ਸਾਹਿਤਕ ਖੇਤਰ ਵਿਚ ਉੱਭਰ ਰਹੀ ਉੱਚੀ ਲੰਮੀ ਪੰਜਾਬਣ ਮੁਟਿਆਰ – ਮਨਦੀਪ ਕੌਰ ਦਰਾਜ

ਮਨਦੀਪ ਕੌਰ ਦਰਾਜ

(ਸਮਾਜ ਵੀਕਲੀ)

ਕੁੜੀਏ ਮਰਜਾਣੀਏ ਕੀ ਆਖ ਬੁਲਾਵਾਂ ਤੈਨੂੰ,
ਕਿਉਂ ਭੰਡਦਾ ਏ ਸਾਰਾ ਜ਼ਮਾਨਾ ਦੱਸਦੇ ਤੈਨੂੰ ।
ਕਦੇ ਧੀ, ਭੈਣ ,ਪਤਨੀ ,ਮਾਂ ਬਣਦੀ ਐਂ ਤੂੰ,
ਪਿਆਰ ਦੇ ਨਾਲ ਖੌਰੇ ਕਿੰਨੇ ਹੀ ਰਿਸ਼ਤੇ ਗੰਢਦੀ ਏਂ ਤੂੰ,
ਕਿਹੜੇ ਕਿਹੜੇ ਕਿੱਸੇ ਬੋਲ ਸੁਣਾਵਾਂ   ਤੈਨੂੰ ।
ਕੁੜੀਏ ਮਰ ਜਾਣਗੇ ਕੀ ਆਖ ਬੁਲਾਵਾਂ ਤੈਨੂੰ।

ਮਨਦੀਪ ਕੌਰ ਦਾ ਜਨਮ ਨਵੰਬਰ 1995 ਨੂੰ ਪਿਤਾ ਸਰਦਾਰ ਲਾਲ ਸਿੰਘ ਦੇ ਘਰ, ਮਾਤਾ ਸਰਦਾਰਨੀ ਮਨਜੀਤ ਕੌਰ ਦੀ ਕੁੱਖੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਦਰਾਜ ਵਿੱਚ ਹੋਇਆ। ਬਚਪਨ ਤੋਂ ਹੀ ਮਨਦੀਪ ਨਟਖਟ ਸੁਭਾਅ ਦੀ ਮਾਲਕ ਹੈ ।ਸਕੂਲ ਵਿਚ ਅਧਿਆਪਕਾਂ ਦੇ ਦਿਲਾਂ ਉੱਤੇ ਆਪਣੇ ਮਿੱਠ ਬੋਲੜੇ ਸੁਭਾਅ ਨਾਲ ਛਾਈ ਰਹੀ ।ਮਨਦੀਪ ਦੇ ਪਰਿਵਾਰ ਵਿੱਚ ਦਾਦਾ-ਦਾਦੀ , ਮਾਤਾ-ਪਿਤਾ, ਦੋ ਭੈਣਾਂ ਤੇ ਇੱਕ ਭਰਾ ਹੈ। ਸੁਭਾਅ ਪੱਖੋਂ ਅਤੇ ਸ਼ਕਲ- ਸੂਰਤ ਪੱਖੋਂ ਮਨਦੀਪ ਨੂੰ ਆਪਣੇ ਭਰਾ ਦੀ ਕਾਪੀ ਕਿਹਾ ਜਾਂਦਾ ਹੈ ।ਪਹਿਲੀਆਂ ਦਸ ਕਲਾਸਾਂ ਮਨਦੀਪ ਨੇ ਪਿੰਡ ਦੇ ਸਕੂਲ ਵਿੱਚ ਹੀ ਪਾਸ ਕੀਤੀਆਂ।

ਇੰਨਾਂ ਸਾਲਾਂ ਦੇ ਦੌਰਾਨ ਉਸ ਨੇ ਬਹੁਤ ਸਾਰੀਆਂ ਸਟੇਜਾਂ ਸੰਭਾਲੀਆਂ ਅਤੇ ਅੱਠਵੀਂ ਕਲਾਸ ਵਿੱਚ ਪਹਿਲੀ ਕਵਿਤਾ ‘ਪੰਜਾਬ ਦੀ ਜਵਾਨੀ’ ਲਿਖੀ ।ਹਾਲਾਂਕਿ ਉਸ ਸਮੇਂ ਮਨਦੀਪ ਨੂੰ ਇੰਨਾ ਗਿਆਨ ਨਹੀਂ ਸੀ ਪਰ ਉਸ ਦੇ ਇਸ ਸਫ਼ਰ ਦੀ ਸ਼ੁਰੂਆਤ ਉਦੋਂ ਹੀ ਹੋ ਚੁੱਕੀ ਸੀ। ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਵਿਖੇ ਪਾਸ ਕੀਤੀ।ਉਸ ਸਮੇਂ ਬਹੁਤ ਸਾਰੀਆਂ ਰਚਨਾਵਾਂ ਜਿਵੇਂ – ਫੈਸ਼ਨ ,ਧੀ ,ਅਨੁਸ਼ਾਸਨ ,ਨਜ਼ਰੀਆ,ਮਾਂ, ਵਿਰਸਾ ਤੇ ਹੋਰ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ‘ਦਾਜ ਨੂੰ ਰੋਕੋ’ ਕਵਿਤਾ ਪਹਿਲੀ ਕਵਿਤਾ ਸੀ ਜੋ ਚੈਂਪੀਅਨ ਟਾਈਮਜ਼ ਅਖਬਾਰ ਵਿਚ ਛਪੀ ।

ਕਵਿਤਾਵਾਂ ਤੋਂ ਇਲਾਵਾ ਮਨਦੀਪ ਨੇ ਲੇਖ ਮੁਕਾਬਲੇ ,ਭਾਸ਼ਣ ਮੁਕਾਬਲੇ ,ਨਾਟਕ ਤੇ ਹੋਰ ਕਈ ਸਟੇਜੀ ਮੁਕਾਬਲਿਆਂ ਚ ਭਾਗ ਲਿਆ ।ਮਨਦੀਪ ਨੂੰ ਹੱਲਾਸ਼ੇਰੀ ਉਸਦੇ ਪਿਤਾ ਵੱਲੋਂ ਦਿੱਤੀ ਜਾਂਦੀ ਸੀ ਹਾਲਾਂਕਿ ਪਿੰਡ ਦੇ ਵਿੱਚ ਰਹਿਣ ਕਾਰਨ ਉਸ ਤੇ ਕਈ ਰੋਕਾਂ ਟੋਕਾਂ ਵੀ ਲੱਗੀਆਂ ਪਰ ਪਰਿਵਾਰ ਦੇ ਸਾਥ ਨਾਲ ਅੱਗੇ ਵਧਦੀ ਰਹੀ । ਫਿਰ ਉਸ ਨੇ ਗ੍ਰੈਜੂਏਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਢਿੱਲਵਾਂ ਵਿਖੇ ਦਾਖਲਾ ਲਿਆ। ਉੱਥੇ ਵੀ ਮਨਦੀਪ ਨੇ ਬਹੁਤ ਸਾਰੀਆਂ ਸਟੇਜਾਂ ਸੰਭਾਲੀਆਂ ਅਤੇ ਕਾਲਜ ਦੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਉਸ ਨੂੰ ਜਾਨਣ ਲੱਗੀਆਂ ਪਰ ਵਾਹਿਗੁਰੂ ਨੇ 2016 ਵਿੱਚ ਉਸ ਤੋਂ ਉਸ ਦੇ ਪਿਤਾ ਨੂੰ ਖੋਹ ਕੇ ਜਿਵੇਂ ਉਸਦੀ ਜ਼ਿੰਦਗੀ ਵਿੱਚ ਹਨੇਰਾ ਹੀ ਕਰ ਦਿੱਤਾ ਹੋਵੇ ।

ਹਸਦੀ ਰਹਿਣ ਵਾਲੀ ਕੁੜੀ ਹੁਣ ਬਿਲਕੁਲ ਚੁੱਪ ਹੋ ਗਈ ਅਤੇ ਸਭ ਕੁੱਝ  ਛੱਡ ਕੇ ਸਿਰਫ਼ ਪੜ੍ਹਾਈ ਵਿੱਚ ਰੁਝੀ ਰਹਿਣ ਲੱਗੀ। ਉਨ੍ਹਾਂ ਦਾ ਪਰਿਵਾਰ ਵੀ ਸਦਮੇ ਵਿੱਚ ਸੀ ਉਹ ਜਦੋਂ ਵੀ ਕਿਸੇ ਨਾਲ ਬੋਲਦੀ ਜਾਂ ਗੱਲਬਾਤ ਕੀਤੀ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਹੁੰਦਾ ਸੀ। ਸਦਮੇ ਚੋਂ ਹਾਲੇ ਨਿਕਲੀ ਹੀ ਸੀ ਕਿ ਉਸ ਦੇ ਦਾਦਾ ਦਾਦੀ ਵੀ ਰੱਬ ਨੂੰ ਪਿਆਰੇ ਹੋ ਗਏ।ਹੁਣ ਘਰ ਬਿਲਕੁਲ ਸੁੰਨਾ ਹੋ ਗਿਆ ਸੀ ਪਰ ਉਸ ਦਾ ਭਰਾ ਉਸ ਨੂੰ ਹਮੇਸ਼ਾਂ ਸਮਝਾਉਂਦਾ ਰਹਿੰਦਾ ਤੇ ਉਸ ਨੇ ਫਿਰ 2018 ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ 2020 ਵਿਚ ਦੁਬਾਰਾ ਤੋਂ ਉਸ ਨੇ ਕਵਿਤਾ ਲਿਖਣ ਦੀ ਸ਼ੁਰੂਆਤ ਕੀਤੀ ।

‘ਪਰਖ’ ਕਵਿਤਾ ਨਾਲ ਮੁੜ ਤੋਂ  ਪਹਿਚਾਣ ਬਣਾਈ । ਫਿਰ ਲਗਾਤਾਰ ਕਵਿਤਾਵਾਂ ਮਜਬੂਰੀ ਏ, ਕਿਸਾਨਾਂ ਦਾ ਘੋਲ ,ਪੁੱਤ ਪੰਜਾਬ ਦਾ, ਨੌਜਵਾਨ ਦੀ ਚਿਤਾਵਨੀ, ਸੌ ਰੁਪਏ ਤੇ ਨੀ ਆਈਆਂ ,ਕਵਿਤਾਵਾਂ ਅਤੇ ਦੋ ਕਹਾਣੀਆਂ ਦਾਜ ਤੇ ਬੱਸ ਇੱਕ ਰੱਬ ਨਾ ਮਾਰੇ ਨਾਲ ਮੁੜ ਤੋਂ ਦਸਤਕ ਦਿੱਤੀ । ਉਸ ਦੀਆਂ ਰਚਨਾਵਾਂ ਬਹੁਤ ਸਾਰੇ ਅਖ਼ਬਾਰਾਂ ਜਿਵੇਂ  ਸਾਂਝੀ ਸੋਚ, ਲਿਸ਼ਕਾਰਾ, ਵਰਲਡ ਪੰਜਾਬੀ ਟਾਈਮਜ਼, ਦੁਆਬਾ ਐਕਸਪ੍ਰੈੱਸ ਕਾਵਿਲੋਕ ,ਪ੍ਰੀਤਨਾਮਾ,ਡੇਲੀ ਹਮਦਰਦ,ਸਾਂਝ,ਵਿਰਾਸਤ,ਪੰਜਾਬੀ-ਇਨ-ਹਾਲੈਡ,ਪੰਜਾਬ ਟਾਇਮ ਯੂ਼ ਕੇ,ਕਾਵਿ -ਕਿਆਰੀ ਆਦਿ ਵਿੱਚ ਛਪੀਆਂ।

ਉਸ ਦੀ ਕਵਿਤਾ ਦੀਆਂ ਕੁਝ ਕੁ ਲਾਈਨਾਂ ਇਸ ਪ੍ਰਕਾਰ ਹਨ-
ਜਿੱਥੇ ਪੰਜ ਦਰਿਆ ਨੇ ਵਗਦੇ,
ਗੱਭਰੂ ਸ਼ੇਰਾਂ ਵਾਂਗ ਨੇ ਗੱਜਦੇ,
ਜਿੱਥੇ ਖਿੜਿਆ ਹਾਸੇ ਦਾ ਗੁਲਾਬ ਏ।
ਉਹ ਮੇਰਾ ਰੰਗਲਾ ਪੰਜਾਬ ਏ,
ਜੀ ਉਹ ਮੇਰਾ ਰੰਗਲਾ ਪੰਜਾਬ ਏ।

ਸਾਹਿਤਕ ਖੇਤਰ ਦੀ ਫੁਲਵਾੜੀ ਨੂੰ ਮਹਿਕਾਉਣ ਵਾਲੀ ਮਨਦੀਪ ਕੌਰ ਆਪਣੀ ਕਲਮ ਨਾਲ ਏਦਾਂ ਅੱਖਰਾਂ ਨੂੰ ਸ਼ਿੰਗਾਰਦੀ ਰਹੇ। ਮਾਂ ਬੋਲੀ ਦੀ ਸੇਵਾ ਕਰਦੀ ਰਹੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜ਼ਿੰਦਗੀ ਵਿੱਚ ਅੱਗੇ ਵਧੇ ਅਤੇ ਬੁਲੰਦੀਆਂ ਨੂੰ ਛੂੰਹਦੀ ਇਸ ਮੁਟਿਆਰ ਨੂੰ ਸਾਹਿਤਕ ਖੇਤਰ ਦੇ ਵੱਡੇ ਮਾਣ ਸਨਮਾਨ ਪ੍ਰਾਪਤ ਹੋਣ  ।

ਰਮੇਸ਼ਵਰ ਸਿੰਘ ਪਟਿਆਲਾ
9914880392

Previous articleਆਪੋ ਆਪਣੇ ਮੋਰਚੇ
Next articleਮਨਦੀਪ ਕੌਰ ਦਰਾਜ