ਨਕੋਦਰ(ਵਰਮਾ)- ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਵਲੋਂ ਸਾਂਝੇ ਤੌਰ ਤੇ ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਔਨਲਾਈਨ ਸੈਮੀਨਾਰ ਤੇ ਸੰਗੀਤ ਦਰਬਾਰ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦੇਂਦਿਆਂ ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ: ਜਸਵੀਰ ਸਿੰਘ ਸ਼ਾਇਰ ਨੇ ਦੱਸਿਆ ਕਿ 6 ਮਈ ਸ਼ਾਮ 6 ਵਜੇ ਸ਼ਿਵ ਕੁਮਾਰ ਯਾਦਗਾਰੀ ਸਮਾਗਮ ਦਾ ਉਦਘਾਟਨੀ ਭਾਸ਼ਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਦੇਣਗੇ।
ਮੁੱਖ ਬੁਲਾਰੇ ਵਜੋਂ ਡਾ: ਨਰੇਸ਼ ਕੁਮਾਰ ਸਹਾਇਕ ਪ੍ਰੋਫੈਸਰ ਪੰਜਾਬੀ ਤੇ ਡੋਗਰੀ ਵਿਭਾਗ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਸ਼ਿਵ ਕੁਮਾਰ ਦੇ ਜੀਵਨ ਤੇ ਰਚਨਾ ਬਾਰੇ ਸੰਬੋਧਨ ਕਰਨਗੇ ਜਦ ਕਿ ਮਾਨਸਾ ਵੱਸਦੇ ਲੋਕ ਸੰਗੀਤ ਸੰਭਾਲਕਾਰ ਅਸ਼ੋਕ ਬਾਂਸਲ ਸ਼ਿਵ ਕੁਮਾਰ ਬਟਾਲਵੀ ਦੇ ਰੀਕਾਰਡ ਹੋਏ ਗੀਤਾਂ ਸਬੰਧੀ ਜਾਣਕਾਰੀ ਦੇਣਗੇ।
ਉੱਘੇ ਲੋਕ ਗਾਇਕ ਜਸਬੀਰ ਜੱਸੀ ਗੁਰਦਾਸਪੁਰੀ ਤੇ ਹੋਰ ਕਲਾਕਾਰ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਦਾ ਗਾਇਨ ਕਰਨਗੇ।
ਸਮਾਗਮ ਦੀ ਪ੍ਰਧਾਨਗੀ ਡਾ: ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ।