(ਸਮਾਜ ਵੀਕਲੀ)
ਬਦਕਾਰ ਮੀਡੀਏ ਦੇ ਗਦਾੜੇ ਚੜ੍ਹੇ;
ਹੇ ਫੈਸ਼ਨਪ੍ਰਸਤ ਸਾਂਤਾ ਕਲਾਜ਼!
ਜਦੋਂ ਕਦੇ ਥੱਲੇ ਉੱਤਰੇਂਗਾ,
ਤਾਂ ਸਾਡੇ ਘਰ ਆਵੀਂ,
ਤੇ ਕਰੀਂ ਦਰਸ਼ਨ ਮੇਰੇ ਬਾਪੂ ਦੇ।
ਤੈਂਨੂੰ ਚੋਖਾ ਫਰਕ ਲੱਗੇਗਾ,
ਪ੍ਰੇਰਿਤ ਤੇ ਹੰਢਾਈ ਦਾਰਸ਼ਨਿਕਤਾ ‘ਚ।
ਤੇ ਲੱਭਣਗੀਆਂ ਤੈਂਨੂੰ,
ਸਧਾਰਨਤਾ ਦੀਆਂ ਪਰਿਭਾਸ਼ਾਵਾਂ,
ਵਿੰਗ ਤਿੜਿੰਗੀਆਂ ਝੁਰੜੀਆਂ ‘ਚੋਂ।
ਮਸਨੂਈ ਰੰਗਾਂ ਨਾਲ਼,
ਬਹੁਤੀ ਲਾਲਗੀ ਨਹੀਂ ਆਉਂਦੀ,
ਤੂੰ ਵੇਖੀਂ! ਸਾਦੇਪਨ ‘ਚ ਗੜੁੱਚ,
ਮਘਦਾ ਲਾਲ ਚਿਹਰਾ ਮੇਰੇ ਬਜ਼ੁਰਗ ਦਾ।
ਮੈਂ ਤੇਰੀ ਆਮਦ ‘ਤੇ ਤੇਲ ਚੋਵਾਂਗਾ,
ਤੇ ਤੇਰੇ ਪਿੰਡੇ ‘ਤੇ ਮਲ਼ਾਂਗਾ ਵੀ,
ਤਾਂ ਕਿ ਤੈਂਨੂੰ ਕੁਝ ਰਾਹਤ ਮਿਲ਼ੇ,
ਸਿੰਨਥੈਟਕ ਪਹਿਰਾਵੇ ਦੀ ਖੁਰਕ ਤੋਂ।
ਮੈਂਨੂੰ ਪੂਰਾ ਯਕੀਨ ਹੈ;
ਤੂੰ ਕਦੇ ਨਹੀਂ ਭੁੱਲੇਗਾਂ,
ਇੱਕ ਵਾਰ ਸਮਝਿਆ,
ਸ਼ੁੱਧ ਖੱਦਰ ਦਾ ਫਲਸਫਾ।
ਲੋਕਾਈ ਨੂੰ ਸੁਪਨਿਆਂ ‘ਚ ਤੋਹਫੇ,
ਵੰਡਣ ਤੋਂ ਵਿਹਲ ਮਿਲ਼ੇ ਤਾਂ,
ਤਾਂ ਸਾਡੀ ਦਹਿਲੀਜ਼ ਟੱਪ ਆਵੀਂ
ਤੇ ਲੈ ਲਵੀਂ ਤੋਹਫਾ;
ਸਦੀਵੀ ਆਸ਼ੀਰਵਾਦ ਦਾ;
ਤੇ ਮੁਕਤ ਹੋ ਜਾਵੀਂ,
ਗਲ਼ੀ ਮੁਹੱਲੇ ਦੇ ਸ਼ਰਾਪਿਤ ਕਠਪੁਤਲੀ ਨਾਚ ਤੋਂ।
ਬਲਦੇਵ ਕ੍ਰਿਸ਼ਨ ਸ਼ਰਮਾ