ਸਾਂਝਾ ਪਰਿਵਾਰ

ਚੀਨ ਯੁਗ ਵਿੱਚ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ,ਉਸ ਸਮੇ ਸੁਰੱਖਿਆ ਦੀ ਭਾਵਨਾ ਨਾਲ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ,ਜਿਸਨੂੰ ‘ਕਬੀਲੇ’ ਦਾ ਨਾਮ ਦਿੱਤਾ ਗਿਆ। ਸਮੇ ਦੇ ਨਾਲ ਨਾਲ ਪਰਿਵਾਰ ਵੰਡ ਹੋ ਕੇ ਦੋ ਕਮਰਿਆਂ ਤਕ ਹੀ ਸੀਮਿਤ ਹੋ ਗਏ। ਮਹਿੰਗਾਈ ਦੇ ਯੁੱਗ ਵਿੱਚ ਸਾਂਝੇ ਪਰਿਵਾਰ ਦੇ ਅਨੇਕਾਂ ਫਾਇਦੇ ਹਨ ਪਰ ਸਵਾਰਥ ਨੇ ਭਰਾ ਨੂੰ ਭਰਾ ਅਤੇ ਪੁੱਤਰ ਨੂੰ ਮਾਂ ਨਾਲੋਂ ਵੱਖ ਕਰ ਦਿੱਤਾ।ਹੁਣ ਸਮਾਂ ਆ ਗਿਆ ਹੈ ਕਿ ਇਕ ਵਾਰ ਫਿਰ ਸਾਂਝੇ ਪਰਿਵਾਰ ਵੱਲ ਮੁੜਨਾ ਪਵੇਗਾ। ਸਾਂਝੇ ਪਰਿਵਾਰ ਦੇ ਅਨੇਕ ਫਾਇਦੇ ਹਨ।
ਸਾਂਝੇ ਪਰਿਵਾਰ ਵਿਚ ਰਹਿੰਦੇ ਦੱਸ ਜਿਆ ਤੇ ਜਿਨ੍ਹਾਂ ਰਾਸ਼ਣ ਦਾ ਖਰਚ ਆਉਂਦਾ ਹੈ,ਉਸ ਤੋਂ ਡਿਓਡਾ ਖਰਚ ਵੱਖਰੇ ਵੱਖਰੇ ਰਹਿ ਰਹੇ ਜਿਆਂ ਤੇ ਆਉਂਦਾ ਹੈ।

ਸਾਂਝੇ ਪਰਿਵਾਰ ਵਿਚ ਇਕੱਠਿਆਂ ਖਾਣਾ ਖਾਣ ਨਾਲ ਪੈਸੇ ਦੀ ਬੱਚਤ ਤਾਂ ਹੁੰਦੀ ਹੀ ਹੈ ਅਤੇ ਨਾਲ ਹੀ ਇਕੱਠੀਆਂ ਭੋਜਨ ਕਰਨ ਨਾਲ ਇਕ ਦੂਜੇ ਨਾਲ ਨੇੜਤਾ ਵੀ ਬਣੀ ਰਹਿੰਦੀ ਹੈ ਅਤੇ ਇੱਕ ਦੂਜੇ ਦੇ ਦੁੱਖ ਦਰਦ ਸਮਝਣ ਦਾ ਮੌਕਾ ਵੀ ਮਿਲ ਜਾਂਦਾ ਹੈ।

ਸਾਂਝੇ ਪਰਿਵਾਰ ਵਿਚ ਅਗਰ ਕੋਈ ਜੀਅ ਬਿਮਾਰ ਪੈ ਜਾਵੇ ਜਾਂ ਕੋਈ ਮੁਸੀਬਤ ਆ ਜਾਵੇ ਤਾਂ ਸਾਰਾ ਪਰਿਵਾਰ ਉਸ ਮੁਸੀਬਤ ਵਿਚ ਉਸ ਦੇ ਨਾਲ ਖੜਦਾ ਹੈ ਅਤੇ ਰਲਮਿਲ ਕੇ ਉਸ ਸਮੱਸਿਆ ਦਾ ਹੱਲ ਕਢ ਲਿਆ ਜਾਂਦਾ ਹੈ।ਮੁਸੀਬਤ ਜਾਂ ਬਿਮਾਰੀ ਨਾਲ ਘਿਰੇ ਉਸ ਜੀਅ ਦਾ ਆਤਮਬਲ ਵੀ  ਬਣਿਆ ਰਹਿੰਦਾ ਹੈ।

ਇੱਕਲੇ ਪਰਿਵਾਰ ਵਿੱਚ ਮਨੁੱਖ ਇਕੱਲਤਾ ਦਾ ਸ਼ਿਕਾਰ ਹੋ ਕੇ ਜਿੱਥੇ ਮਾਨਸਿਕ ਰੋਗਾਂ ਅਤੇ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਜਾਂਦਾ ਹੈ, ਉਥੇ ਹੀ ਸਾਂਝੇ ਪਰਿਵਾਰ ਵਿਚ ਇਕ ਦੂਜੇ ਦਾ ਸਹਾਰਾ ਬਣਨ ਨਾਲ ਮਨੁੱਖ ਇਹਨਾਂ ਮਾਨਸਿਕ ਤ੍ਰਾਸਦੀਆਂ ਤੋਂ ਵੀ ਬਚਿਆ ਰਹਿੰਦਾ ਹੈ।

ਸਾਂਝੇ ਪਰਿਵਾਰ ਦੇ ਬੱਚਿਆਂ ਵਿਚ ਜਿੱਥੇ ਸ਼ਰੀਰਕ ਖੇਡਾਂ ਖੇਡਣ ਦੀ ਰੂਚੀ ਵਧੇਰੇ ਹੁੰਦੀ ਹੈ, ਜਿਸ ਨਾਲ ਉਹਨਾਂ ਦਾ ਸ਼ਰੀਰਕ ਬਲ ਵੀ ਵਧਦਾ ਹੈ ਅਤੇ ਮੁਕਾਬਲੇ ਦੀ ਭਾਵਨਾ ਵੀ ਪ੍ਰਬਲ ਹੁੰਦੀ ਹੈ।

ਇਕੱਠਿਆਂ ਖੇਡਣ ਅਤੇ ਇਕੱਠਿਆਂ ਬੈਠਣ ਨਾਲ ਇਕ ਦੂਜੇ ਨਾਲ ਹਮਦਰਦੀ, ਪਿਆਰ ਅਤੇ ਹਿੰਮਤ ਵਧਦੀ ਹੈ ਤੇ ਦੁੱਖ ਸੁੱਖ  ਵਿੱਚ ਇਕ ਦੂਜੇ ਦਾ ਸਾਥ ਦੇਣ ਦੀ ਇੱਛਾ ਪ੍ਰਬਲ ਹੁੰਦੀ ਹੈ । ਵਡਿਆ ਦਾ ਸਤਿਕਾਰ ਕਰਨ ਦਾ ਸਲੀਕਾ ਵੀ ਆਉਂਦਾ ਹੈ।

ਸਾਂਝਾ ਪਰਿਵਾਰ ਆਪਣੇ ਆਪ ਵਿੱਚ ਵੀ ਇੱਕ ਮਿਸਾਲ ਕਾਇਮ ਕਰਦਾ ਹੈ ਜਿਸ ਦੀ ਉਦਾਰਣ ਆਂਢ ਗੁਆਂਢ ਤੇ ਸਾਡੇ ਰਿਸ਼ਤੇਦਾਰ ਵੀ ਦਿੰਦੇ ਹਨ।

ਸਵਾਰਥ ਅਤੇ ਅਵਿਸ਼ਵਾਸ ਛੱਡ ਕੇ ਸਾਰੇ ਭੈਣ ਭਰਾ, ਚਾਚੇ ਤਾਏ, ਦਾਦਾ ਦਾਦੀ, ਚਾਚੀਆਂ ਤਾਈਆਂ ਇਕੱਠੇ ਰਹਿਣ ਤਾਂ ਸਾਂਝਾ ਪਰਿਵਾਰ ਇਕ ਫੁੱਲਾਂ ਦੀ ਕਿਆਰੀ ਵਰਗਾ ਹੋ ਜਾਂਦਾ ਹੈ ਅਜਿਹੇ ਪਰਿਵਾਰ ਸਮਾਜ ਵਿੱਚ ਅਪਣੱਤ ਦੀਆਂ ਸੁਗੰਧੀਆਂ ਫੈਲਾਉਂਦੇ ਹਨ।

ਬਲਦੇਵ ਸਿੰਘ ਬੇਦੀ
      ਜਲੰਧਰ
9041925181

Previous articleਕੋਈ ਤਰਸੇ
Next articleਭਾਰਤ ਦੇਸ਼ ਸੀ ਸੋਨੇ ਦੀ ਚਿੜੀ ਕਹਿੰਦੇ