਵਿੱਚੋਂ ਹੁੰਦੇ ਸਨ ਖ਼ਰੀਦਣੇ ਚਾਲੂ ਕਰ ਦਿੱਤੇ,ਉਨ੍ਹਾਂ ਵਿੱਚੋਂ ਸਾਹਿਤ ਸੰਬੰਧੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਸਾਹਿਤ ਸਭਾ ਅੱਜ ਤੱਕ ਸਮਝ ਨਹੀਂ ਆਈ।

ਪਹਿਲਾਂ ਸਾਹਿਤ ਸਭਾਵਾਂ ਇੱਟ ਚੁੱਕ ਕੇ ਲੱਭਣੀਆਂ ਪੈਂਦੀਆਂ ਸਨ ਹੁਣ ਤਾਂ ਇੱਟਾਂ ਦੇ ਉੱਤੇ ਸਾਹਿਤਕਾਰ ਬੈਠੇ ਹਨ ।ਇਕ ਸ਼ਹਿਰ ਵਿਚ ਦਰਜਨਾਂ ਸਾਹਿਤ ਸਭਾਵਾਂ ਵੇਖਣ ਨੂੰ ਮਿਲਦੀਆਂ ਹਨ ਪਿੰਡਾਂ ਵਿੱਚ ਵੀ ਹੁਣ ਸਾਹਿਤ ਸਭਾਵਾਂ ਦਾ ਰੁਝਾਨ ਚਾਲੂ ਹੈ।ਮੈਂ ਵੀ ਥੋੜ੍ਹੀ ਬਹੁਤ ਕਲਮ ਚਲਾ ਲੈਂਦਾ ਹਾਂ ਮੈਨੂੰ ਮੇਰੇ ਸ਼ਹਿਰ ਦੀ ਸਾਹਿਤ ਸਭਾ ਵਿਚੋਂ ਇਕ ਦਿਨ ਸੱਦਾ ਆਇਆ।ਚਾਲੀ ਪੰਜਾਹ ਕੁ ਸਾਹਿਤਕਾਰ ਕਮਰੇ ਵਿੱਚ ਬੈਠੇ ਲਾਊਡ ਸਪੀਕਰ ਤੇ ਆਪਣੀਆਂ ਕਵਿਤਾਵਾਂ ਬੋਲ ਰਹੇ ਸਨ ਪੰਜ ਸੱਤ ਬੀਬੀਆਂ ਵੀ ਸਭਾ ਵਿਚ ਹਾਜ਼ਰ ਸਨ।ਕਵਿਤਾ ਬੋਲਣ ਵਾਲਾ ਜਦੋਂ ਆਪਣਾ ਪਹਿਰਾ ਪੂਰਾ ਕਰ ਲੈਂਦਾ ਤਾਂ ਜ਼ੋਰ ਸ਼ੋਰ ਨਾਲ ਸਾਰੇ ਤਾੜੀਆਂ ਮਾਰਦੇ ਸਨ ।

ਪਰ ਜਦੋਂ ਉਹ ਕਵਿਤਾ ਸੁਣਾਉਂਦਾ ਸੀ ਜ਼ਿਆਦਾ ਲੋਕ ਗੱਲਾਂ ਬਾਤਾਂ ਵਿੱਚ ਰੁੱਝੇ ਹੋਏ ਸਨ।ਜੋ ਮੇਰੇ ਜਿਹੇ ਧੱਕੇ ਨਾਲ ਬੁਲਾਏ ਹੋਏ ਸਨ ਉਹ ਆਪਣਾ ਮੋਬਾਇਲ ਫੋਨ ਕੱਢ ਕੇ ਉਸ ਤੇ ਗੇਮਾਂ ਖੇਡ ਰਹੇ ਸਨ।ਮੈਂ ਆਪਣੇ ਨਾਲ ਬੈਠੇ ਸਾਥੀ ਨੂੰ ਪੁੱਛਿਆ ਕਿ ਤੁਸੀਂ ਕਿਸੇ ਦੀ ਕਵਿਤਾ ਸੁਣਦੇ ਨਹੀਂ ਹੋ ਫੋਨ ਤੇ ਖੇਡ ਰਹੇ ਜਦੋਂ ਕੋਈ ਕਵਿਤਾ ਪੜ੍ਹ ਕੇ ਬੈਠਣ ਲੱਗਦਾ ਹੈ ਤੁਸੀਂ ਵੀ ਤਾੜੀ ਮਾਰਦੇ ਹੋ,ਉਨ੍ਹਾਂ ਨੇ ਬੜਾ ਤਸੱਲੀਬਖ਼ਸ਼ ਜਵਾਬ ਦਿੱਤਾ ਕਿ ਕਵਿਤਾ ਮੈਂ ਵੀ ਸੁਣਾਉਣੀ ਹੈ ਤਾਂ ਹੀ ਦੂਸਰੇ ਤਾੜੀਆਂ ਵਜਾਉਣਗੇ।ਦੋ ਢਾਈ ਘੰਟੇ ਪ੍ਰੋਗਰਾਮ ਚੱਲਿਆ ਉਸ ਤੋਂ ਬਾਅਦ ਚਾਹ ਦੇ ਨਾਲ ਮੱਠੀਆਂ ਖਾ ਕੇ ਸਾਰੇ ਇੱਕ ਦੂਜੇ ਨਾਲ ਵਿਚਾਰ ਚਰਚਾ ਕਰਦੇ ਹੋਏ ਘਰਾਂ ਨੂੰ ਚਲੇ ਗਏ।ਮੇਰੇ ਪੱਲੇ ਸਾਹਿਤ ਸਭਾ ਵਿੱਚੋਂ ਕੁਝ ਨਹੀਂ ਪਿਆ ਮੈਂ ਪਛਤਾ ਰਿਹਾ ਸੀ ਕਿ ਮੈਂ ਕਿਸ ਲਈ ਆਇਆ।

ਇਕ ਦਹਾਕਾ ਪਹਿਲਾਂ ਮੇਰੀਆਂ ਰਚਨਾਵਾਂ ਅਖ਼ਬਾਰਾਂ ਵਿੱਚ ਛਪਣ ਲੱਗੀਆਂ ਮੈਨੂੰ ਬਹੁਤ ਸਾਰੀਆਂ ਸਭਾਵਾਂ ਵੱਲੋਂ ਸੱਦਾ ਆਉਂਦਾ ਕਿ ਤੁਸੀਂ ਸਾਡੀ ਸਭਾ ਵਿਚ ਆਓ ਅਸੀਂ ਤੁਹਾਨੂੰ ਸਨਮਾਨਿਤ ਕਰਨਾ ਹੈ।ਮੈਂ ਪੁੱਛਿਆ ਸਨਮਾਨਤ ਕਿਸ ਲਈ ਮੈਂ ਰਚਨਾਵਾਂ ਲਿਖਦਾ ਹਾਂ ਛਪ ਜਾਂਦੀਆਂ ਹਨ ਤੁਸੀਂ ਪੜ੍ਹ ਲਿਆ ਕਰੋ ਉਹ ਹੀ ਮੇਰੇ ਲਈ ਸਨਮਾਨ ਹੋਵੇਗਾ।ਮੈਂ ਕਿਹਾ ਕਿ ਮੇਰਾ ਸਨਮਾਨ ਕਿਉਂ ਹੈ ਉਹ ਕਹਿੰਦੇ ਅਸੀਂ ਇਸ ਵਾਰ ਸਾਲਾਨਾ ਸਮਾਗਮ ਵਿੱਚ ਦਸ ਬਾਰਾਂ ਸਾਹਿਤਕਾਰਾਂ ਨੂੰ ਸਨਮਾਨਤ ਕਰ ਰਹੇ ਹਾਂ ਮੈਂ ਉਹ ਸਾਰਾ ਤਮਾਸ਼ਾ ਵੇਖਣ ਚਲਾ ਗਿਆ।ਬਹੁਤ ਵੱਡੇ ਕਮਰੇ ਵਿੱਚ ਇਨ੍ਹਾਂ ਦਾ ਜਲਸਾ ਚੱਲ ਰਿਹਾ ਸੀ।ਜਿਨ੍ਹਾਂ ਨੇ ਸਨਮਾਨਤ ਹੋਣਾ ਸੀ ਉਨ੍ਹਾਂ ਤੋਂ ਫੰਡ ਲਿਆ ਜਾ ਰਿਹਾ ਸੀ।ਮੈਂ ਪੁੱਛਿਆ ਸਨਮਾਨਤ ਤੁਸੀਂ ਕਰਨਾ ਹੈ ਇਹ ਫੰਡ ਕਿਉਂ ਲੈਂਦੇ ਹੋ ਉਹ ਕਹਿੰਦੇ ਸਾਡਾ ਇਸੇ ਤਰ੍ਹਾਂ ਹੀ ਸਾਲਾਂ ਤੋਂ ਚੱਲਦਾ ਹੈ।

ਇਹ ਆਪਣੀਆਂ ਸਾਹਿਤ ਸਭਾਵਾਂ ਵਿੱਚ ਸਾਨੂੰ ਸਨਮਾਨਤ ਕਰਦੇ ਹਨ ਅਸੀਂ ਸਾਡੀਆਂ ਸਭਾਵਾਂ ਵਿਚ ਲਉ ਜੀ ਇਹ ਸੀ ਸਨਮਾਨ ਮੈਂ ਅੱਧ ਵਿਚਾਲੇ ਮੇਲਾ ਛੱਡ ਕੇ ਘਰ ਨੂੰ ਆ ਗਿਆ।ਸਾਹਿਤ ਸਭਾਵਾਂ ਦੇ ਪ੍ਰਧਾਨ ਜਨਰਲ ਸਕੱਤਰ ਤੇ ਮੈਂਬਰ ਪੈਸੇ ਦੇ ਜ਼ੋਰ ਨਾਲ ਬਣਦੇ ਹਨ,ਸਾਲਾਂ ਤੋਂ ਇਨ੍ਹਾਂ ਦਾ ਇੱਕ ਹੀ ਪ੍ਰਧਾਨ ਹੁੰਦਾ ਹੈ ਉਹ ਪੈਸੇ ਦਾ ਵਜ਼ਨ ਨਾਪ ਕੇ ਰੁਤਬੇ ਦਿੰਦਾ ਹੈ।ਮੈਂ ਇਹ ਜਾਣਕਾਰੀ ਲੈਣੀ ਚਾਹੁੰਦਾ ਸੀ ਕਿ ਸ਼ਹਿਰ ਵਿਚ ਇਕ ਸਾਹਿਤ ਸਭਾ ਕਿਉਂ ਨਹੀਂ ਹੈ,ਇਸ ਦਾ ਖ਼ਾਸ ਕਾਰਨ ਪਤਾ ਲੱਗਿਆ ਕਿ ਰੁਤਬਾ ਬਾਜ਼ੀ ਪਿੱਛੇ ਇਨ੍ਹਾਂ ਦੀ ਲੜਾਈ ਹੁੰਦੀ ਹੈ ਤੇ ਅਲੱਗ ਆਪਣੀ ਸਾਹਿਤ ਸਭਾ ਬਣਾ ਲੈਂਦੇ ਹਨ।ਜਿਸ ਕਾਰਨ ਦਿਨੋਂ ਦਿਨ ਸਾਹਿਤ ਸਭਾਵਾਂ ਦੀ ਗਿਣਤੀ ਵਧੀ ਹੈ ਤੇ ਵਧਦੀ ਰਹੇਗੀ। ਜ਼ਿਆਦਾਤਰ ਸਾਹਿਤ ਸਭਾਵਾਂ ਮਹੀਨੇ ਵਿਚ ਇਕ ਮੀਟਿੰਗ ਕਰਦੀਆਂ ਹਨ ਤੇ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਉਂਦੀਆਂ ਹਨ।ਜਿਸ ਦੀ ਜੇਬ ਭਾਰੀ ਹੁੰਦੀ ਹੈ ਪ੍ਰਧਾਨ ਸਾਬ੍ਹ ਉਸ ਨੂੰ ਕਹਿੰਦੇ ਹਨ ਤੁਸੀਂ ਆਪਣੀਆਂ ਰਚਨਾਵਾਂ ਇਕੱਠੀਆਂ ਕਰੋ ਤੁਹਾਡੀ ਕਿਤਾਬ ਛਪਵਾਵਾਂਗੇ।ਇਕ ਖਾਸ ਗੱਲ ਜੋ ਮੈਨੂੰ ਰੜਕਦੀ ਹੈ ਜੋ ਸਾਹਿਤਕਾਰ ਦੀ ਰਚਨਾ ਸਭ ਤੋਂ ਵਧੀਆ ਹੁੰਦੀ ਹੈ।

ਉਸ ਦੀ ਤਾਰੀਫ਼ ਨਹੀਂ ਕਰਦੇ ਉਸ ਨੂੰ ਇੱਕ ਖ਼ਾਸ ਉਲਾਂਭਾ ਦਿੰਦੇ ਹਨ ਤੁਸੀਂ ਕਵਿਤਾਵਾਂ ਵਧੀਆ ਨਹੀਂ ਲਿਖਦੇ ਗੀਤ ਲਿਖਿਆ ਕਰੋ ਜਾਂ ਤੁਹਾਡੀ ਵਾਰਤਕ ਬਹੁਤੀ ਵਧੀਆ ਨਹੀਂ ਤੁਸੀਂ ਕਹਾਣੀਆਂ ਲਿਖਿਆ ਕਰੋ।ਮੇਰੇ ਜਿਹਾ ਵਿਚਾਰਾ ਸਾਹਿਤਕਾਰ ਸਾਹਿਤਕ ਮੰਡਲੀ ਦੀ ਗੱਲ ਮੰਨ ਕੇ ਕਲਮ ਦਾ ਰੁਖ ਬਦਲ ਲੈਂਦਾ ਹੈ ਉਸ ਤੋਂ ਬਾਅਦ “ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ” ਮੈਂ ਅਖ਼ਬਾਰਾਂ ਦੀ ਨੀਤੀ ਬਾਰੇ ਜਾਣਦਾ ਹਾਂ ਕਿ ਨਵੇਂ ਸਾਹਿਤਕਾਰਾਂ ਨੂੰ ਅਖ਼ਬਾਰ ਵਿਚ ਥਾਂ ਲੈਣੀ ਬਹੁਤ ਮੁਸ਼ਕਲ ਹੁੰਦੀ ਹੈ,ਮੇਰਾ ਬਹੁਤ ਸਾਰੇ ਅਖ਼ਬਾਰਾਂ ਨਾਲ ਸਿੱਧਾ ਰਾਬਤਾ ਹੈ ਜੇ ਮੈਨੂੰ ਕਿਸੇ ਦੀ ਰਚਨਾ ਚੰਗੀ ਲੱਗਦੀ ਹੈ ਮੈਂ ਅਖ਼ਬਾਰ ਵਿੱਚ ਜ਼ਰੂਰ ਛਪਵਾਉਂਦਾ ਹਾਂ।ਪਿਛਲੇ ਦਿਨ ਮੈਂ ਇੱਕ ਸਾਹਿਤ ਸਭਾ ਵਿਚ ਗਿਆ ਜਿਸ ਵਿੱਚ ਦੋ ਤਿੰਨ ਸਾਹਿਤ ਸਭਾਵਾਂ ਦੇ ਪ੍ਰਧਾਨ ਸਾਹਿਬ ਮਿਲੇ ਜੋ ਕਿ ਮੈਨੂੰ ਛਪਵਾਉਣ ਲਈ ਰਚਨਾਵਾਂ ਭੇਜਿਆ ਕਰਦੇ ਹਨ ਤੇ ਮੈਂ ਆਨਲਾਈਨ ਅਖ਼ਬਾਰਾਂ ਵਿੱਚ ਛਪਵਾਉਂਦਾ ਹਾਂ।

ਚਾਹ ਪੀਣ ਸਮੇਂ ਮੈਂ ਉਸ ਪ੍ਰਧਾਨ ਮੰਡਲੀ ਨੂੰ ਕਿਹਾ ਤੁਸੀਂ ਬਾਕੀ ਤੁਹਾਡੇ ਜਿੰਨੇ ਮੈਂਬਰ ਹਨ ਉਨ੍ਹਾਂ ਦੀਆਂ ਰਚਨਾਵਾਂ ਛਪਣ ਲਈ ਕਿਉਂ ਨਹੀਂ ਭੇਜਦੇ ਤਿੰਨੋਂ ਪ੍ਰਧਾਨਾਂ ਦੀ ਆਵਾਜ਼ ਮਿਲ ਕੇ ਨਿਕਲੀ ਇਹਨਾਂ ਨੂੰ ਕੀ ਲਿਖਣਾ ਆਉਂਦਾ ਹੈ,ਇਹ ਤਾਂ ਡੰਗ ਟਪਾਊ ਹਨ ਸਾਡੇ ਸਾਹਿਤਕਾਰੀ ਦੇ ਛੋਟੇ ਮੋਟੇ ਕੰਮ ਕਰ ਦਿੰਦੇ ਹਨ।ਦੱਸੋ ਇਸ ਨਾਲ ਸਾਹਿਤ ਸਭਾਵਾਂ ਸਾਹਿਤ ਦੀ ਕਿਹੜੀ ਸੇਵਾ ਕਰ ਰਹੀਆਂ ਹਨ ? ਗੱਲਾਂ ਹੋਰ ਬਹੁਤ ਸਾਰੀਆਂ ਹਨ ਮੈਂ ਮੁੱਖ ਗੱਲਾਂ ਦਾ ਵੇਰਵਾ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।ਮੈਂ ਜਿੰਨੀਆਂ ਕੁ ਸਾਹਿਤ ਸਭਾਵਾਂ ਨੂੰ ਜਾਣਦਾ ਹਾਂ ਸਾਰਿਆਂ ਦਾ ਪ੍ਰਧਾਨ ਮਰਦ ਹੁੰਦਾ ਹੈ ਬੀਬੀਆਂ ਭੈਣਾਂ ਨੂੰ ਪ੍ਰਧਾਨਗੀ ਲਈ ਕੋਈ ਥਾਂ ਨਹੀਂ ਦਿੱਤੀ ਜਾਂਦੀ,ਹਾਂ ਜੋ ਖੁੱਲ੍ਹਾ ਫੰਡ ਦਿੰਦੀਆਂ ਹਨ ਉਨ੍ਹਾਂ ਨੂੰ ਸਕੱਤਰ ਜਾਂ ਕੁਝ ਹੋਰ ਰੁਤਬੇ ਦੇ ਦਿੱਤੇ ਜਾਂਦੇ ਹਨ।ਬਹੁਤ ਸਾਰੇ ਪ੍ਰਧਾਨ ਲੋਕਾਂ ਦਾ ਪਬਲਿਸ਼ਰ ਨਾਲ ਸਿੱਧਾ ਸਬੰਧ ਹੁੰਦਾ ਹੈ ਹਰ ਮਹੀਨੇ ਕਿਸੇ ਨਾ ਕਿਸੇ ਸਾਹਿਤਕਾਰ ਦੀ ਕਿਤਾਬ ਛਪਵਾਉਂਦੇ ਹਨ ਫੰਡ ਉਨ੍ਹਾਂ ਦਾ ਪੱਕਾ ਕੀਤਾ ਹੋਇਆ ਹੈ।

ਮੈਂ ਖੋਜ ਕਰਕੇ ਦੇਖੀ ਸਾਹਿਤਕ ਮੰਡਲੀ ਦਾ ਪਬਲਿਸ਼ਰ ਨਾਲ ਹਿੱਸਾ ਪੱਤੀ ਹੁੰਦੀ ਹੈ।ਮੇਰੇ ਜਿਹੇ ਅਣਘੜ ਨੂੰ ਕਿਤਾਬ ਛਪਵਾਉਣ ਦਾ ਮੌਕਾ ਮਿਲ ਜਾਂਦਾ ਹੈ ਉਹ ਆਪਣੇ ਖਰਚੇ ਪਾਣੀ ਵੱਲ ਬਹੁਤਾ ਧਿਆਨ ਨਹੀਂ ਦਿੰਦਾ।ਕੱਲ੍ਹ ਐਤਵਾਰ ਸੀ ਮੈਨੂੰ ਘਰ ਤਿੰਨ ਚਾਰ ਕੰਮ ਚਲਾਊ ਸਾਹਿਤਕਾਰ ਬੁਲਾਉਣ ਲਈ ਆ ਗਏ।ਮੈਂ ਉਨ੍ਹਾਂ ਨੂੰ ਕਿਹਾ ਭਾਈ ਮੈਂ ਤੁਹਾਡੀਆਂ ਕਵਿਤਾਵਾਂ ਸੁਣ ਨਹੀਂ ਸਕਦਾ ਕਿਉਂਕਿ ਮੈਂ ਕੋਈ ਲੇਖਕ ਨਹੀਂ ਹਾਂ।ਪਤਾ ਨੀ ਉਨ੍ਹਾਂ ਨੂੰ ਮੇਰੇ ਨਾਲ ਕੋਈ ਕੰਮ ਸੀ ਮੈਨੂੰ ਕਹਿੰਦੇ ਤੂੰ ਸਾਡੇ ਨਾਲ ਚੱਲ,ਹੋਰ ਨੀ ਤੇਰੀਆਂ ਅੱਖਾਂ ਤਾਂ “ਤੱਤੀਆਂ” ਹੋ ਜਾਣਗੀਆਂ।ਇਹ ਹਨ ਸਾਡੀਆਂ ਸਾਹਿਤ ਸਭਾਵਾਂ ਜੋ ਮੈਂ ਅੱਖੀਂ ਤਮਾਸ਼ਾ ਦੇਖਿਆ ਹੈ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਹੈ।ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਪਹਿਰੇਦਾਰੋ ਸਾਹਿਤ ਸਭਾਵਾਂ ਮਿਲ ਕੇ ਬਣਾਓ ਤੇ ਮਾਂ ਬੋਲੀ ਦੀ ਸੇਵਾ ਕਰੋ ਅਜਿਹੇ ਨਾਟਕ ਕਰ ਕੇ ਕੀ ਮਿਲਣਾ ਹੈ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -77
Next articleਕਵਿਤਾ