- ਦੇਸ਼ ਭਰ ’ਚ ਕਰੋਨਾ ਦੇ 18 ਕਰੋੜ ਟੀਕੇ ਵੰਡੇ ਜਾਣ ਦਾ ਦਾਅਵਾ
- ਲੋਕਾਂ ਨੂੰ ਵਾਰੀ ਆਉਣ ’ਤੇ ਟੀਕਾ ਲਗਵਾਉਣ ਦੀ ਅਪੀਲ
- ਪੰਚਾਇਤਾਂ ਨੂੰ ਪਿੰਡਾਂ ਵਿੱਚ ਕਰੋਨਾ ਫੈਲਣ ਤੋਂ ਚੌਕਸ ਕੀਤਾ
ਨਵੀਂ ਦਿੱਲੀ (ਸਮਾਜ ਵੀਕਲੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਰੋਨਾਵਾਇਰਸ ਨੂੰ ‘ਅਦਿੱਖ’ ਤੇ ‘ਬਹਿਰੂਪੀਆ’ ਦੁਸ਼ਮਣ ਕਰਾਰ ਦਿੰਦਿਆਂ ਕਿਹਾ ਕਿ ਸਾਰੀ ਦੁਨੀਆ ਇਸ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਇਸ ਮਹਾਮਾਰੀ ਕਾਰਨ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਵੀ ਜ਼ਾਹਿਰ ਕੀਤੀ।
ਪ੍ਰਧਾਨ ਮੰਤਰੀ ਨੇ ਪੀਐੱਮ-ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ ਵਿੱਤੀ ਲਾਭ ਦੀ 8ਵੀਂ ਕਿਸ਼ਤ ਜਾਰੀ ਕਰਨ ਮਗਰੋਂ ਆਨਲਾਈਨ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡਾ ਦੁਸ਼ਮਣ ਅਦਿੱਖ ਹੈ ਅਤੇ ਬਹਿਰੂਪੀਆ ਵੀ ਹੈ। ਦੇਸ਼ ਦੇ ਲੋਕ ਜੋ ਦਰਦ ਮਹਿਸੂਸ ਕਰ ਰਹੇ ਹਨ, ਮੈਂ ਵੀ ਉਹ ਦਰਦ ਮਹਿਸੂਸ ਕਰਦਾ ਹਾਂ। ਦੇਸ਼ ਦਾ ਪ੍ਰਧਾਨ ਸੇਵਕ ਹੋਣ ਕਾਰਨ ਮੈਂ ਤੁਹਾਡੇ ਦੁੱਖ ’ਚ ਸ਼ਰੀਕ ਹਾਂ।’ ਉਨ੍ਹਾਂ ਕਿਹਾ, ‘ਕਰੋਨਾਵਾਇਰਸ ਕਾਰਨ ਅਸੀਂ ਆਪਣੇ ਨੇੜਲੇ ਲੋਕਾਂ ਨੂੰ ਗੁਆਇਆ ਹੈ।
ਦੇਸ਼ ਦੇ ਲੋਕ ਜਿਸ ਦੁੱਖ ’ਚੋਂ ਲੰਘ ਰਹੇ ਹਨ ਮੈਂ ਉਸ ਨੂੰ ਬਰਾਬਰ ਮਹਿਸੂਸ ਕਰ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਮਹਾਮਾਰੀ ਸਦੀ ’ਚ ਆਉਣ ਵਾਲੀ ਆਫ਼ਤ ਹੈ ਤੇ ਇਹ ਹਰ ਕਦਮ ’ਤੇ ਦੁਨੀਆ ਦੀ ਪ੍ਰੀਖਿਆ ਲੈਂਦੀ ਹੈ। ਸਾਡੇ ਸਾਹਮਣੇ ਇੱਕ ਅਦਿੱਖ ਦੁਸ਼ਮਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਰੋਨਾਵਾਇਰਸ ਖ਼ਿਲਾਫ਼ ਜੰਗ ’ਚ ਸਰਕਾਰ ਹਰ ਹੀਲਾ ਵਰਤ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਤਕਲੀਫਾਂ ਘਟਾਉਣ ਲਈ ਹਰ ਵਿਭਾਗ ਦਿਨ-ਰਾਤ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਮਿਲ ਕੇ ਵੱਧ ਤੋਂ ਵੱਧ ਲੋਕਾਂ ਦੇ ਟੀਕਾਕਰਨ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਹੁਣ ਤੱਕ ਦੇਸ਼ ਭਰ ਕਰੋਨਾ ਵੈਕਸੀਨ ਦੀਆਂ 18 ਕਰੋੜ ਖੁਰਾਕਾਂ ਵੰਡੀਆਂ ਜਾ ਚੁੱਕੀਆਂ ਹਨ। ਦੇਸ਼ ਦੇ ਸਰਕਾਰੀ ਹਸਪਤਾਲਾਂ ’ਚ ਕਰੋਨਾ ਰੋਕੂ ਟੀਕੇ ਮੁਫ਼ਤ ਲਾਏ ਜਾ ਰਹੇ ਹਨ।’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵੈਕਸੀਨ ਲਈ ਖੁਦ ਨੂੰ ਰਜਿਸਟਰ ਕਰਵਾਉਣ ਦੇ ਆਪਣੀ ਵਾਰੀ ਆਉਣ ’ਤੇ ਟੀਕਾ ਜ਼ਰੂਰ ਲਗਵਾਉਣ।
ਉਨ੍ਹਾਂ ਕਿਹਾ ਕਿ ਲੋਕ ਇਸ ਮਹਾਮਾਰੀ ਤੋਂ ਬਚਣ ਲਈ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਕਰੋਨਾ ਤੋਂ ਬਚਣ ਲਈ ਅਹਿਮ ਹੈ ਅਤੇ ਇਹ ਗੰਭੀਰ ਰੂਪ ’ਚ ਬਿਮਾਰ ਹੋਣ ਦਾ ਜੋਖਮ ਘੱਟ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਦਸਤੇ ਇਨ੍ਹਾਂ ਮੁਸ਼ਕਿਲ ਸਮਿਆਂ ’ਚ ਆਕਸੀਜਨ ਸਪਲਾਈ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਰੇਲਵੇ ਵੱਲੋਂ ਵੀ ਆਕਸੀਜਨ ਐਕਸਪ੍ਰੈੱਸ ਰੇਲਾਂ ਚਲਾਈਆਂ ਜਾ ਰਹੀਆਂ ਹਨ। ਦੇਸ਼ ਦਾ ਫਾਰਮਾ ਸੈਕਟਰ ਵੱਡੇ ਪੱਧਰ ’ਤੇ ਦਵਾਈਆਂ ਦਾ ਉਤਪਾਦਨ ਤੇ ਸਪਲਾਈ ਕਰ ਰਿਹਾ ਹੈ।
ਉਨ੍ਹਾਂ ਸੂਬਿਆਂ ਨੂੰ ਦਵਾਈਆਂ ਤੇ ਮੈਡੀਕਲ ਵਸਤਾਂ ਦੀ ਕਾਲਾਬਾਜ਼ਾਰੀ ਤੇ ਜਮ੍ਹਾਂਖੋਰੀ ਰੋਕਣ ਲਈ ਸਖਤ ਕਦਮ ਚੁੱਕਣ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਜਿਹਾ ਮੁਲਕ ਨਹੀਂ ਹੈ ਜੋ ਮੁਸ਼ਕਿਲ ਵੇਲਿਆਂ ’ਚ ਉਮੀਦ ਗੁਆ ਦੇਵੇਗਾ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਮਜ਼ਬੂਤੀ ਤੇ ਦ੍ਰਿੜ੍ਹਤਾ ਨਾਲ ਦੇਸ਼ ਇਸ ਸੰਕਟ ’ਚੋਂ ਉਭਰ ਆਵੇਗਾ। ਉਨ੍ਹਾਂ ਕਰੋਨਾ ਦੇ ਪੇਂਡੂ ਖੇਤਰਾਂ ’ਚ ਫੈਲਣ ਤੋਂ ਚੌਕਸ ਕਰਦਿਆਂ ਪੰਚਾਇਤਾਂ ਨੂੰ ਆਪੋ-ਆਪਣੇ ਇਲਾਕਿਆਂ ਸਾਫ਼-ਸਫ਼ਾਈ ਰੱਖਣ ਤੇ ਜਾਗਰੂਕਤਾ ਫੈਲਾਉਣ ਲਈ ਕਿਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly