ਸਾਂਝ

ਪ੍ਰੋਫੈਸਰ ਗੁਰਮੀਤ ਸਿੰਘ

(ਸਮਾਜ ਵੀਕਲੀ)

” ਤਾਇਆ ਜੀ ਕੁੱਝ ਦਿਨ ਹੋਰ ਰਹਿੰਦੇ” ਨਿੰਮੋ ਨੇ ਤਾਇਆ ਜੀ ਨੂੰ ਕਿਹਾ।

” ਪੁੱਤ ਕਿੱਥੇ ਰਿਹਾ ਜਾਂਦਾ, ਘਰ ਵੀ ਨਿੱਕੇ-ਨਿੱਕੇ ਬੱਚੇ ਉਡੀਕਦੇ ਹੋਣਗੇ” ਤਾਏ ਜਾਗਰ ਨੇ ਮਨ ਨੂੰ ਧਰਵਾਸ ਜਿਹਾ ਦਿੰਦੇ ਹੋਏ ਆਪਣੀ ਭੀਤੀਜੀ ਨਿੰਮੋ ਨੂੰ ਕਿਹਾ।

ਜਾਗਰ ਦੇ ਤਿੰਨ ਪੁੱਤ ਹਨ ਜੋ ਵਿਆਹੇ ਹੋਏ ਹਨ ਪਰ ਤਿੰਨੋ ਅੱਡੋ ਅੱਡ ਰਹਿੰਦੇ ਹਨ, ਜਾਗਰ ਦੀ ਪਤਨੀ ਵੀ ਮਰ ਚੁੱਕੀ ਸੀ। ਜਾਗਰ ਜਿਸ ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਚੱਲਦਾ ਹੈ ਹਰ ਦੋ ਤਿੰਨ ਮਹੀਨੇ ਬਾਅਦ ਦਵਾਈ ਲੈਣ ਆਉਣਾ ਪੈਂਦਾ ਪਰ ਇਸ ਵਾਰ ਡਾਕਟਰ ਸਾਹਿਬ ਨੇ ਟੈਸਟ ਕਰਵਾਉਣ ਲਈ ਕਿਹਾ ਤੇ ਤਿੰਨ ਦਿਨ ਰੁਕ ਕੇ ਆਉਣ ਲਈ ਕਿਹਾ।

ਜਾਗਰ ਸੋਚੀਂ ਪੈ ਗਿਆ ਕਿ ਤਿੰਨ ਦਿਨਾਂ ਬਾਅਦ ਪਿੰਡੋਂ ਫਿਰ ਆਉਣਾ ਪਵੇਗਾ, ਫਿਰ ਉਸ ਚੇਤੇ ਆਇਆ ਕਿ ਉਸ ਦੀ ਭਤੀਜੀ ਨਿੰਮੋ ਵੀ ਚੰਡੀਗੜ੍ਹ ਰਹਿੰਦੀ ਹੈ, ਜੋ ਕਿਸੇ ਕੰਪਨੀ ਚ ਨੌਕਰੀ ਕਰਦੀ ਹੈ।ਜਾਗਰ ਨੇ ਨਿੰਮੋ ਨੂੰ ਫੋਨ ਕੀਤਾ।

” ਪੁੱਤ ਨਿੰਮੋ ”

” ਹਾਂ ਜੀ ਤਾਇਆ ਜੀ”

” ਘਰ ਹੋ ਜਾਂ ਡਿਊਟੀ ਤੇ ਗੲੇ ਹੋ”

” ਹਾਂ ਜੀ ਤਾਇਆ ਜੀ ਡਿਊਟੀ ਤੇ ਹਾਂ,  ਦੱਸੋ ਕਿਵੇਂ ਸੀ ?”

” ਕੁੱਝ ਨੀ ਪੁੱਤ ਮੈਂ ਚੰਡੀਗੜ੍ਹ ਆਇਆ ਹੋਇਆ ਸੀ ਦਵਾਈ ਲੈਣ, ਡਾਕਟਰ ਸਾਹਿਬ ਕਹਿੰਦੇ ਪਰਸੋਂ ਫਿਰ ਆਉਣਾ……..”

” ਕੋਈ ਗੱਲ ਨੀ ਤਾਇਆ ਤੁਸੀਂ ਘਰ ਆ ਜਾਵੋ, ਬੱਚੇ ਘਰ ਹੀ ਨੇ, ਮੈਂ ਸ਼ਾਮ ਤੱਕ ਆ ਜਾਵਾਂਗੀ ”

” ਚੰਗਾ ਪੁੱਤ ਆਉਣਾ ਫਿਰ ਮੈਂ ”

ਜਾਗਰ ਜਦ ਘਰ ਪਹੁੰਚਿਆ ਤਾਂ ਕੰਮ ਵਾਲੀ ਅੰਟੀ ਜਾਗਰ ਦੇ ਪੱਗ ਬੰਨ੍ਹੀ ਵੇਖ ਸਤਿ ਸ੍ਰੀ ਆਕਾਲ ਬੁਲਾਈ ਤੇ ਅੰਦਰ ਆਉਣ ਲਈ ਕਿਹਾ, ਘਰ ਵਿੱਚ ਦੋ ਬੱਚੇ ਬਜੁਰਗ ਜਾਗਰ ਨੂੰ ਵੇਖ ਘਬਰਾ ਗੲੇ ਤੇ ਕੁੱਝ ਸਮਾਂ ਕੁੱਝ ਸਮਝ ਹੀ ਨਾ ਸਕੇ ਇਹ ਕੌਣ ਹੈ ਬਾਬਾ ਜੀ !

ਕੰਮ ਵਾਲੀ ਅੰਟੀ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਤੁਹਾਡੇ ਨਾਨਾ ਜੀ ਨੇ , ਤੁਹਾਡੇ ਮੰਮੀ ਜੀ ਦੇ ਚਾਚਾ ਜੀ, ਚੱਲੋ ਨਮਸਤੇ ਕਰੋ ਬੇਟਾ
” ਨਮਸਤੇ ਨਾਨਾ ਜੀ ……” ਬੱਚੇ ਨਮਸਤੇ ਕਹਿ ਆਪਣੇ ਕਮਰੇ ਦਾ ਟੈਲੀਵਿਜ਼ਨ ਵੇਖਣਾ ਲੱਗੇ।

” ਸਰਦਾਰ ਜੀ, ਖਾਣਾ ਖਾਵੋਂਗੇ ਕਿ ਪਹਿਲਾਂ ਚਾਹ ਲੈਕੇ ਆਂਵਾਂ ਜੀ ” ਜਾਗਰ ਨੂੰ ਪਾਣੀ ਦਾ ਗਲਾਸ ਫੜਾਉਂਦਿਆਂ ਅਨੀਤਾ ਬੋਲੀ ।

” ਬੱਸ ਪੁੱਤ ਕੁੱਝ ਨੀ ਖਾਣਾ ਮੈਂ ” ਜਾਗਰ ਨੇ ਲਿਫਾਫੇ ਵਿੱਚੋਂ ਦਵਾਈ ਕੱਢ ਇੱਕ ਗੋਲੀ ਪਾਣੀ ਨਾਲ ਲੈਂਦਿਆਂ ਕਿਹਾ।

” ਤੁਸੀਂ ਅਰਾਮ ਕਰੋ, ਮੈਂ ਚਾਹ ਲੈਕੇ ਆਉਂਦੀ ਹਾਂ ”

” ਪੁੱਤ ਫਿੱਕੀ ਚਾਹ ਬਣਾਉਣਾ ”

ਚਾਹ ਪਾਣੀ ਪੀਣ ਤੇ ਅਰਾਮ ਕਰਦਿਆਂ ਨੂੰ ਦੋ ਤਿੰਨ ਘੰਟੇ ਲੰਘ ਗਏ , ਬੱਚੇ ਵੀ ਟਿਊਸ਼ਨ ਜਾ ਮੁੜ ਆਏ ,  ਉਹਨਾਂ ਨੂੰ  ਆਪਣੇ ਕਮਰੇ ਵਿੱਚ ਖੇਡਦਿਆਂ ਵੇਖ ਜਾਗਰ ਵੀ ਉਹਨਾਂ ਕੋਲ ਚਲਾ ਗਿਆ । ਦੋ ਬੱਚੇ ਜਿਨ੍ਹਾਂ ਵਿੱਚੋਂ ਇਕ ਲੜਕੀ ਜੋ ਲਗਭਗ 10ਸਾਲ ਦੀ ਹੈ ਜਿਸ ਦਾ ਨਾਮ ਸੀਨੂੰ ਅਤੇ ਲੜਕਾ ਜਿਸ ਦੀ ਉਮਰ ਲਗਭਗ 6-7 ਹੈ ਉਸ ਦਾ ਨਾਮ ਮਨੂੰ ਹੈ।

” ਪੁੱਤ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ? ”

” ਮੈਂ ਫੌਰਥ ਚ ਹਾਂ ” ਸੀਨੂੰ ਨੇ ਜਵਾਬ ਦਿੱਤਾ।

” ਤੁਸੀਂ ਨਾਨਾ ਜੀ ਇੱਕਲੇ ਹੀ ਆਏ ਹੋ ਐਨੀ ਦੂਰ ”

ਜਾਗਰ ਗੱਲ ਸੁਣ ਸੋਚੀਂ ਪੈ ਗਿਆ ਫਿਰ ਬੋਲਿਆ ” ਹਾਂ ਪੁੱਤ ਮੈਂ ਇੱਕਲਾ ਹੀਂ ਆਇਆ ਹਾਂ ”

” ਘਰ ਕੋਈ ਹੋਰ ਨਹੀਂ ਸੀ ” ਮਨੂੰ ਨੇ ਵੀ ਸਵਾਲ ਕੀਤਾ।

ਜਾਗਰ ਫਿਰ ਸੋਚੀਂ ਪੈ ਗਿਆ ਕਿ ਨਿੱਕੇ-ਨਿੱਕੇ ਬੱਚਿਆਂ ਨੂੰ ਕਿੰਨੀ ਸਮਝ ਹੈ ਜੋ ਇੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਹਨ।

” ਪੁੱਤ ਨਹੀ ਘਰ ਸਭ ਹਨ, ਤੁਹਾਡੇ ਤਿੰਨ ਮਾਮੇ, ਮਾਮੀਆਂ, ਬੱਚੇ ਸਭ ਨੇ, ਸਾਰੇ ਆਪਣੇ ਆਪਣੇ ਕੰਮਾਂ-ਕਾਰਾਂ  ਵਿੱਚ ਰੁੱਝੇ ਹੋਣ ਕਰਕੇ ਨਹੀਂ ਆ ਸਕੇ ” ਜਾਗਰ ਨੇ ਬੱਚਿਆਂ ਦੀ ਗੱਲ ਦਾ ਜਵਾਬ ਤਾਂ ਦੇ ਦਿੱਤਾ ਪਰ ਉਹ ਜਵਾਬ ਵਿਚਲੇ ਝੂਠ ਨੂੰ ਬੋਲਣ ਲੱਗੇ ਕਿਵੇਂ ਦਿਲ ਤੇ ਪੱਥਰ ਰੱਖਿਆ।

ਅਸਲ ਵਿੱਚ ਜਾਗਰ ਦੇ ਤਿੰਨੋਂ ਪੁੱਤ ਵੱਖ-ਵੱਖ ਹੋਣ ਕਰਕੇ ਕੋਈ ਵੀ ਉਸ ਦੀ ਦਵਾਈ ਬੂਟੀ ਦਾ ਖਰਚ ਚੁੱਕਣ ਤੇ ਸਾਂਭ ਸੰਭਾਲ ਤੋਂ ਦੂਰ ਹੀ ਹਨ ।

” ਸਾਡੇ ਮੰਮੀ ਪਾਪਾ ਤਾਂ ਹਰ ਥਾਂ ਸਾਡੇ ਨਾਲ ਹੀ ਜਾਂਦੇ ਹਨ, ਕਦੇ ਕਿਤੇ ਇੱਕਲੇ ਨਹੀਂ ਭੇਜਦੇ ਤੇ ਨਾ ਹੀ ਕਦੇ  ਰਾਤ ਨੂੰ ਇੱਕਲਿਆਂ ਛੱਡਦੇ ਹਨ ” ਤੋਤਲੀ ਜਿਹੀ ਆਵਾਜ਼ ਵਿੱਚ ਸੀਨੂੰ ਨੇ ਜਵਾਬ ਦਿੱਤਾ।

” ਪੁੱਤ ਜੀ, ਮਾਪੇ ਤਾਂ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਹਨ, ਪਰ ਬੱਚੇ ਵੱਡੇ ਹੋ ਕੇ ਮਾਪਿਆਂ ਨੂੰ ਭੁੱਲ ਜਾਂਦੇ ਹਨ……….”

” ਨਹੀਂ ਨਾਨਾ ਜੀ, ਸਾਡੇ ਮੰਮੀ ਡੈਡੀ ਨੇ ਤਾਂ ਸਾਡੇ ਦਾਦਾ ਦਾਦੀ ਦਾ ਬਹੁਤ ਖਿਆਲ ਰੱਖਿਆ, ਉਹਨਾਂ ਕਰਕੇ ਮੰਮੀ ਨੇ ਨੌਕਰੀ ਵੀ ਛੱਡ ਦਿੱਤੀ ਸੀ, ਹੁਣ ਉਹਨਾਂ ਦੀ ਮਰਨ ਤੋਂ ਬਾਅਦ ਹੀ ਨੌਕਰੀ ਕਰਨ ਲੱਗੇ ਹਨ” ਜਾਗਰ ਦੀ ਗੱਲ ਕੱਟਦੇ ਹੋਏ ਮੰਨੂੰ ਨੇ ਆਪਣੀ ਗੱਲ ਕਹੀ।

ਜਾਗਰ ਇਹ ਸਭ ਗੱਲਾਂ ਸੁਣ ਬਹੁਤ ਹੈਰਾਨ ਹੋਇਆ ਕਿ ਨਿੱਕੇ-ਨਿੱਕੇ ਬੱਚਿਆਂ ਨੂੰ ਕਿਵੇਂ ਚੰਗੇ ਸੰਸਕਾਰ ਦਿੱਤੇ ਨੇ, ਜਾਗਰ ਨੇ ਬੱਚਿਆਂ ਦੇ ਮਨ ਨੂੰ ਬਦਲਣ ਲਈ ਕਿਹਾ ” ਚੱਲੋ ਪੁੱਤ ਛੱਡੋ ਇਹਨਾਂ ਗੱਲਾਂ ਨੂੰ ਤਹਾਨੂੰ ਮੈਂ ਸਾਡੀਆਂ ਪੇਂਡੂ ਖੇਡਾਂ ਬਾਰੇ ਦੱਸਦਾਂ ਹਾਂ” ਜਾਗਰ ਉਹਨਾਂ ਬੱਚਿਆਂ ਨਾਲ ਖੇਡ ਖੇਡ ਵਿੱਚ ਬਹੁਤ ਰਲਮਿਲ ਜਾਂਦਾ ਹੈ, ਇਹ ਸਿਲਸਿਲਾ ਲਗਾਤਾਰ ਦੋ ਦਿਨ ਜਾਰੀ ਰਿਹਾ।

ਜਾਗਰ ਬੱਚਿਆਂ ਨਾਲ ਕੁਲ ਕੁ ਪਲਾਂ ਚ ਐਨਾ  ਘੁੱਲ ਮਿਲ ਗਿਆ ਉਸ ਨੂੰ ਆਪਣਾ ਸਾਰਾ ਦੁਖ ਦਰਦ ਭੁੱਲ ਗਿਆ ।

ਸ਼ਾਮ ਨੂੰ ਨਿੰਮੋ ਤੇ ਉਸ ਦਾ ਪਤੀ ਅਕਸਰ ਹੀ ਕੰਮ ਤੋਂ ਲੇਟ ਹੀ ਆਉਂਣ ਕਰਕੇ ਬੱਚਿਆਂ ਨੂੰ ਸਿਰਫ ਐਤਵਾਰ ਜਾਂ ਛੁੱਟੀ ਵਾਲੇ ਦਿਨ ਹੀ ਘੁੰਮਾਉਂਦੇ ਸਨ ਬਾਕੀ ਦਿਨ ਬੱਚੇ ਘਰ ਹੀ ਰਹਿਣ ਕਰਕੇ ਸੁਸਤ ਤੇ ਉਦਾਸ ਹੀ  ਰਹਿੰਦੇ ਸਨ, ਜਦੋਂ ਸ਼ਾਮ ਨੂੰ ਘਰ ਆ ਨਿੰਮੋ ਨੇ ਜਾਗਰ ਨਾਲ ਖੇਡਦੇ ਬੱਚਿਆਂ ਦੇ ਚਿਹਰੇ ਤੇ ਇੱਕ ਵੱਖਰੀ ਹੀ ਖੁਸ਼ੀ ਮਹਿਸੂਸ ਕੀਤੀ । ਉਸ ਨੂੰ ਜਾਗਰ ਦੇ ਬੋਲ ਤੇ ਚਿਹਰੇ ਤੇ  ਰੋਣਕ ਨਜ਼ਰ ਆਈ। ਪਤਾ ਹੀ ਨਾ ਲੱਗਾ ਕਿਵੇਂ ਦੋ-ਤਿੰਨ ਗੁਜ਼ਰ ਗਏ ।

ਆਪਣਿਆਂ ਨਾਲ ਰਲਮਿਲ ਬਹਿਣ-ਰਹਿਣ , ਖੇਡਣ-ਹੱਸਣ ਕਰਕੇ ਨਿੰਮੋ ਤੇ ਉਸ ਦੇ ਪਤੀ ਨੇ ਆਪਣੇ ਬੱਚਿਆਂ ਦੇ ਵਿੱਚ ਸਵੈ ਵਿਸ਼ਵਾਸ਼ ਦੀ ਝਲਕ ਵੇਖੀ , ਇਹ ਸਭ ਕੁੱਝ ਬੱਚਿਆਂ ਦੀ ਆਪਣੇ ਨਾਨੇ ਜਾਗਰ ਨਾਲ ਪਾਈ ਹੋਈ ਸਾਂਝ ਕਰਕੇ ਹੀ ਸੰਭਵ ਹੋਇਆ। ਹੁਣ ਟੁੱਟ ਰਹੀਆਂ ਪਰਿਵਾਰਕ ਸਾਂਝਾਂ ਹੀ ਸਾਡੀਆਂ ਚਿੰਤਾਵਾਂ ਚ ਵਾਧਾ ਕਰ ਰਹੀਆਂ ਹਨ ।
ਅੱਜ ਕੱਲ ਇਨਸਾਨ ਇਨਸਾਨਿਅਤ ਤੋਂ ਦੂਰ ਹੁੰਦਾ ਜਾ ਰਿਹਾ ।

” ਚੰਗਾ ਪੁੱਤ ਨਿੰਮੋ , ਮੈਂ ਚੱਲਦਾ ਹਾਂ , ਡਾਕਟਰ ਸਾਹਿਬ ਨੇ ਇਕ ਮਹੀਨੇ ਦੀ ਦਵਾਈ ਦੇ ਦਿੱਤੀ, ਕਹਿੰਦੇ ਹੁਣ ਤੂੰ ਠੀਕ ਹੈ ” ਜਾਗਰ ਨੇ ਆਪਣਾ ਦਵਾਈਆਂ ਵਾਲਾ ਲਿਫ਼ਾਫ਼ਾ ਚੁੱਕਦਿਆਂ ਨਿੰਮੋ ਨੂੰ ਕਿਹਾ।

” ਤਾਇਆ ਜੀ, ਤੁਹਾਡੇ ਆਉਣ ਨਾਲ ਤਾਂ ਸਾਡੇ ਘਰ ਰੌਣਕ ਹੀ ਲੱਗ ਗਈ ਸੀ, ਨਾਲੇ ਬੱਚੇ ਵੀ ਰੱਜ ਹੱਸ ਖੇਡ ਲੲੇ, ਕੁੱਝ ਦਿਨ ਹੋਰ ਰਹਿੰਦੇ ਤੁਸੀਂ ” ਨਿੰਮੋ ਨੇ ਤਾਏ ਜਾਗਰ ਨੂੰ ਕਿਹਾ।

” ਜੇ ਪੁੱਤ ਦਾਣਾ ਪਾਣੀ ਲਿਖਿਆ ਹੋਇਆ ਤੇਰੇ ਘਰ ਦਾ ਤਾਂ ਫਿਰ ਆ ਜ਼ਰੂਰ ਆ ਜਾਵਾਂਗੇ, ਘਰ ਵੀ ਨਿੱਕੇ-ਨਿੱਕੇ ਲਾਲ ਉਡੀਕਦੇ ਹੋਣਗੇ ” ਜਾਗਰ ਨੇ ਨਿੰਮੋ ਨੁ ਜਵਾਬ ਦਿੰਦਿਆਂ ਇਹ ਮਹਿਸੂਸ ਕੀਤਾ ਕਿ ਮੇਰੇ ਤਿੰਨ ਪੁੱਤਾਂ ਨਾਲੋਂ ਜੇ ਤਿੰਨ ਧੀਆਂ ਹੁੰਦੀਆਂ ਤਾਂ ਉਹ ਵੀ ਨਿੰਮੋ ਦੀ ਤਰ੍ਹਾਂ ਪਿਓ-ਧੀ ਦੀ ਸਾਂਝ ਪਗਾਉਦੀਆਂ ।

ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100

Previous article‘ਪੈਰ’ ਏਨਾ ਅਪਵਿੱਤਰ ਅੰਗ ਕਿਉਂ ?
Next articleਸਿੰਘੂ ਬਾਰਡਰ ਤੋਂ ਸ਼ਿਮਲਾ ਆਏ ਪੰਜਾਬ ਦੇ ਤਿੰਨ ਕਿਸਾਨ ਪੁਲੀਸ ਨੇ ਹਿਰਾਸਤ ’ਚ ਲਏ