ਸਮਾਜ ਵੀਕਲੀ
ਬੇਕਸੂਰ ਪੰਜਾਬੀਆਂ ਨੂੰ ਜਾਨੋ ਮਾਰ ਦੇਣ ਵਾਲੇ ਅੰਗਰੇਜੀ ਅਫ਼ਸਰ ਮਾਇਕਲ ਉਡਵਾਇਰ ਤੋਂ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਉੱਧਮ ਸਿੰਘ ਦੇ ਸ਼ਹਿਰ ਸੁਨਾਮ ਦੀ ਰਹਿਣ ਵਾਲੀ ‘ਗੁਲਾਫਸਾ ਬੇਗਮ’ ਦਾ ਜਨਮ 12 ਦਸੰਬਰ 1994 ਨੂੰ ਸੁਨਾਮ(ਉੱਧਮ ਸਿੰਘ ਵਾਲਾ) ਸ਼ਹਿਰ ਵਿਖੇ ਪਿਤਾ ਰਮਜਾਨ ਮੁਹੰਮਦ ਦੇ ਘਰ ਮਾਤਾ ਚਰਾਗ ਬੀਬੀ ਦੀ ਕੁੱਖੋਂ ਹੋਇਆ। ਆਪਣੇ ਸ਼ਹਿਰ ਵਿੱਚ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਨ ਉਪਰੰਤ ਸ਼ਿਵਮ ਕਾਲਜ(ਖੋਖਰ) ਵਿੱਚ ਬੀ.ਐਡ. ਅਤੇ ਰਣਬੀਰ ਕਾਲਜ , ਸੰਗਰੂਰ ਤੋਂ ਐੱਮ.ਏ.ਅੰਗਰੇਜ਼ੀ ਦੀ ਪੜ੍ਹਾਈ ਕੀਤੀ।
ਪੰਜਾਬ ਅਤੇ ਕੇਂਦਰੀ ਪੱਧਰ ਦੇ ਇਮਤਿਹਾਨ ਸਰ ਕੀਤੇ। ਅੱਜ-ਕੱਲ੍ਹ ਡਬਲ ਐੱਮ.ਏ. ਦੀ ਪੜ੍ਹਾਈ ਜਾਰੀ ਹੈ। ਗੁਲਾਫਸਾ ਨੂੰ ਸਾਹਿਤ ਪੜ੍ਹਨ ਦੀ ਚੇਟਕ ਬੀ.ਐਡ. ਦੌਰਾਨ ਕਾਲਜ ਵਿਖੇ ਲੱਗੀ। ਇਸ ਸਮੇਂ ਤੋਂ ਹੀ ਉਹਨਾਂ ਨੇ ਲਿਖਣਾ ਆਰੰਭ ਕੇ ਕਾਲਜ-ਮੈਗਜ਼ੀਨ ਵਿੱਚ ਛਪਵਾਉਣਾ ਸ਼ੁਰੂ ਕਰ ਦਿੱਤਾ। ਉਹ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੇ ਸਾਹਿਤ ਦੀ ਖੂਬ ਜਾਣਕਾਰੀ ਰੱਖਦੇ ਹਨ।
ਗੁਲਾਫਸਾ ਆਲ ਇੰਡੀਆ ਲੈਵਲ ਰਜਿਸਟਰਡ ਸੰਸਥਾ ‘ਰਾਸ਼ਟਰੀ ਮਹਿਲਾ ਕਾਵਿ-ਮੰਚ ਵਿੱਚ ਜਿਲ੍ਹਾ ‘ਸੰਗਰੂਰ’ ਇਕਾਈ ਵਿੱਚੋਂ ਉਪ-ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ। ਵਿਸ਼ਵ ਪੰਜਾਬੀ ਨਾਰੀ ਸਾਹਿਤਕ-ਮੰਚ ਦੀ ਮੈਂਬਰ ਵਜੋਂ ਆਪਣਾ ਯੋਗਦਾਨ ਪਾ ਰਹੀ ਹੈ। ਪਾਕਿਸਤਾਨੀ ਮੁਸ਼ਾਇਰਿਆਂ (ਸਾਂਝੀ ਬੈਠਕ ਪੰਜਾਬ ਦੀ ‘ਲਹਿੰਦਾ ਪੰਜਾਬ ਪਾਕਿਸਤਾਨ’) ਵਿੱਚ ਵੀ ਆਪਣੀਆਂ ਲਿਖਤਾਂ ਨਾਲ ਖ਼ੂਬ ਰੰਗ ਵਿਖੇਰਨ ਵਾਲੀ ਇਸ ਕਵਿੱਤਰੀ ਨੇ ਕਈ ਕਿਤਾਬਾਂ ਦੀ ਭੂਮਿਕਾ ਅਤੇ ਰੀਵਿਊ ਵੀ ਲਿਖੇ ਹਨ। ਸਾਹਿਤ ਦੀਆਂ ਸਰਗਰਮੀਆਂ ਜ਼ਾਰੀ ਰੱਖਦੇ ਹੋਏ ਸਮੇਂ ਸਮੇਂ ‘ਤੇ ਸਾਹਿਤ ਸਭਾਵਾਂ ਦਾ ਆਯੋਜਨ ਵੀ ਕਰ ਰਹੀ ਹੈ।
ਚਿੜੀਆਂ ਦੇ ਕੋਮਲ ਮਾਸ ਨੂੰ ਜੋ ਟੁੱਕ-ਟੁੱਕ ਖਾਂਦੇ ,
ਨਾਚ ਨੰਗਾ ਜੋ ਗਲ਼ੀ ਮੁਹੱਲੇ ਨਿੱਤ ਨਚਾਂਦੇ ,
ਪਾ ਕੇ ਭਗਵਾਂ ਬਾਣਾ ਸਾਊ ਬਣ-ਬਣ ਜਾਂਦੇ ,
ਇਹ ਕੈਸੇ ਦੱਲ੍ਹੇ ਨੇ ?
ਲਾਹਨਤ ਓਹਨਾ ਨਸਲਾਂ ‘ਤੇ, ਜੋ ਇਤਿਹਾਸ ਆਪਣੇ ਨੂੰ ਭੁੱਲੇ ਨੇ।
ਪਟਿਆਲਾ ਤੋਂ ਸੰਚਾਲਕ ਨਵਦੀਪ ਕੌਰ ਵੱਲੋਂ ਛਪਦਾ ‘ਹਰਫ਼ਨਾਮਾ’ ਮੈਗਜ਼ੀਨ’ ਵਿੱਚ ਵੀ ਗੁਲਾਫਸਾ ਆਪਣੀਆਂ ਪੈੜਾਂ ਛੱਡ ਰਹੀ ਹੈ। ਇਸ ਦੇ ਨਾਲ ‘ਐਂਟੀ ਕੁਰੱਪਸ਼ਨ ਪ੍ਰੈੱਸ’ ਅਤੇ ‘ਪੰਜਾਬ ਨਾਓ ਟੀ.ਵੀ. ਵਰਗੇ ਆੱਨਲਾਈਨ ਅਖ਼ਬਾਰਾਂ ਵਿੱਚ ਅੰਗਰੇਜ਼ੀ/ਪੰਜਾਬੀ ਭਾਸ਼ਾ ਵਿੱਚ ਆਪਣੇ ਆਰਟੀਕਲਾਂ ਦਾ ਰੰਗ ਵਿਖੇਰ ਰਹੀ ਹੈ। ਵੱਖ-ਵੱਖ ਸਮਿਆਂ ‘ਤੇ ਇਲਾਕੇ ਭਰ ਦੇ ਕਵੀ ਦਰਬਾਰਾਂ ਅਤੇ ਸਾਹਿਤਕ ਸਰਗਰਮੀਆਂ ਵਿੱਚ ਹਿੱਸਾ ਪਾਉਂਦੀ ਕਵਿੱਤਰੀ ਪੰਜ ਸਾਂਝੇ ਕਾਵਿ-ਸੰਗ੍ਰਹਿਆਂ ਵਿੱਚ ਵੀ ਸ਼ਮੂਲੀਅਤ ਕਰ ਚੁੱਕੀ ਹੈ।
ਅੰਗਰੇਜ਼ੀ, ਪੰਜਾਬੀ ਦੇ ਨਾਲ ਨਾਲ ਉਰਦੂ ਦੀ ਜਾਣਕਾਰੀ ਰੱਖਦੇ ਹੋਏ ਗੁਲਾਫਸਾ ਨੇ ਕੁਰਆਨ-ਮਜੀਦ ਦੀਆਂ ਆਇਤਾਂ ਅਤੇ ਜਪੁਜੀ ਸਾਹਿਬ ਦਾ ਅੰਤਰ-ਸੰਵਾਦ ਰਚਾ ਕੇ ਆਪਣੇ ਗਹਿਰੇ ਚਿੰਤਨ ਦਾ ਸਬੂਤ ਦਿੱਤਾ ਹੈ।
ਸਾਡੇ ਸਿਰ ਉੱਤੇ ਛਾਇਆ ਰਹਿੰਦਾ ਸਦਾ ਹੀ ਹਨੇਰਾ,
ਹਾਲੇ ਸੁੰਞੀਆਂ ਨੇ ਸ਼ਾਮਾਂ ਅਤੇ ਸੁੰਞਾਂ ਹੈ ਸਵੇਰਾ,
ਸਾਡਾ ਚੰਮ ਪਿੰਜ-ਪਿੰਜ ਰਾਠ ਵੇਖਦੇ ਨੇ ਜ਼ੇਰਾ,
ਕਦੋਂ ਤੱਕ ਕੋਈ ਗ਼ਰੀਬੀ-ਰੱਤ ਆਪਣੀ ਪਿਆਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ?
ਨਾਰੀ ਹੋਣ ਦੇ ਨਾਤੇ ਉਹ ਭਵਿੱਖ ਵਿੱਚ ਘੱਟੋ-ਘੱਟ ਤੀਹ ਨਾਰੀ-ਲੇਖਿਕਾਵਾਂ ਦੀਆਂ ਕਿਤਾਬਾਂ ਉੱਪਰ ਆਲੋਚਨਾਤਮਕ-ਆਰਟੀਕਲ ਲਿਖ ਕੇ ਪੰਜਾਬੀ ਸਾਹਿਤ ਨੂੰ ਹੋਰ ਵੀ ਭਰਪੂਰ-ਦੇਣ ਦੇਣ ਜਾ ਰਹੇ ਹਨ। ਇਹ ਸਾਰੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਖਿਤਾਬ ਉਹ ਮੈਡਮ ਨਿਰਮਲ ਕੌਰ ਕੋਟਲਾ, ਪ੍ਰੋ. ਦਿਨੇਸ਼ ਸ਼ਰਮਾ ਅਤੇ ਲੇਖਕ ਕੁਲਦੀਪ ਨਿਆਜ਼ ਸਮੇਤ ਆਪਣੇ ਪਰਿਵਾਰ ਦੀ ਝੋਲ਼ੀ ਪਾਉਂਦੀ ਹੈ।
ਪੰਜਾਬੀ ਸਾਹਿਤ ਦੇ ਅੰਬਰੀਂ ਉਡਾਰੀ ਲਾਉੱਦੀ ਗੁਲਾਫਸਾ ਬੇਗਮ ਤੋਂ ਸਾਹਿਤ ਜਗਤ ਨੂੰ ਹੋਰ ਵੀ ਬਹੁਤ ਆਸਾਂ ਉਮੀਦਾਂ ਅਤੇ ਸੰਭਾਵਨਾਵਾਂ ਹਨ । ਵਾਹਿਗੁਰੂ ਇਸ ਕਲਮ ਨੂੰ ਹੋਰ ਬੁਲੰਦੀਆਂ ਅਤੇ ਤਾਕਤ ਬਖਸ਼ੇ ਤਾਂ ਜੋ ਇਹ ਕਲਮ ਇਸੇ ਤਰ੍ਹਾਂ ਪੰਜਾਬੀ ਸਾਹਿਤ ਦੀ ਸੇਵਾ ਕਰਦੀ ਰਹੇ ਅਤੇ ਸਾਹਿਤ ਜਗਤ ਦੇ ਸਾਰੇ ਸਨਮਾਨ ਗੁਲਾਫਸਾ ਬੇਗਮ ਦੀ ਝੋਲੀ ਪੈਣ ।
9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly