ਸਮਾਜ ਵੀਕਲੀ
” ਏਸੀ ਬੰਦ ਕਮਰਿਆਂ ਤੋਂ ਫ਼ੈਸਲੇ ਸੁਣਾ ਲਏ,
3 ਖੇਤੀ ਨਾਲ ਦੇ ਕਨੂੰਨ ਕੋਈ ਬਣਾ ਲਏ;
ਹਾਕਮ ਜੋ ਦਿੱਲ੍ਹੀ ਬੈਠਾ ਤਾਨਾਸ਼ਾਹੀ ਮੱਤ ਦਾ,
ਕੰਮੀਆਂ ਗਰੀਬਾਂ ਨੂੰ ਉਹ ਡਰਾਉਣ ਨੂੰ ਫਿਰੇ,
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖਕੇ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇ….;
ਛੇੜ ਸਾਡੀ ਮੱਤ ਨੂੰ ਏ ਗਲਤੀ ਤੂੰ ਕਰ ਲਈ,
ਹਿੱਕ ਡਾਹਕੇ ਮੂਹਰੇ ਖੜ੍ਹੇ ਸਾਨੂੰ ਕੋਈ ਡਰ ਨਹੀਂ;
ਬੰਬ ਤੇ ਬੰਦੂਕ ਤੇਰੇ ਮੁੱਕ ਜਾਣੇ ਇੱਕ ਦਿਨ,
ਮੁੱਕਣੇ ਨਾਂ ਸਿਰ,ਜੋ ਮੁਕਾਉਣ ਨੂੰ ਫਿਰੇਂ;
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖ ਲਈ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇ….;
ਪਹਿਲਾਂ ਵਾਰ ਕਰੀਏ,ਸਾਡਾ ਏ ਸੁਭਾ ਨਹੀਂ,
ਈਨ ਮੰਨਦੇ ਨਹੀਂ,ਭਾਵੇਂ ਹੱਸ ਦੇਵੀਂ ਤੂੰ ਮੁਕਾ ਵੀ;
ਝੂਲਦੇ ਨਿਸ਼ਾਨ ਦੇਖ ਦਿੱਲ੍ਹੀ ਦਿਆਂ ਰਾਹਾਂ ‘ਤੇ,
ਜਿਹੜੀ ਕਿਰਤੀ ਕਿਸਾਨਾਂ ਨੂੰ ਡਰਾਉਣ ਨੂੰ ਫਿਰੇਂ,
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖ ਲਈ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇ….;
ਅੱਧਾ ਸਾਲ ਲੰਘ ਗਿਆ ਅਜੇ ਹੌਸਲੇ ਬੁਲੰਦ ਨੇ,
ਖ਼ੈਬਰ ਖਿਦਰਾਣੇ ਸਾਨੂੰ ਲੱਗਦੇ ਸਰਹੰਦ ਨੇਂ;
ਬੰਦੇ ਸਿੰਘ ਬਾਬੇ ਦੇ ਹਾਂ ਵਾਰਿਸ ਅਸੀਂ,
ਕਿੱਥੇ ਜ਼ਖ਼ਮੀ ਸ਼ੇਰਾਂ ਨਾ’ ਮੱਥਾ ਲਾਉਣ ਨੂੰ ਫਿਰੇਂ;
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖ ਲਈ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇ….;
ਪਰਖ ਲੈ ਸਬਰ ਸਾਡਾ ਜਿੰਨਾਂ ਵੀ ਤੂੰ ਚਾਹੁੰਨਾ ਏ,
ਜੰਗ ਹੋਂਦ ਵਾਲ਼ੀ ਜਿੱਤ ਅਸੀਂ ਘਰ ਮੁੜ ਆਉਣਾ ਏ;
ਭਾਜੀ ਤੇਰੀ ਪਾਈ ਦੂਣੀ ਚੌਣੀ ਕਰ ਮੋੜਾਂਗੇ,
ਹਰ ਤਖ਼ਤ ‘ਤੇ ਹੱਕ ਜੋ ਜਤਾਉਣ ਨੂੰ ਫਿਰੇਂ;
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖ ਲਈ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇਂ….;
ਹਲੇ ਕਲਮਾਂ ਨੇ ਕੋਲ,ਸਾਡੇ ਤੀਰਾਂ ਜਹੇ ਬੋਲ,
ਹਥਿਆਰਾਂ ਦੀ ਨਹੀਂ ਲੋੜ,ਸਾਡੇ ਹੌਂਸਲੇ ਅਡੋਲ;
ਤੱਤੀ ਤਵੀਆਂ ‘ਤੇ ਬੈਠੇ ਸਾਡੇ ਹੱਸਦੇ ਨੇ ਬਾਬੇ,
ਹੁਣ ਤੀਰਾਂ ਅੱਗੇ ਹਿੱਕ ਹਰ ਡਾਹੁਣ ਨੂੰ ਫਿਰੇ,
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖ ਲਈ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇਂ….;
ਬਦਲੇ ਦੀ ਅੱਗ ਤੇਰੀ ਐਨੀਂ ਕੁ ਏ ਵੱਧ ਗਈ,
ਤੇਰੇ ਹੱਥੋਂ ਅੱਗ ਸਾਰੇ ਧਰਮਾਂ ਨੂੰ ਲੱਗ ਗਈ;
ਸ਼ੀਸ਼ ਜਾਕੇ ਦਿੱਲ੍ਹੀ ਵਾਰੇ ਗੁਰੂਆਂ ਨੇ ਏਕੇ ਲਈ,
ਚਾਦਰ ਹਿੰਦ ਦੀ ਤੂੰ ਹੱਥੀਂ ਜਲਾਉਣ ਨੂੰ ਫਿਰੇਂ;
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖ ਲਈ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇਂ….;
ਬੁੱਕਲਾਂ ‘ਚ ਬੈਠੇ ਸੱਪ ਭਾਵੇਂ ਸਾਨੂੰ ਡੰਗ ਗਏ,
ਫਿਰ ਵੀ ਹਾਂ ਭਲਾ ਸਰੱਬਤ ਦਾ ਹੀ ਮੰਗਦੇ;
ਉਹਦਾ ਤੋੜੀਏ ਹੰਕਾਰ,ਭਾਵੇਂ ਕਿੱਡਾ ਵੀ ਉਹ ਰਾਜਾ ਹੋਵੇ,
ਸਾਡੀ ਹਿੱਕ ਉੱਤੇ ਹਲ਼ ਜਿਹੜਾ ਵਾਹੁਣ ਨੂੰ ਫਿਰੇ;
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖ ਲਈ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇਂ….;
‘ਧਾਲੀਵਾਲਾ’ ਦੁਆ ਕਰ ਕਿਰਤੀ ਕਿਸਾਨਾਂ ਲਈ,
ਮੋਰਚੇ ‘ਚ ਗੁੰਮ ਗਈਆਂ ਕੀਮਤੀ ਉਹ ਜਾਨਾਂ ਲਈ;
ਬੰਦ ਬੰਦ ਕੱਟੇ ਸਾਡੇ ਫਿਰ ਦੂਣੇ ਹੁੰਦੇ ਜਾਣ,
ਪਿਰਤ ਖ਼ਾਲਸਾ ਏ ਫਿਰ ਇਹ ਪਾਉਣ ਨੂੰ ਫਿਰੇ,
ਸਾਡੀਆਂ ਜ਼ਮੀਨਾਂ ਉੱਤੇ ਮੈਲ਼ੀ ਅੱਖ ਰੱਖ ਲਈ,
ਹੋਂਦ ਸਾਡੀ ਹੁਣ ਤੂੰ ਮਿਟਾਉਣ ਨੂੰ ਫਿਰੇਂ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly