ਸੀਨੀਅਰ ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੇ ਅੱਜ ਇੱਥੇ ਇੰਡੋਨੇਸ਼ੀਆ ਮਾਸਟਰਜ਼ ਦੇ ਫਾਈਨਲ ਦੌਰਾਨ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਦੇ ਵਿੱਚੋਂ ਹੀ ਹਟਣ ਕਾਰਨ ਦੋ ਸਾਲ ਵਿੱਚ ਪਹਿਲਾ ਬੀਡਬਲਯੂਐੱਫ ਖ਼ਿਤਾਬ ਆਪਣੇ ਨਾਮ ਕੀਤਾ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਸ਼ੁਰੂਆਤੀ ਗੇਮ ਵਿੱਚ 4-10 ਨਾਲ ਪੱਛੜ ਰਹੀ ਸੀ, ਉਦੋਂ ਮਾਰਿਨ ਨੇ ਸੱਟ ਲੱਗਣ ਕਾਰਨ ਮੈਚ ਤੋਂ ਹਟਣ ਦਾ ਫ਼ੈਸਲਾ ਕੀਤਾ। ਸਾਇਨਾ ਨੇ ਪਿਛਲਾ ਬੀਡਲਬਯੂਐੱਫ ਖ਼ਿਤਾਬ 2017 ਵਿੱਚ ਮਲੇਸ਼ੀਆ ਵਿੱਚ ਜਿੱਤਿਆ ਸੀ।
ਸਾਇਨਾ ਦੇ 2016 ਰੀਓ ਓਲੰਪਿਕ ਦੌਰਾਨ ਗੋਡੇ ’ਤੇ ਸੱਟ ਲੱਗੀ ਸੀ। ਉਨ੍ਹਾਂ ਕਿਹਾ, ‘‘ਸਾਡੇ ਸਾਰਿਆਂ ਲਈ ਇਹ ਸਾਲ ਕਾਫ਼ੀ ਅਹਿਮ ਹੈ। ਇਹ ਵੇਖਣਾ ਇੰਨ੍ਹਾਂ ਚੰਗਾ ਨਹੀਂ ਸੀ। ਇਹ ਦਰਦਨਾਕ ਹੈ। ਮੈਂ ਪਿਛਲੇ ਕੁੱਝ ਸਾਲਾਂ ਵਿੱਚ ਕਾਫ਼ੀ ਵਾਰ ਜ਼ਖ਼ਮੀ ਹੁੰਦੀ ਰਹੀ ਹਾਂ ਅਤੇ ਕੋਰਟ ’ਤੇ ਇਹ ਸਭ ਦੇਖਣਾ ਬਹੁਤ ਹੀ ਪੀੜਦਾਇਕ ਹੈ।’’
ਓਲੰਪਿਕ ਚੈਂਪੀਅਨ ਮਾਰਿਨ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਸੀ। ਇਸ ਮੈਚ ਤੋਂ ਪਹਿਲਾਂ ਸਾਇਨਾ ਖ਼ਿਲਾਫ਼ ਉਸ ਦਾ ਜਿੱਤ ਦਾ ਰਿਕਾਰਡ 6-5 ਸੀ। ਪਿਛਲੇ ਹਫ਼ਤੇ ਕੁਆਲਾਲੰਪੁਰ ਵਿੱਚ ਮਲੇਸ਼ੀਆ ਮਾਸਟਰਜ਼ ਦੇ ਸੈਮੀ ਫਾਈਨਲ ਵਿੱਚ ਉਸ ਨੇ ਸਾਇਨਾ ਨੂੰ ਵੀ ਹਰਾਇਆ ਸੀ।
ਸਪੇਨ ਦੀ ਇਹ ਖਿਡਾਰਨ ਚੰਗੀ ਫਾਰਮ ਵਿੱਚ ਸੀ, ਉਸ ਨੇ ਹਮਲਾਵਰ ਬੈਡਮਿੰਟਨ ਖੇਡੀ, ਪਰ ਸੱਟ ਨੇ ਉਸ ਨੂੰ ਮੈਚ ਤੋਂ ਹਟਣ ਲਈ ਮਜ਼ਬੂਤ ਕਰ ਦਿੱਤਾ। ਜਦੋਂ ਉਹ 9-2 ਨਾਲ ਅੱਗੇ ਚੱਲ ਰਹੀ ਸੀ, ਉਹ ਕੋਰਟ ’ਤੇ ਬੁਰੀ ਤਰ੍ਹਾਂ ਡਿੱਗੀ। ਡਾਕਟਰੀ ਟਾਈਮ ਪੂਰਾ ਹੋਣ ਮਗਰੋਂ ਮਾਰਿਨ ਨੇ ਖੇਡਣਾ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਉਹ ਰੋਂਦੇ ਹੋਏ ਫਿਰ ਡਿੱਗ ਗਈ। ਉਸ ਨੇ ਮੈਚ ਦੇ ਸ਼ੁਰੂਆਤੀ ਗੇਮ ਵਿੱਚ 10-4 ਨਾਲ ਲੀਡ ਬਣਾ ਲਈ ਸੀ ਅਤੇ ਲੰਗ ਮਾਰਦੀ ਹੋਈ ਸਟੇਡੀਅਮ ਤੋਂ ਬਾਹਰ ਨਿਕਲ ਗਈ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਸਾਇਨਾ ਲਈ ਇਹ ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਰਿਹਾ, ਉਹ ਪਿਛਲੇ ਹਫ਼ਤੇ ਮਲੇਸ਼ੀਆ ਮਾਸਟਰਜ਼ ਦੇ ਸੈਮੀ ਫਾਈਨਲ ਤੱਕ ਪਹੁੰਚੀ ਸੀ। ਹੁਣ ਉਹ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਖੇਡੇਗੀ, ਜਿਸ ਵਿੱਚ ਉਹ ਅਜੇ ਤੱਕ ਖ਼ਿਤਾਬ ਆਪਣੇ ਨਾਮ ਨਹੀਂ ਕਰ ਸਕੀ ਹੈ। ਸਾਇਨਾ ਨੇ 2018 ਰਾਸ਼ਟਰਮੰਡਲ ਖੇਡਾਂ ਵਿੱਚ ਸੋਨਾ, ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਇਲਾਵਾ ਡੈੱਨਮਾਰਕ, ਇੰਡੋਨੇਸ਼ੀਆ ਮਾਸਟਰਜ਼ ਅਤੇ ਸੈਯਦ ਮੋਦੀ ਕੌਮਾਂਤਰੀ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ।
Sports ਸਾਇਨਾ ਇੰਡੋਨੇਸ਼ੀਆ ਮਾਸਟਰਜ਼ ਖ਼ਿਤਾਬ ’ਤੇ ਕਾਬਜ਼