(ਸਮਾਜ ਵੀਕਲੀ)
ਵੱਖ ਵੱਖ ਲੋਕ-ਪੱਖੀ ਜਥੇਬੰਦੀਆਂ ਅਤੇ ਬੁੱਧੀਜੀਵੀ ਅਕਸਰ ਹੀ ਧਾਰਮਿਕ ਜਾਂ ਅਧਿਆਤਮਿਕ ਖੇਤਰ ਵਿੱਚ ਫ਼ੈਲ ਰਹੇ ਡੇਰਾਵਾਦ ਪ੍ਰਤੀ ਚਿੰਤਾ ਪ੍ਰਗਟ ਕਰਦੇ ਰਹਿੰਦੇ ਹਨ। ਤਰਕਸ਼ੀਲ ਚਿੰਤਕ ਵੀ ਡੇਰਾਵਾਦ ਨੂੰ ਮਨੁੱਖੀ ਸਮਾਜ ਲਈ ਸਭ ਤੋਂ ਵੱਧ ਘਾਤਕ ਸਮਝਦੇ ਹਨ ਅਤੇ ਇਸ ਦੇ ਮੁਕੰਮਲ ਖ਼ਾਤਮੇ ਲਈ ਸੰਘਰਸ਼ ਵੀ ਜਾਰੀ ਰੱਖ ਰਹੇ ਹਨ ਪਰ ਲੋਕ-ਮਨਾਂ ਵਿੱਚ ਰੱਬ ਬਣੇ ਬੈਠੇ ਪਾਖੰਡੀ ਬਾਬਿਆਂ ਦੀ ਅਸਲੀਅਤ ਵਾਰ-ਵਾਰ ਜੱਗ ਜ਼ਾਹਰ ਹੋਣ ਦੇ ਬਾਵਜੂਦਦ ਵੀ ਨਿੱਤ ਨਵੇਂ ਡੇਰੇ ਜਾਂ ਆਸ਼ਰਮ ਅਮਰਵੇਲ ਵਾਂਗ ਵੱਧਦੇ ਹੀ ਜਾ ਰਹੇ ਹਨ।
ਲੋਕਾਂ ਨੂੰ ਇਸ ਬੇਹੱਦ ਖ਼ਤਰਨਾਕ ਵਰਤਾਰੇ ਪ੍ਰਤੀ ਜਾਗਰੂਕ ਕਰਨ ਦੀ ਇੱਕੋ-ਇੱਕ ਉਮੀਦ ਸਾਹਿਤਕਾਰਾਂ ਤੋਂ ਹੀ ਕੀਤੀ ਜਾ ਸਕਦੀ ਸੀ ਕਿਉਂਕਿ ਮਨੁੱਖੀ ਸਮਾਜ ਦਾ ਸਭ ਤੋਂ ਚੇਤੰਨ ਵਰਗ ਸਾਹਿਤਕਾਰ ਹੀ ਹੁੰਦੇ ਹਨ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਦੀਵੇ ਹੇਠ ਹਨੇਰੇ ਵਾਂਗ ਸਾਹਿਤਕ ਖੇਤਰ ਵਿੱਚ ਵੀ ਇੱਕ ਅਜ਼ੀਬ ਕਿਸਮ ਦਾ ਡੇਰਾਵਾਦ ਸਥਾਪਤ ਹੁੰਦਾ ਜਾ ਰਿਹਾ ਹੈ। ਸਾਹਿਤਕ ਡੇਰੇਦਾਰੀ ਦਾ ਇਹ ਕਰੂਪ ਚਿਹਰਾ ਮੈਨੂੰ ਉਦੋਂ ਦਿਖਾਈ ਦਿੱਤਾ ਜਦੋਂ ਮੈਂ ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਪ੍ਰਕਾਸ਼ਿਤ ਆਪਣੀ ਪੰਜਵੀਂ ਪੁਸਤਕ ‘ਕਦ ਬੋਲਾਂਗੇ’ ਦੀ ਇੱਕ ਕਾਪੀ ਨੇੜਲੇ ਸ਼ਹਿਰ ਦੇ ਇੱਕ ਵੱਡੇ ਸਮਝੇ ਜਾਂਦੇ ਲੇਖਕ ਨੂੰ ਦੇਣ ਲਈ ਗਿਆ। ਇਹ ਮੇਰਾ ਚੌਥਾ ਗ਼ਜ਼ਲ-ਸੰਗ੍ਰਹਿ ਸੀ।
ਪੁਸਤਕ ਲੋਕ ਅਰਪਣ ਸਮਾਰੋਹ ਤੋਂ ਪਹਿਲਾਂ ਮੈਂ ਕੁੱਝ ਸਾਹਿਤਕਾਰਾਂ ਨੂੰ ਆਪਣੀ ਪੁਸਤਕ ਦੇਣੀ ਚਾਹੁੰਦਾ ਸੀ ਤਾਂ ਕਿ ਉਹ ਪੁਸਤਕ ਸਬੰਧੀ ਆਪਣੇ ਵਿਚਾਰ ਪ੍ਰਗਟ ਕਰ ਸਕਣ। ਪੁਸਤਕ ਦੇ ਪੰਨੇ ਪਰਤਦਿਆਂ ਜਦੋਂ ਉਸ ਲੇਖਕ ਦੀ ਨਜ਼ਰ ਮੇਰੇ ਵੱਲੋਂ ਲਿਖੇ ਪੁਸਤਕ ਦੇ ਮੁੱਖ-ਸ਼ਬਦ ’ਤੇ ਪਈ ਤਾਂ ਉਸ ਦੇ ਮੱਥੇ ’ਤੇ ਤਿਉੜੀਆਂ ਪੈ ਗਈਆਂ ਅਤੇ ਉਹ ਖਿੱਝ ਕੇ ਮੈਨੂੰ ਕਹਿਣ ਲੱਗਿਆ ਕਿ ਮੁੱਖ-ਸ਼ਬਦ ਤਾਂ ਕਿਸੇ ਵੱਡੇ ਵਿਦਵਾਨ ਤੋਂ ਹੀ ਲਿਖਾਈਂਦਾ ਹੁੰਦੈ, ਆਪ ਨਹੀਂ ਲਿਖੀਂਦਾ ਹੁੰਦਾ। ਮੈਂ ਉਸ ਨੂੰ ਬੜੀ ਨਿਮਰਤਾ ਨਾਲ ਪੁੱਛਿਆ ਕਿ ਆਪਣੀ ਪੁਸਤਕ ਦਾ ਮੁੱਖ-ਸ਼ਬਦ ਭਲਾਂ ਕੋਈ ਲੇਖਕ ਆਪ ਕਿਉਂ ਨਹੀਂ ਲਿਖ ਸਕਦਾ ਅਤੇ ਆਖ਼ਰ ਕਦੋਂ ਤੱਕ ਇਹ ਕਿਸੇ ਹੋਰ ਕੋਲੋਂ ਹੀ ਲਿਖਵਾਉਣਾ ਚਾਹੀਦਾ ਹੈ। ਉਹ ਮੇਰੇ ਸਵਾਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ ਕਿਉਂਕਿ ਅਜਿਹਾ ਕੋਈ ਵੀ ਸਿਧਾਂਤ ਕਿਤੇ ਵੀ ਲਿਖਿਆ ਹੋਇਆ ਨਹੀਂ ਮਿਲਦਾ।
ਹਾਂ ਇੱਕ ਗੱਲ ਜ਼ਰੂਰ ਸਾਡੀ ਮਾਨਸਿਕਤਾ ਵਿੱਚ ਘਰ ਕਰ ਚੁੱਕੀ ਹੈ ਕਿ ਪੁਸਤਕ ਦਾ ਮੁੱਖ-ਸ਼ਬਦ ਕਿਸੇ ਹੋਰ ਕੋਲੋਂ ਹੀ ਲਿਖਵਾਇਆ ਜਾਣਾ ਚਾਹੀਦਾ ਹੈ, ਜਦੋਂ ਕਿ ਕੋਈ ਵੀ ਲੇਖਕ ਆਪਣੀ ਪੁਸਤਕ ਵਿੱਚ ਕੀ ਕਹਿਣਾ ਚਾਹੁੰਦਾ ਹੈ, ਇਹ ਤਾਂ ਸਗੋਂ ਕਿਸੇ ਵੀ ਹੋਰ ਵਿਦਵਾਨ ਨਾਲੋਂ ਉਹ ਆਪ ਵੱਧ ਜਾਣਦਾ ਹੁੰਦਾ ਹੈ। ਜਦੋਂ ਮੈਂ ਇਸ ਮਸਲੇ ਸਬੰਧੀ ਕੁੱਝ ਹੋਰ ਸਥਾਪਿਤ ਸਾਹਿਤਕਾਰਾਂ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਬੜੀ ਹੈਰਾਨਗੀ ਹੋਈ ਕਿ ਉਨ੍ਹਾਂ ਦੇ ਵੀ ਲੱਗਭੱਗ ਇਹੋ ਜਿਹੇ ਹੀ ਵਿਚਾਰ ਸੁਣਨ ਨੂੰ ਮਿਲੇ। ਮੈਨੂੰ ਇਨ੍ਹਾਂ ਸਾਰਿਆਂ ਦੀ ਪ੍ਰੇਸ਼ਾਨੀ ਦੀ ਸਮਝ ਆ ਰਹੀ ਸੀ ਕਿਉਂਕਿ ਜੇਕਰ ਮੇਰੇ ਵਾਂਗ ਹੋਰ ਲੇਖਕ ਵੀ ਆਪਣੀਆਂ ਪੁਸਤਕਾਂ ਦੇ ਮੁੱਖ-ਸ਼ਬਦ ਆਪ ਹੀ ਲਿਖਣ ਲੱਗ ਪਏ ਤਾਂ ਇਨ੍ਹਾਂ ਵਿਚਾਰਿਆਂ ਨੂੰ ਕਿਹਨੇ ਪੁੱਛਣੈ। ਇਨ੍ਹਾਂ ਦੀਆਂ ਤਾਂ ਫਿਰ ਡੇਰੇਦਾਰੀਆਂ ਹੀ ਖ਼ਤਮ ਹੋ ਜਾਣਗੀਆਂ।
ਅਸਲ ਵਿੱਚ ਜਦੋਂ ਵੀ ਕੋਈ ਨਵਾਂ ਲੇਖਕ ਆਪਣੀ ਪਲੇਠੀ ਪੁਸਤਕ ਪ੍ਰਕਾਸ਼ਿਤ ਕਰਵਾਉਣ ਲਈ ਖਰੜਾ ਤਿਆਰ ਕਰਦਾ ਹੈ ਤਾਂ ਚਿਰਾਂ ਤੋਂ ਚੱਲੀ ਆ ਰਹੀ ਪਰੰਪਰਾ ਮੁਤਾਬਿਕ ਉਸ ਦੀ ਵੀ ਇੱਛਾ ਹੁੰਦੀ ਹੈ ਕਿ ਸਾਹਿਤ ਦੇ ਖੇਤਰ ਵਿੱਚ ਉਸ ਦਾ ਪ੍ਰਵੇਸ਼ ਕਿਸੇ ਸਥਾਪਿਤ ਸਾਹਿਤਕਾਰ ਰਾਹੀਂ ਹੀ ਹੋਵੇ। ਆਪਣੀ ਇਸੇ ਇੱਛਾ ਅਧੀਨ ਉਹ ਆਪਣੇ ਕਿਸੇ ਮਨਪਸੰਦ ਸਾਹਿਤਕਾਰ ਨੂੰ ਆਪਣੀ ਪੁਸਤਕ ਦਾ ਖਰੜਾ ਫੜਾ ਕੇ, ਮੁੱਖ-ਸ਼ਬਦ ਲਿਖਵਾਉਣ ਵਾਲਿਆਂ ਦੀ ਲੰਮੀ ਕਤਾਰ ਵਿੱਚ ਲੱਗ ਜਾਂਦਾ ਹੈ ਅਤੇ ਕਈ-ਕਈ ਮਹੀਨੇ ਉਸ ਦੇ ਘਰੇ ਗੇੜੇ ਮਾਰਦਾ ਰਹਿੰਦਾ ਹੈ।
ਜੇਕਰ ਸਬੰਧਿਤ ਸਾਹਿਤਕਾਰ ਛਕਣ-ਛਕਾਉਣ ਵਾਲਾ ਹੋਵੇ ਤਾਂ ਉਸ ਦੀ ਸੇਵਾ ਵੀ ਕਰਨੀ ਪੈਂਦੀ ਹੈ। ਹਾਲਾਤ ਤਾਂ ਇੱਥੋਂ ਤੱਕ ਨਿੱਘਰ ਚੁੱਕੇ ਹਨ ਕਿ ਬਹੁਤ ਸਾਰੇ ਸਾਹਿਤਕ ਡੇਰੇਦਾਰਾਂ ਨੇ ਤਾਂ ਮੁੱਖ-ਸ਼ਬਦ ਲਿਖਣ ਅਤੇ ਰੀਵਿਊ ਕਰਨ ਦੀ ਫ਼ੀਸ ਵੀ ਨਿਸ਼ਚਤ ਕਰ ਰੱਖੀ ਹੈ। ਵਿਚਾਰੇ ਬਹੁਤ ਸਾਰੇ ਨਵੇਂ ਪੁਰਾਣੇ ਲੇਖਕ ਇਸੇ ਮੱਕੜਜਾਲ ਵਿੱਚ ਫਸੇ ਹੀ ਦਮ ਤੋੜ ਦਿੰਦੇ ਹਨ। ਚਲੋ ਪਹਿਲਾਂ-ਪਹਿਲਾਂ ਤਾਂ ਕੁੱਝ ਹੱਦ ਤੱਕ ਠੀਕ ਵੀ ਹੈ ਪਰ ਜਿਨ੍ਹਾਂ ਲੇਖਕਾਂ ਦੀਆਂ ਦਰਜ਼ਨਾਂ ਪੁਸਤਕਾਂ ਛੱਪ ਚੁੱਕੀਆਂ ਹੋਣ ਅਤੇ ਉਹ ਵੀ ਇਸ ਲਛਮਣ-ਰੇਖਾ ਨੂੰ ਪਾਰ ਕਰਨ ਦੀ ਸਮਰੱਥਾ ਨਾ ਰੱਖਦੇ ਹੋਣ ਤਾਂ ਫਿਰ ਮਸਲਾ ਸੱਚਮੁੱਚ ਹੀ ਚਿੰਤਾਜਨਕ ਬਣ ਜਾਂਦਾ ਹੈ।
ਮੇਰੇ ਖ਼ਿਆਲ ਵਿੱਚ ਜਦੋਂ ਕਿਸੇ ਲੇਖਕ ਦੀ ਆਪਣੀ ਪਹਿਚਾਣ ਬਣ ਜਾਵੇ ਤਾਂ ਫਿਰ ਉਸ ਨੂੰ ਕਿਸੇ ਹੋਰ ਦੇ ਕਨ੍ਹੇੜੇ ’ਤੇ ਚੜ੍ਹ ਕੇ ਆਉਣ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ ਪਰ ਦੁਖਾਂਤ ਇਹ ਹੈ ਕਿ ਓਪਰੇ ਸਹਾਰਿਆਂ ਨਾਲ ਚੱਲਦੇ-ਚੱਲਦੇ ਅਜਿਹੇ ਲੇਖਕ ਮਾਨਸਿਕ ਤੌਰ ’ਤੇ ਅਪੰਗ ਹੋ ਜਾਂਦੇ ਹਨ ਅਤੇ ਉਹ ਬਿਨਾਂ ਕਿਸੇ ਸਹਾਰੇ ਤੋਂ ਚੱਲਣ ਸਬੰਧੀ ਕਦੇ ਸੋਚ ਵੀ ਨਹੀਂ ਸਕਦੇ ਕਿਉਂਕਿ ਉਨ੍ਹਾਂ ਵਿਚਾਰਿਆਂ ਦਾ ਤਾਂ ਆਤਮ-ਵਿਸ਼ਵਾਸ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ। ਮੇਰਾ ਇਹ ਮੰਨਣਾ ਹੈ ਕਿ ਸਾਨੂੰ ਲਕੀਰ ਦਾ ਫ਼ਕੀਰ ਬਣਨ ਦੀ ਥਾਂ, ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਇਨ੍ਹਾਂ ਡੇਰੇਦਾਰਾਂ ਦੇ ਚੁੰਗਲ ’ਚੋਂ ਮੁਕਤ ਹੋਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਮੈਂ ਬਹੁਤ ਸਾਰੇ ਅਜਿਹੇ ਨਾਮਵਰ ਲੇਖਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਕਦੇ ਵੀ ਕਿਸੇ ਅਖੌਤੀ ਡੇਰੇਦਾਰ ਤੋਂ ਆਪਣੀ ਕਿਤਾਬ ਲਈ ਮੁੱਖ-ਸ਼ਬਦ ਨਹੀਂ ਲਿਖਵਾਇਆ ਪਰ ਫਿਰ ਵੀ ਉਹ ਆਪਣੀ ਮਿਹਨਤ ਅਤੇ ਲਗਨ ਸਦਕਾ ਸਾਹਿਤਕ ਸੰਸਾਰ ਵਿੱਚ ਆਪਣਾ ਮਹੱਤਵਪੂਰਮਨ ਸਥਾਨ ਬਣਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ। ਸਾਨੂੰ ਇਹ ਗੱਲ ਵੀ ਬੜੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਵਿਦਵਾਨ ਸਾਹਿਤਕਾਰ ਤੋਂ ਆਪਣੇ ਬਾਰੇ ਸਿਰਫ਼ ਕੁੱਝ ਸ਼ਬਦ ਲਿਖਵਾ ਲੈਣ ਨਾਲ ਹੀ ਅਸੀਂ ਸਥਾਪਿਤ ਨਹੀਂ ਹੋ ਸਕਦੇ। ਸਾਡਾ ਸਿਰੜ ਅਤੇ ਸਮਰਪਣ ਹੀ ਸਾਨੂੰ ਕੁੱਝ ਬਣ ਸਕਣ ਦੇ ਸਮਰੱਥ ਬਣਾਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਨਸਿਕ ਗ਼ੁਲਾਮੀ, ਸਰੀਰਕ ਗ਼ੁਲਾਮੀ ਨਾਲੋਂ ਵੀ ਕਿਤੇ ਵੱਧ ਖ਼ਤਰਨਾਕ ਹੁੰਦੀ ਹੈ ਪਰ ਮਜ਼ਬੂਤ ਮਨੋ-ਬਲ ਵਾਲੇ ਸਿਰੜੀ ਲੋਕਾਂ ਲਈ ਇਸ ਤੋਂ ਛੁਟਕਾਰਾ ਪਾ ਲੈਣਾ ਅਸੰਭਵ ਵੀ ਨਹੀਂ ਹੁੰਦਾ।
ਇਹ ਵੀ ਜ਼ਰੂਰੀ ਨਹੀਂ ਕਿ ਜੋ ਕੁੱਝ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੋਵੇ, ਉਹ ਹਮੇਸ਼ਾ ਸਹੀ ਹੀ ਹੁੰਦਾ ਹੈ ਅਤੇ ਬਣ ਚੁੱਕੀਆਂ ਗਲਤ ਧਾਰਨਾਵਾਂ ਨੂੰ ਤਿਆਗ ਦੇਣ ਵਿੱਚ ਵੀ ਕੋਈ ਬੁਰਾਈ ਨਹੀਂ ਹੁੰਦੀ। ਜਦੋਂ ਵੀ ਕਦੇ ਕਿਸੇ ਨੇ ਪਹਿਲ ਕੀਤੀ ਹੈ ਤਾਂ ਦੁਨੀਆ ਵੱਲੋਂ ਪਹਿਲਾਂ ਤਾਂ ਉਸ ਦਾ ਖ਼ੂਬ ਮਜ਼ਾਕ ਉਡਾਇਆ ਜਾਂਦਾ ਹੈ, ਫਿਰ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਅਖ਼ੀਰ ਵਿੱਚ ਉਸ ਨੂੰ ਪ੍ਰਵਾਨ ਵੀ ਕਰ ਲਿਆ ਜਾਂਦਾ ਹੈ। ਭਾਵੇਂ ਨਵੇਂ ਰਾਹ ਬਣਾਉਣੇ ਮੁਸ਼ਕਿਲ ਤਾਂ ਜ਼ਰੂਰ ਹੁੰਦੇ ਹਨ ਪਰ ਇਹੋ ਜਿਹੇ ਇਤਿਹਾਸਕ ਕਾਰਨਾਮੇ ਕਰਨ ਵਾਲਿਆਂ ਦੀ ਵੀ ਕਦੇ ਕਮੀ ਨਹੀਂ ਰਹੀ। ਅਜਿਹਾ ਕਰਦਿਆਂ ਕਿਸੇ ਵੀ ਕਿਸਮ ਦੇ ਵਿਰੋਧ ਜਾਂ ਆਲੋਚਨਾ ਤੋਂ ਬਿਲਕੁੱਲ ਵੀ ਨਹੀਂ ਘਬਰਾਉਣਾ ਚਾਹੀਦਾ ਕਿਉਂਕਿ ਜਦੋਂ ਵੀ ਕੁੱਝ ਨਵਾਂ ਹੁੰਦਾ ਹੈ ਤਾਂ ਕਿੰਤੂ-ਪ੍ਰੰਤੂ ਤਾਂ ਹੁੰਦਾ ਹੀ ਹੈ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly