ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦੇਹਾਂਤ

ਨਵੀਂ ਦਿੱਲੀ (ਸਮਾਜ ਵੀਕਲੀ) : ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਦਲਿਤ ਨੇਤਾ ਬੂਟਾ ਸਿੰਘ (86) ਦਾ ਅੱਜ ਸਵੇਰੇ ਇਥੋਂ ਦੇ ਏਮਸ ਹਸਪਤਾਲ ’ਚ ਦੇਹਾਂਤ ਹੋ ਗਿਆ। ਚਾਰ ਪ੍ਰਧਾਨ ਮੰਤਰੀਆਂ ਨਾਲ ਕੰਮ ਕਰਨ ਵਾਲੇ ਬੂਟਾ ਸਿੰਘ ਪਿਛਲੇ ਸਾਲ ਅਕਤੂਬਰ ’ਚ ਦਿਮਾਗ ਦੀ ਨਾੜੀ ਫਟਣ ਕਾਰਨ ਉਹ ਕੋਮਾ ਵਿੱਚ ਸਨ ਅਤੇ ਉਸ ਸਮੇਂ ਤੋਂ ਹੀ ਏਮਸ ’ਚ ਦਾਖ਼ਲ ਸਨ। ਉਨ੍ਹਾਂ ਦਾ ਅੱਜ ਸ਼ਾਮ ਲੋਧੀ ਰੋਡ ਸ਼ਮਸ਼ਾਨ ਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਅੱਠ ਵਾਰ ਸੰਸਦ ਮੈਂਬਰ ਅਤੇ ਬਿਹਾਰ ਦੇ ਰਾਜਪਾਲ ਰਹੇ ਸ੍ਰੀ ਬੂਟਾ ਸਿੰਘ ਦੇ ਦੇਹਾਂਤ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਆਗੂਆਂ ਨੇ ਅਫ਼ਸੋਸ ਜਤਾਇਆ ਹੈ।

ਜਲੰਧਰ ਦੇ ਪਿੰਡ ਮੁਸਤਫ਼ਾਬਾਦ ਵਿੱਚ ਦਲਿਤ ਪਰਿਵਾਰ ’ਚ 21 ਮਾਰਚ, 1934 ਨੂੰ ਜਨਮੇ ਬੂਟਾ ਸਿੰਘ ਕਾਂਗਰਸ ਦੇ ਔਖੇ ਸਮਿਆਂ ਦੇ ਆਗੂ ਰਹੇ ਅਤੇ ਉਹ ਸਿੱਖਾਂ ਵਿੱਚ ਚਰਚਿਤ ਚਿਹਰਾ ਸਨ। ਉਹ ਗਾਂਧੀ ਪਰਿਵਾਰ ਦੇ ਬਹੁਤ ਕਰੀਬੀਆਂ ਵਿੱਚੋਂ  ਸਨ ਜਿਸ ਕਰਕੇ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਨਾਲ ਖੇਤੀਬਾੜੀ, ਰੇਲ, ਖੇਡਾਂ ਬਾਰੇ ਵਿਭਾਗਾਂ ਦੇ ਮੰਤਰੀ ਵੀ ਰਹੇ। ਬਾਅਦ ’ਚ ਉਹ ਬਿਹਾਰ ਦੇ ਰਾਜਪਾਲ ਵੀ ਬਣੇ। ਉਨ੍ਹਾਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਸ਼ੁਰੂ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜੇ ਰਹੇ ਸਨ ਪਰ ਬਾਅਦ ’ਚ ਉਹ ਕਾਂਗਰਸ ’ਚ ਸ਼ਾਮਲ ਹੋ ਗਏ ਸਨ।

ਕਾਂਗਰਸ ਦੇ 1978 ’ਚ ਦੋ ਧੜਿਆਂ ’ਚ ਵੰਡੇ ਜਾਣ ਮਗਰੋਂ ਪਾਰਟੀ ਦੇ ਨਵੇਂ ਚੋਣ ਨਿਸ਼ਾਨ ‘ਪੰਜੇ’ ਦੀ ਚੋਣ ’ਚ ਵੀ ਉਨ੍ਹਾਂ ਦੀ ਸ਼ਮੂਲੀਅਤ ਰਹੀ। ਉਹ ਪਹਿਲੀ ਵਾਰ 1962 ’ਚ ਪੰਜਾਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਇਸ ਮਗਰੋਂ ਉਨ੍ਹਾਂ ਰਾਜਸਥਾਨ ਦੀ ਜਾਲੌਰ ਸੀਟ ਤੋਂ ਨੁਮਾਇੰਦਗੀ ਕੀਤੀ। ਉਹ 1973-74 ’ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਹਰੀਜਨ ਸੈੱਲ ਦੇ ਕਨਵੀਨਰ ਰਹੇ ਅਤੇ ਫਿਰ ਏਆਈਸੀਸੀ ਦੇ 1978 ’ਚ ਜਨਰਲ ਸਕੱਤਰ ਬਣੇ। ਉਹ 1974 ’ਚ ਰੇਲ, 1976 ’ਚ ਵਣਜ, 1980 ’ਚ ਜਹਾਜ਼ਰਾਨੀ ਅਤੇ ਟਰਾਂਸਪੋਰਟ ਰਾਜ ਮੰਤਰੀ ਬਣੇ। 1982 ਦੀਆਂ ਏਸ਼ਿਆਈ ਖੇਡਾਂ ਸਮੇਂ ਉਨ੍ਹਾਂ ਕੋਲ ਖੇਡ ਮੰਤਰਾਲੇ ਦਾ ਆਜ਼ਾਦ ਚਾਰਜ ਸੀ।

ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੰਦਿਆਂ ਸੰਸਦੀ ਮਾਮਲਿਆਂ, ਖੇਡਾਂ ਅਤੇ ਹਾਊਸਿੰਗ ਮਾਮਲਿਆਂ ਦਾ ਚਾਰਜ ਸੌਂਪਿਆ। 1984 ’ਚ ਉਹ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਮੰਤਰੀ ਅਤੇ 1986 ’ਚ ਰਾਜੀਵ ਗਾਂਧੀ ਦੀ ਕੈਬਨਿਟ ’ਚ ਕੇਂਦਰੀ ਗ੍ਰਹਿ ਮੰਤਰੀ ਬਣੇ। ਪੀ ਵੀ ਨਰਸਿਮਹਾ ਰਾਓ ਦੇ ਕਾਰਜਕਾਲ ਦੌਰਾਨ ਬੂਟਾ ਸਿੰਘ 1995 ਤੋਂ 1996 ਤੱਕ ਸਿਵਲ ਸਪਲਾਈਜ਼, ਖਪਤਕਾਰ ਅਤੇ ਜਨਤਕ ਵੰਡ ਮਾਮਲਿਆਂ ਬਾਰੇ ਮੰਤਰੀ ਰਹੇ।

ਸਾਲ 2007 ’ਚ ਉਨ੍ਹਾਂ ਨੂੰ ਮਨਮੋਹਨ ਸਿੰਘ ਨੇ ਕੌਮੀ ਸ਼ਡਿਊਲਡ ਕਾਸਟ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਅਤੇ ਉਹ ਇਸ ਅਹੁਦੇ ’ਤੇ 2010 ਤੱਕ ਤਾਇਨਾਤ ਰਹੇ। ਗਾਂਧੀ ਪਰਿਵਾਰ ਨਾਲ ਨਜ਼ਦੀਕੀਆਂ ਅਤੇ ਕਾਂਗਰਸ ਸਰਕਾਰਾਂ ’ਚ ਮਿਲੇ ਅਹੁਦਿਆਂ ਦੀ ਕੀਮਤ ਵੀ ਉਨ੍ਹਾਂ ਨੂੰ ਚੁਕਾਉਣੀ ਪਈ। ਅਪਰੇਸ਼ਨ ਬਲਿਊ ਸਟਾਰ ਮਗਰੋਂ 1985 ’ਚ ਬੂਟਾ ਸਿੰਘ ਨੂੰ ਪੰਥ ’ਚੋਂ ਛੇਕਣ ਦਾ ਹੁਕਮਨਾਮਾ ਸੁਣਾਇਆ ਗਿਆ ਸੀ। ਕਰੀਬ 10 ਸਾਲ ਮਗਰੋਂ ਮਾਰਚ 1994 ’ਚ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਮੁਆਫ਼ੀ ਦੇ ਦਿੱਤੀ ਸੀ।

ਉਨ੍ਹਾਂ ਨਾਲ ਕਈ ਵਿਵਾਦ ਵੀ ਜੁੜੇ ਰਹੇ। 1998 ’ਚ ਸੰਚਾਰ ਮੰਤਰੀ ਰਹਿੰਦਿਆਂ ਜੇਐੱਮਐੱਮ ਰਿਸ਼ਵਤ ਕਾਂਡ ’ਚ ਨਾਮ ਆਉਣ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਅਯੁੱਧਿਆ ’ਚ ਵਿਵਾਦਤ ਜ਼ਮੀਨ ’ਤੇ 1989 ’ਚ ਰਾਮ ਮੰਦਰ ਦੀ ਉਸਾਰੀ ਲਈ ਲਿਆਂਦੀਆਂ ਗਈਆਂ ਇੱਟਾਂ, ਜਿਨ੍ਹਾਂ ’ਤੇ ਭਗਵਾਨ ਰਾਮ ਉਕਰਿਆ ਹੋਇਆ ਸੀ, ਦੇ ਤਿਲਕ ’ਚ ਵੀ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਸੀ। 2005 ’ਚ ਬਿਹਾਰ ਦੇ ਰਾਜਪਾਲ ਵਜੋਂ ਉਨ੍ਹਾਂ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਸੀ ਜਿਸ ਦੀ ਸੁਪਰੀਮ ਕੋਰਟ ਨੇ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

Previous article‘ਕੋਵੈਕਸੀਨ’ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਦੀ ਸਿਫ਼ਾਰਸ਼
Next articleਅੱਜ ਦੇ ਸਟਾਰਟ-ਅੱਪ ਭਲਕ ਦੀਆਂ ਬਹੁ-ਕੌਮੀ ਕੰਪਨੀਆਂ: ਮੋਦੀ