ਸ਼ੀ੍ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਸਮਾਗਮ 6 ਨੂੰ
ਸ਼ਹੀਦਾਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ – ਬਿਹਾਰੀ ਲਾਲ ਸੱਦੀ
ਸਮਾਜ ਵੀਕਲੀ ਯੂ ਕੇ-
ਸਮਰਾਲਾ/ਬਲਬੀਰ ਸਿੰਘ ਬੱਬੀ- ਵੱਖ ਵੱਖ ਸਮਾਜਸੇਵੀ, ਧਾਰਮਿਕ ਤੇ ਸਾਹਿਤਕ ਸੰਸਥਾਵਾਂ ਜਿਨ੍ਹਾਂ ਵਿੱਚ ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:), ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਨਿਰਮਾਣ ਮਜ਼ਦੂਰ ਸਭਾ ਸਮਰਾਲਾ ਦੀ ਇੱਕ ਸਾਂਝੀ ਇਕੱਤਰਤਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਦਫਤਰ ‘ਬਾਗੀ ਭਵਨ’ ਸਮਰਾਲਾ ਵਿਖੇ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸਪਾਲ ਸਿੰਘ ਅਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸ਼ਹੀਦਾਂ ਦੇ ਸਰਤਾਜ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜ੍ਹਾ ਸਾਂਝੇ ਤੌਰ ਤੇ 6 ਦਸੰਬਰ ਦਿਨ ਸ਼ੁੱਕਰਵਾਰ ਨੂੰ ਫਰੰਟ ਦੇ ਦਫਤਰ ‘ਬਾਗੀ ਭਵਨ’ ਵਿਖੇ ਸਵੇਰੇ 10:30 ਵਜੇ ਮਨਾਇਆ ਜਾਵੇਗਾ। ਜਿਸ ਦੌਰਾਨ ਨੌਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਕੇ ਵੱਖ ਵੱਖ ਬੁਲਾਰਿਆਂ ਵੱਲੋਂ ਸੰਬੋਧਿਤ ਕੀਤਾ ਜਾਵੇਗਾ। ।
ਮੀਟਿੰਗ ਨੂੰ ਬਿਹਾਰੀ ਲਾਲ ਸੱਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਵੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੀ ਰੱਖਿਆ ਲਈ ਆਪਣਾ ਸੀਸ ਦੇ ਦਿੱਤਾ ਸੀ, ਉਸ ਸਬੰਧੀ ਬ੍ਰਾਹਮਣ ਸਭਾ ਪੰਜਾਬ ਕਈ ਵਾਰ ‘ਰਿਣ ਉਤਾਰ ਯਤਨ ਯਾਤਰਾ’ ਦਾ ਆਯੋਜਨ ਕਰ ਚੁੱਕੀ ਹੈ, ਪ੍ਰੰਤੂ ਗੁਰੂ ਜੀ ਵੱਲੋਂ ਦਿੱਤੀ ਕੁਰਬਾਨੀ ਦਾ ਰਿਣ ਕਦੇ ਨਹੀਂ ਉਤਾਰਿਆ ਜਾ ਸਕਦਾ। ਜੋ ਕੌਮਾਂ ਆਪਣੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ, ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਕੌਮਾਂ ਦਾ ਪਤਨ ਹੋਣਾ ਲਾਜ਼ਮੀ ਹੈ। ਉਨ੍ਹਾਂ ਸਮਰਾਲਾ ਇਲਾਕੇ ਦੇ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਅਮਰਜੀਤ ਸਿੰਘ ਬਾਲਿਓਂ ਪ੍ਰਧਾਨ, ਨਿਰਮਲ ਸਿੰਘ ਹਰਬੰਸਪੁਰਾ, ਸ਼ਵਿੰਦਰ ਸਿੰਘ, ਰਘਵੀਰ ਸਿੰਘ ਕੁੱਬੇ, ਕਰਨੈਲ ਸਿੰਘ ਕੋਟਾਲਾ, ਪ੍ਰੇਮ ਨਾਥ ਸਮਰਾਲਾ ਆਦਿ ਤੋਂ ਇਲਾਵਾ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।